ਡਡਵਿੰਡੀ ''ਚ ਕਾਂਗਰਸ ਵਿਰੋਧੀ ਧੜੇ ਵੱਲੋਂ ਚੋਣਾਂ ਦਾ ਮੁਕੰਮਲ ਬਾਈਕਾਟ
Sunday, Dec 30, 2018 - 01:11 PM (IST)
ਸੁਲਤਾਨਪੁਰ ਲੋਧੀ (ਸੋਢੀ)— ਪੰਚਾਇਤੀ ਚੋਣਾਂ ਦੌਰਾਨ ਬਲਾਕ ਸੁਲਤਾਨਪੁਰ ਲੋਧੀ ਦੇ ਪਿੰਡ ਡਡਵਿੰਡੀ ਵਿਖੇ ਕਾਂਗਰਸ ਵਿਰੋਧੀ ਧੜੇ ਵੱਲੋਂ ਚੋਣਾਂ ਦਾ ਮੁਕੰਮਲ ਬਾਈਕਾਟ ਕੀਤਾ ਗਿਆ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਪਿੰਡ ਡਡਵਿੰਡੀ 'ਚ ਕਾਂਗਰਸ ਪਾਰਟੀ ਵੱਲੋਂ ਸਰਪੰਚ ਲਈ ਕੁਲਦੀਪ ਸਿੰਘ ਉਮੀਦਵਾਰ ਹੈ, ਜੋ ਕਿ ਬਿਨਾਂ ਮੁਕਾਬਲਾ ਸਰਪੰਚ ਚੁਣਿਆ ਗਿਆ ਹੈ। ਉਨ੍ਹਾਂ ਦੀ ਵਿਰੋਧੀ ਧਿਰ ਦੇ ਅਕਾਲੀ ਦਲ ਅਤੇ ਹੋਰ ਪਾਰਟੀਆਂ ਨਾਲ ਸੰਬੰਧਤ ਸਰਪੰਚ ਦੇ ਉਮੀਦਵਾਰ ਹਰਜਿੰਦਰ ਸਿੰਘ ਅਤੇ ਮੁਖਤਿਆਰ ਸਿੰਘ ਨੇ ਦੋਸ਼ ਲਗਾਇਆ ਕਿ ਪ੍ਰਸ਼ਾਸ਼ਨ ਵੱਲੋਂ ਸੱਤਾਧਾਰੀ ਪਾਰਟੀ ਦੇ ਦਬਾਅ ਹੇਠ ਉਨ੍ਹਾਂ ਦੇ ਨਾਮਜ਼ਦਗੀ ਪੱਤਰ ਬਿਨਾਂ ਕਿਸੇ ਕਾਰਨ ਰੱਦ ਕਰ ਦਿੱਤੇ ਸਨ, ਜਿਸ ਤੋਂ ਬਾਅਦ ਉਨ੍ਹਾਂ ਦੇ ਧੜੇ ਨਾਲ ਸੰਬੰਧਤ ਪੰਚੀ ਦੇ 6 ਉਮੀਦਵਾਰਾਂ ਨੇ ਵੀ ਰੋਸ ਵਜੋਂ ਚੋਣਾਂ ਦਾ ਬਾਈਕਾਟ ਕਰਨ ਦਾ ਐਲਾਨ ਕੀਤਾ ਸੀ ਅਤੇ ਆਪਣੇ ਨਾਮਜ਼ਦਗੀ ਪੇਪਰ ਵਾਪਸ ਲੈ ਕੇ ਰੋਸ ਪ੍ਰਗਟਾਵਾ ਕੀਤਾ ਸੀ ।
ਅੱਜ ਇਸ ਮਾਮਲੇ 'ਤੇ ਪ੍ਰਤੀਕਰਮ ਕਰਦੇ ਹੋਏ ਅਕਾਲੀ ਆਗੂ ਜਥੇ ਹਰਜਿੰਦਰ ਸਿੰਘ ਲਾਡੀ ਸਾਬਕਾ ਪ੍ਰਧਾਨ ਸਹਿਕਾਰੀ ਸਭਾ ਨੇ ਕਿਹਾ ਕਿ ਪੰਚਾਇਤ ਚੋਣਾਂ ਲੜੀਆਂ ਨਹੀ, ਲੁੱਟੀਆਂ ਜਾ ਰਹੀਆਂ ਹਨ । ਦੂਜੇ ਪਾਸੇ ਨਵ ਨਿਯੁਕਤ ਸਰਪੰਚ ਕੁਲਦੀਪ ਸਿੰਘ ਡਡਵਿੰਡੀ ਨੇ ਪੰਚਾਇਤੀ ਚੋਣਾਂ 'ਚ ਕਿਸੇ ਵੀ ਪ੍ਰਕਾਰ ਦੇ ਧੱਕੇਸ਼ਾਹੀ ਦੇ ਦੋਸ਼ਾਂ ਨੂੰ ਗਲਤ ਕਰਾਰ ਦਿੰਦੇ ਹੋਏ ਕਿਹਾ ਕਿ ਵਿਰੋਧੀ ਧਿਰ ਵੱਲੋਂ ਕੀਤੇ ਗਏ ਨਾਜਾਇਜ਼ ਕਬਜ਼ੇ ਕਾਰਨ ਕਾਗਜ਼ ਰੱਦ ਹੋਏ ਸਨ ।