ਪੰਜਾਬ ਪੁਲਸ ਨੇ ''ਪਕੋਕਾ'' ਲਾਗੂ ਕਰਨ ਦੀ ਮੁੜ ਵਕਾਲਤ ਕੀਤੀ
Thursday, Feb 01, 2018 - 07:21 AM (IST)

ਜਲੰਧਰ (ਧਵਨ) - ਪੰਜਾਬ ਪੁਲਸ ਨੇ ਹੁਣੇ ਜਿਹੇ ਗੈਂਗਸਟਰ ਵਿੱਕੀ ਗੌਂਡਰ ਨੂੰ ਮੁਕਾਬਲੇ 'ਚ ਮਾਰਨ ਤੋਂ ਬਾਅਦ ਸੂਬੇ 'ਚ ਮੁੜ 'ਪਕੋਕਾ' ਨੂੰ ਜਲਦੀ ਲਾਗੂ ਕਰਨ ਦੀ ਵਕਾਲਤ ਸ਼ੁਰੂ ਕਰ ਦਿੱਤੀ ਹੈ। ਵਿੱਕੀ ਗੌਂਡਰ ਕਾਂਡ ਤੋਂ ਬਾਅਦ ਸੂਬੇ ਦੇ ਆਲ੍ਹਾ ਪੁਲਸ ਅਧਿਕਾਰੀਆਂ ਵਲੋਂ 'ਪਕੋਕਾ' ਨੂੰ ਜਲਦੀ ਲਾਗੂ ਕਰਨ ਦੀ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਬੇਨਤੀ ਕੀਤੀ ਗਈ ਹੈ, ਤਾਂ ਕਿ ਸੂਬੇ 'ਚ ਗੈਂਗਸਟਰਾਂ ਅਤੇ ਅਪਰਾਧਿਕ ਤੱਤਾਂ ਨੂੰ ਪੂਰੀ ਤਰ੍ਹਾਂ ਕੁਚਲ ਦਿੱਤਾ ਜਾਵੇ। ਖੁਦ ਡੀ. ਜੀ. ਪੀ. ਨੇ ਇਸ ਗੱਲ ਨੂੰ ਸਵੀਕਾਰ ਕੀਤਾ ਹੈ ਕਿ ਅਜੇ ਵੀ ਸੂਬੇ 'ਚ 19 ਗੈਂਗਸਟਰ ਪੁਲਸ ਦੀ ਪਕੜ ਤੋਂ ਬਾਹਰ ਹਨ। ਸਰਕਾਰੀ ਹਲਕਿਆਂ ਤੋਂ ਪਤਾ ਲੱਗਾ ਹੈ ਕਿ ਵਿਦੇਸ਼ਾਂ 'ਚ ਬੈਠੇ ਖਾਲਿਸਤਾਨੀ ਤੱਤਾਂ ਵਲੋਂ ਜਿਸ ਤਰ੍ਹਾਂ ਗੈਂਗਸਟਰਾਂ ਨਾਲ ਸਬੰਧ ਵਧਾਉਣ ਦੀਆਂ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਹਨ, ਉਸ ਨੂੰ ਦੇਖਦੇ ਹੋਏ ਸੂਬਾ ਸਰਕਾਰ ਅਤੇ ਪੁਲਸ ਦੋਵੇਂ ਹੀ 'ਪਕੋਕਾ' ਨੂੰ ਲਾਗੂ ਕਰਨ ਦੇ ਵਿਸ਼ੇ 'ਚ ਵਿਚਾਰ ਕਰ ਰਹੇ ਹਨ। ਸੋਸ਼ਲ ਮੀਡੀਆ ਰਾਹੀਂ ਗੈਂਗਸਟਰਾਂ 'ਤੇ ਨਜ਼ਰ ਰੱਖੀ ਜਾ ਰਹੀ ਹੈ।
ਪੰਜਾਬ 'ਚ ਮੁੱਖ ਮੰਤਰੀ ਅਮਰਿੰਦਰ ਸਿੰਘ ਨੇ ਹੀ 'ਪਕੋਕਾ' ਨੂੰ ਲਾਗੂ ਕਰਨ ਬਾਰੇ ਆਪਣੀ ਰਾਇ ਦਿੱਤੀ ਸੀ ਪਰ ਅਜੇ ਇਹ ਮਾਮਲਾ ਵਿਚਾਰ ਕਰਨ ਲਈ ਕੈਬਨਿਟ ਸਬ-ਕਮੇਟੀ ਕੋਲ ਭੇਜਿਆ ਗਿਆ ਹੈ। ਕੈਬਨਿਟ ਸਬ-ਕਮੇਟੀ ਦੀਆਂ ਇਕ-ਦੋ ਬੈਠਕਾਂ ਹੋ ਚੁੱਕੀਆਂ ਹਨ ਪਰ ਅਜੇ ਵੀ ਇਸ 'ਤੇ ਆਖਰੀ ਫੈਸਲਾ ਲਿਆ ਜਾਣਾ ਬਾਕੀ ਹੈ।