ਪੇਪਰ ਲੀਕ ਮਾਮਲਾ: ਹਰਜੋਤ ਬੈਂਸ ਦੇ ਅਸਤੀਫ਼ੇ ਦੀ ਮੰਗ ਨੂੰ ਲੈ ਕੇ ਯੂਥ ਕਾਂਗਰਸ ਨੇ ਘੇਰਿਆ ਡੀ. ਸੀ. ਦਫ਼ਤਰ

Tuesday, Aug 18, 2026 - 08:59 AM (IST)

ਪੇਪਰ ਲੀਕ ਮਾਮਲਾ: ਹਰਜੋਤ ਬੈਂਸ ਦੇ ਅਸਤੀਫ਼ੇ ਦੀ ਮੰਗ ਨੂੰ ਲੈ ਕੇ ਯੂਥ ਕਾਂਗਰਸ ਨੇ ਘੇਰਿਆ ਡੀ. ਸੀ. ਦਫ਼ਤਰ

ਜਲੰਧਰ (ਚੋਪੜਾ) : ਪੰਜਾਬ ਯੂਥ ਕਾਂਗਰਸ ਵੱਲੋਂ ਸੂਬੇ ਵਿਚ ਭਰਤੀ ਪ੍ਰੀਖਿਆਵਾਂ ਵਿਚ ਕਥਿਤ ਬੇਨਿਯਮੀਆਂ, ਪੇਪਰ ਲੀਕ ਅਤੇ ਪ੍ਰੀਖਿਆ ਵਿਵਸਥਾ ਵਿਚ ਲਗਾਤਾਰ ਸਾਹਮਣੇ ਆ ਰਹੀਆਂ ਖਾਮੀਆਂ ਦੇ ਵਿਰੋਧ ਵਿਚ ਅੱਜ ਡਿਪਟੀ ਕਮਸ਼ਨਰ ਦਫਤਰ ਸਾਹਮਣੇ ਜ਼ੋਰਦਾਰ ਪ੍ਰਦਰਸ਼ਨ ਕੀਤਾ ਗਿਆ। ਪ੍ਰਦਰਸ਼ਨਕਾਰੀਆਂ ਨੇ ਆਮ ਆਦਮੀ ਪਾਰਟੀ ਦੀ ਸਰਕਾਰ ਖ਼ਿਲਾਫ਼ ਨਾਅਰੇਬਾਜ਼ੀ ਕਰਦੇ ਹੋਏ ਸੂਬੇ ਦੇ ਲੱਖਾਂ ਵਿਦਿਆਰਥੀਆਂ ਅਤੇ ਨੌਕਰੀ ਦੇ ਇੱਛੁਕ ਨੌਜਵਾਨਾਂ ਦੇ ਭਵਿੱਖ ਨਾਲ ਖਿਲਵਾੜ ਕਰਨ ਦਾ ਦੋਸ਼ ਲਾਇਆ। ਇਸ ਦੌਰਾਨ ਕੈਬਨਿਟ ਮੰਤਰੀ ਹਰਜੋਤ ਬੈਂਸ ਦੇ ਤੁਰੰਤ ਅਸਤੀਫੇ ਦੀ ਮੰਗ ਨੂੰ ਲੈ ਕੇ ਏ. ਡੀ. ਸੀ. ਸ਼ੁਭੀ ਆਂਗਰਾ ਨੂੰ ਮੰਗ-ਪੱਤਰ ਵੀ ਦਿੱਤਾ ਗਿਆ।

ਧਰਨੇ ਨੂੰ ਸੰਬੋਧਨ ਕਰਦੇ ਹੋਏ ਪੰਜਾਬ ਯੂਥ ਕਾਂਗਰਸ ਦੇ ਪ੍ਰਧਾਨ ਸ਼ੁਭਮ ਸ਼ਰਮਾ ਸ਼ੁਭੀ ਨੇ ਕਿਹਾ ਕਿ ਸੂਬੇ ਦੀ ਸਿੱਖਿਆ ਅਤੇ ਭਰਤੀ ਵਿਵਸਥਾ ਗੰਭੀਰ ਸੰਕਟ ਵਿਚੋਂ ਲੰਘ ਰਹੀ ਹੈ। ਉਨ੍ਹਾਂ ਕਿਹਾ ਕਿ ਨੌਜਵਾਨ ਸਾਲਾਂ ਤਕ ਮਿਹਨਤ ਅਤੇ ਤਿਆਰੀ ਕਰਨ ਦੇ ਬਾਅਦ ਪ੍ਰੀਖਿਆਵਾਂ ਦਿੰਦੇ ਹਨ ਪਰ ਪੇਪਰ ਲੀਕ ਅਤੇ ਪ੍ਰੀਖਿਆ ਸਬੰਧੀ ਵਿਵਾਦਾਂ ਕਾਰਨ ਉਨ੍ਹਾਂ ਦੀ ਮਿਹਨਤ ’ਤੇ ਪਾਣੀ ਫਿਰ ਜਾਂਦਾ ਹੈ। ਉਨ੍ਹਾਂ ਕਿਹਾ ਕਿ ਅਜਿਹੀ ਸਥਿਤੀ ਲਈ ਸਿਆਸਤ ਅਤੇ ਪ੍ਰਸ਼ਾਸਨਿਕ ਜ਼ਿੰਮੇਵਾਰੀ ਤੈਅ ਹੋਣੀ ਚਾਹੀਦੀ ਹੈ। ਸ਼ੁਭਮ ਸ਼ਰਮਾ ਨੇ ਕਿਹਾ ਕਿ ਮੌਜੂਦਾ ਸਰਕਾਰ ਦੇ ਕਾਰਜਕਾਲ ਵਿਚ ਪੀ. ਪੀ. ਐੱਸ. ਸੀ. ਨਾਇਬ ਤਹਿਸੀਲਦਾਰ ਪ੍ਰੀਖਿਆ, ਪੀ. ਐੱਸ. ਟੀ. ਈ. ਟੀ. ਪੇਪਰ-2, ਪੀ. ਐੱਸ. ਈ. ਬੀ. 12ਵੀਂ ਜਮਾਤ ਅੰਗਰੇਜ਼ੀ ਪ੍ਰੀਖਿਆ, ਖੇਤੀਬਾੜੀ ਵਿਕਾਸ ਅਫ਼ਸਰ (ਏ. ਡੀ. ਓ.) ਭਰਤੀ, ਪੀ. ਐੱਸ. ਐੱਸ. ਐੱਸ. ਬੀ. ਗਰੁੱਪ-ਬੀ ਪ੍ਰੀਖਿਆ ਅਤੇ ਫਾਰਮਾਸਿਸਟ ਅਫ਼ਸਰ ਭਰਤੀ ਸਮੇਤ ਕਈ ਪ੍ਰੀਖਿਆਵਾਂ ਨੂੰ ਲੈ ਕੇ ਸਵਾਲ ਉੱਠੇ ਹਨ। ਸ਼ੁਭਮ ਸ਼ਰਮਾ ਨੇ ਸਿੱਖਿਆ ਮੰਤਰੀ ਦੇ ਅਸਤੀਫ਼ੇ ਤੋਂ ਇਲਾਵਾ ਵਿਵਾਦਿਤ ਪ੍ਰੀਖਿਆਵਾਂ ਦੀ ਨਿਆਇਕ ਛਾਣਬੀਣ, ਦੋਸ਼ੀਆਂ ’ਤੇ ਕਾਨੂੰਨੀ ਕਾਰਵਾਈ, ਪ੍ਰਭਾਵਿਤ ਉਮੀਦਵਾਰਾਂ ਨੂੰ ਰਾਹਤ ਤੇ ਉਮਰ ਹੱਦ ਵਿਚ ਛੋਟ, ਨਿਰਪੱਖ ਮੁੜ ਪ੍ਰੀਖਿਆਵਾਂ ਕਰਵਾਉਣ ਅਤੇ ਭਰਤੀ ਪ੍ਰਕਿਰਿਆ ’ਤੇ ਵੇਰਵੇ ਸਹਿਤ ਵ੍ਹਾਈਟ ਪੇਪਰ ਜਾਰੀ ਕਰਨ ਦੀ ਮੰਗ ਵੀ ਕੀਤੀ।

ਇਹ ਵੀ ਪੜ੍ਹੋ : ਲੁਧਿਆਣਾ 'ਚ 9ਵੀਂ ਜਮਾਤ ਦੀ ਵਿਦਿਆਰਥਣ 7 ਦਿਨਾਂ ਤੋਂ 'ਲਾਪਤਾ'! ਵੀਡੀਓ ਵੇਖ ਮਾਪਿਆਂ ਦੇ ਉੱਡੇ ਹੋਸ਼

ਪੰਜਾਬ ਯੂਥ ਕਾਂਗਰਸ ਦੇ ਜਨਰਲ ਸਕੱਤਰ ਦੀਪਕ ਖੋਸਲਾ ਨੇ ਸਰਕਾਰ ’ਤੇ ਤਿੱਖਾ ਹਮਲਾ ਬੋਲਦੇ ਹੋਏ ਕਿਹਾ ਕਿ ਪੰਜਾਬ ਵਿਚ ਭਰਤੀ ਪ੍ਰੀਖਿਆਵਾਂ ਦੀ ਭਰੋਸੇਯੋਗਤਾ ਲਗਾਤਾਰ ਸਵਾਲਾਂ ਦੇ ਘੇਰੇ ਵਿਚ ਆ ਰਹੀ ਹੈ। ਉਨ੍ਹਾਂ ਕਿਹਾ ਕਿ ਜੋ ਸਰਕਾਰ ਇਕ ਪ੍ਰਸ਼ਨ-ਪੱਤਰ ਨੂੰ ਸੁਰੱਖਿਅਤ ਰੱਖਣ ਦੀ ਜ਼ਿੰਮੇਵਾਰੀ ਤਕ ਠੀਕ ਨਾਲ ਨਹੀਂ ਨਿਭਾਅ ਸਕਦੀ, ਉਹ ਸੂਬੇ ਦੇ ਨੌਜਵਾਨਾਂ ਦੇ ਭਵਿੱਖ ਨੂੰ ਸੁਰੱਖਿਅਤ ਰੱਖਣ ਦਾ ਦਾਅਵਾ ਕਿਵੇਂ ਕਰ ਸਕਦੀ ਹੈ। ਦੀਪਕ ਖੋਸਲਾ ਨੇ ਕਿਹਾ ਕਿ ਪੇਪਰ ਲੀਕ ਜਾਂ ਪ੍ਰੀਖਿਆ ਵਿਚ ਗੜਬੜੀ ਸਿਰਫ ਇਕ ਕਾਗਜ਼ ਚੋਰੀ ਹੋਣ ਦਾ ਮਾਮਲਾ ਨਹੀਂ, ਸਗੋਂ ਲੱਖਾਂ ਮਿਹਨਤੀ ਉਮੀਦਵਾਰਾਂ ਦੇ ਸੁਪਨਿਆਂ ਅਤੇ ਉਨ੍ਹਾਂ ਦੇ ਪਰਿਵਾਰਾਂ ਦੀ ਸਾਲਾਂ ਦੀ ਮਿਹਨਤ ’ਤੇ ਸਿੱਧਾ ਹਮਲਾ ਹੈ। ਉਨ੍ਹਾਂ ਮੰਗ ਕੀਤੀ ਕਿ ਪ੍ਰਸ਼ਨ-ਪੱਤਰਾਂ ਦੀ ਸੁਰੱਖਿਅਤ ਢੁਆਈ ਤੋਂ ਲੈ ਕੇ ਪ੍ਰੀਖਿਆ ਕੇਂਦਰ ਤਕ ਪਹੁੰਚਣ ਦੀ ਪੂਰੀ ਪ੍ਰਕਿਰਿਆ ਨੂੰ ਪਾਰਦਰਸ਼ੀ ਅਤੇ ਤਕਨੀਕੀ ਰੂਪ ਨਾਲ ਸੁਰੱਖਿਅਤ ਬਣਾਇਆ ਜਾਵੇ। ਉਨ੍ਹਾਂ ਪ੍ਰੀਖਿਆ ਕੇਂਦਰਾਂ ’ਤੇ ਜ਼ਰੂਰੀ ਬਾਇਓਮੈਟ੍ਰਿਕ ਜਾਂਚ, ਲਾਈਵ ਸੀ. ਸੀ. ਟੀ. ਵੀ. ਨਿਗਰਾਨੀ, ਸੁਰੱਖਿਅਤ ਡਿਜੀਟਲ ਲਾਜਿਸਟਿਕਸ ਅਤੇ ਸੰਗਠਿਤ ਨਕਲ ਗਿਰੋਹਾਂ ਖ਼ਿਲਾਫ਼ ਸਖ਼ਤ ਅਪਰਾਧਿਕ ਕਾਰਵਾਈ ਦੀ ਮੰਗ ਕੀਤੀ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8

For Whatsapp:- https://whatsapp.com/channel/0029Va94hsaHAdNVur4L170e


author

Sandeep Kumar

Content Editor

Related News