ਭਾਰਤੀ ਖੇਤਰ 'ਚ ਮੁੜ ਪਾਕਿਸਤਾਨੀ ਡਰੋਨ ਨੇ ਦਿੱਤੀ ਦਸਤਕ, 12.5 ਕਰੋੜ ਰੁਪਏ ਦੀ ਹੈਰੋਇਨ ਤੇ ਮੋਟਰਸਾਈਕਲ ਬਰਾਮਦ
Thursday, Jun 08, 2023 - 08:49 AM (IST)
ਤਰਨਤਾਰਨ (ਰਮਨ)- ਭਾਰਤੀ ਖੇਤਰ ਵਿੱਚ ਆਏ ਦਿਨ ਗੁਆਂਢੀ ਦੇਸ਼ ਪਾਕਿਸਤਾਨ ਵੱਲੋਂ ਡਰੋਨ ਭੇਜਣ ਦੀਆਂ ਗਤੀਵਿਧੀਆਂ ਰੁਕਣ ਦਾ ਨਾਮ ਨਹੀਂ ਲੈ ਰਹੀਆਂ ਹਨ। ਇਸੇ ਤਰ੍ਹਾਂ ਬੀਤੀ ਦੇਰ ਰਾਤ ਇਕ ਵਾਰ ਫਿਰ ਭਾਰਤੀ ਖੇਤਰ ਵਿਚ ਪਾਕਿਸਤਾਨੀ ਡਰੋਨ ਨੇ ਦਸਤਕ ਦੇ ਦਿੱਤੀ, ਜਿਸ ਤੋਂ ਬਾਅਦ ਤੁਰੰਤ ਬੀ. ਐੱਸ. ਐੱਫ. ਅਤੇ ਪੁਲਸ ਵੱਲੋਂ ਚਲਾਏ ਗਏ ਤਲਾਸ਼ੀ ਅਭਿਆਨ ਦੌਰਾਨ 2.5 ਕਿਲੋ ਹੈਰੋਇਨ ਅਤੇ ਮੋਟਰਸਾਈਕਲ ਬਰਾਮਦ ਕੀਤਾ ਗਿਆ।
ਇਹ ਵੀ ਪੜ੍ਹੋ: ਅਧਿਐਨ 'ਚ ਦਾਅਵਾ, ਹਾਰਟ ਅਟੈਕ ਦੀ ਸੰਭਾਵਨਾ ਇਸ ਦਿਨ ਸਭ ਤੋਂ ਵੱਧ
ਮਿਲੀ ਜਾਣਕਾਰੀ ਅਨੁਸਾਰ ਜ਼ਿਲ੍ਹੇ ਅਧੀਨ ਆਉਂਦੀ ਭਾਰਤ-ਪਾਕਿਸਤਾਨ ਸਰਹੱਦ ਦੇ ਸੈਕਟਰ ਅਮਰਕੋਟ ਅਧੀਨ ਆਉਦੀ ਬੀ.ਓ.ਪੀ ਕਰਨੈਲ ਸਿੰਘ ਵਾਲਾ ਰਾਹੀਂ ਬੀਤੀ ਰਾਤ 09.06 ਵਜੇ ਪਿਲਰ ਨੰਬਰ 138/ਐੱਮ ਰਾਹੀਂ ਭਾਰਤੀ ਖੇਤਰ ਵਿੱਚ ਪਾਕਿਸਤਾਨੀ ਡਰੋਨ ਦਾਖਲ ਹੋਣ ਦੀ ਆਵਾਜ਼ ਸੁਣਾਈ ਦਿੱਤੀ, ਜਿਸ ਉਪਰੰਤ ਸਰਹੱਦ ਉਪਰ ਤਾਇਨਾਤ ਬੀ.ਐੱਸ.ਐੱਫ. ਦੀ 103 ਬਟਾਲੀਅਨ ਅਤੇ ਥਾਣਾ ਖਾਲੜਾ ਦੀ ਪੁਲਸ ਹਰਕਤ ਵਿੱਚ ਆ ਗਈ। ਡੀ.ਐੱਸ.ਪੀ. ਭਿੱਖੀਵਿੰਡ ਪ੍ਰੀਤਇੰਦਰ ਸਿੰਘ ਨੇ ਦੱਸਿਆ ਕਿ ਤੁਰੰਤ ਥਾਣਾ ਖਾਲੜਾ ਅਤੇ ਬੀ.ਐੱਸ.ਐੱਫ਼. ਵੱਲੋਂ ਇਲਾਕੇ ਨੂੰ ਸੀਲ ਕਰਦੇ ਹੋਏ ਤਲਾਸ਼ੀ ਅਭਿਆਨ ਚਲਾਇਆ ਗਿਆ।
ਇਹ ਵੀ ਪੜ੍ਹੋ: UK 'ਚ ਪੰਜਾਬੀ ਵਿਦਿਆਰਥੀਆਂ ਦੀ ਮਦਦ ਲਈ ਅੱਗੇ ਆਏ MP ਵਿਕਰਮਜੀਤ ਸਿੰਘ ਸਾਹਨੀ, ਕੀਤੀ ਇਹ ਪਹਿਲਕਦਮੀ
ਇਸ ਦੌਰਾਨ ਟੀਮ ਵੱਲੋਂ 1 ਪੈਕਟ ਹੈਰੋਇਨ (2.5 ਕਿਲੋ) ਬਰਾਮਦ ਕੀਤਾ ਗਿਆ। ਉਨ੍ਹਾਂ ਦੱਸਿਆ ਕਿ ਇਸ ਖੇਪ ਨੂੰ ਲੈਣ ਪੁੱਜਾ ਸ਼ੱਕੀ ਵਿਅਕਤੀ ਪੁਲਸ ਨੂੰ ਵੇਖ ਕੇ ਹਨੇਰੇ ਦਾ ਲਾਭ ਲੈਂਦੇ ਹੋਏ ਆਪਣਾ ਮੋਟਰਸਾਈਕਲ ਛੱਡ ਮੌਕੇ ਤੋਂ ਪਿੰਡ ਮਾੜੀ ਕੰਬੋਕੀ ਵੱਲ ਫਰਾਰ ਹੋ ਗਿਆ। ਉਨ੍ਹਾਂ ਦੱਸਿਆ ਕਿ ਥਾਣਾ ਖਾਲੜਾ ਵਿਖੇ ਮਾਮਲਾ ਦਰਜ ਕਰਕੇ ਬਰਾਮਦ ਮੋਟਰਸਾਈਕਲ ਦੀ ਮਦਦ ਨਾਲ ਮੁਲਜ਼ਮ ਦੀ ਭਾਲ ਸ਼ੁਰੂ ਕਰ ਦਿੱਤੀ ਗਈ ਹੈ। ਜ਼ਿਕਰਯੋਗ ਹੈ ਕਿ ਬਰਾਮਦ ਕੀਤੀ ਗਈ ਹੈਰੋਇਨ ਦੀ ਅੰਤਰਰਾਸ਼ਟਰੀ ਬਾਜ਼ਾਰ ਵਿਚ ਕੀਮਤ ਕਰੀਬ 12.5 ਕਰੋੜ ਰੁਪਏ ਦੱਸੀ ਜਾ ਰਹੀ ਹੈ।
ਇਹ ਵੀ ਪੜ੍ਹੋ: ਅਮਰੀਕਾ ਤੋਂ ਦੁਖ਼ਦਾਇਕ ਖ਼ਬਰ, ਡੁੱਬ ਰਹੇ ਪੁੱਤ ਨੂੰ ਬਚਾਉਣ ਗਏ ਭਾਰਤੀ ਪਿਤਾ ਨਾਲ ਵਾਪਰ ਗਿਆ ਭਾਣਾ
ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦਿਓ ਜਵਾਬ।