ਭਾਰਤੀ ਖੇਤਰ ’ਚ ਮੁੜ ਦਾਖ਼ਲ ਹੋਇਆ ਪਾਕਿ ਡਰੋਨ, BSF ਨੇ ਫਾਇਰਿੰਗ ਕਰ ਦਾਗੇ ਈਲੂ ਬੰਬ
Saturday, Oct 15, 2022 - 02:45 PM (IST)
ਤਰਨਤਾਰਨ, ਫਿਰੋਜ਼ਪੁਰ (ਰਮਨ, ਕੁਮਾਰ) - ਜ਼ਿਲ੍ਹੇ ਅਧੀਨ ਆਉਂਦੀ ਭਾਰਤ-ਪਾਕਿਸਤਾਨ ਸਰਹੱਦ ਨੂੰ ਪਾਰ ਕਰਦੇ ਹੋਏ ਬੀਤੀ ਰਾਤ ਇਕ ਵਾਰ ਫਿਰ ਪਾਕਿਸਤਾਨੀ ਡਰੋਨ ਵਲੋਂ ਦਸਤਕ ਦਿੱਤੀ ਗਈ ਹੈ, ਜਿਸ ਨੂੰ ਖਦੇੜਨ ਲਈ ਜਵਾਨਾਂ ਵੱਲੋਂ ਫਾਇਰਿੰਗ ਕੀਤੀ ਗਈ। ਜ਼ਿਕਰਯੋਗ ਹੈ ਕਿ ਇਲਾਕੇ ਵਿੱਚ ਚਲਾਏ ਗਏ ਤਲਾਸ਼ੀ ਅਭਿਆਨ ਤੋਂ ਬਾਅਦ ਬੀ.ਐੱਸ.ਐੱਫ ਨੇ ਇਕ ਲਿਫ਼ਾਫ਼ੇ ਵਿਚ ਲਪੇਟੀ ਇੱਕ 17 ਇੰਚ ਲੰਮੀ ਇੱਟ ਬਰਾਮਦ ਕੀਤੀ ਹੈ।
ਪੜ੍ਹੋ ਇਹ ਵੀ ਖ਼ਬਰ : ਪਾਕਿ ਡਰੋਨਾਂ ਰਾਹੀਂ ਪੰਜਾਬ ’ਚ ਪੁੱਜੇ ਵਿਦੇਸ਼ੀ ਹਥਿਆਰ ਦੇ ਰਹੇ ਨੇ ਖ਼ਤਰਨਾਕ ਸੰਕੇਤ, ਵਾਪਰ ਸਕਦੀ ਹੈ ਕੋਈ ਵਾਰਦਾਤ
ਮਿਲੀ ਜਾਣਕਾਰੀ ਅਨੁਸਾਰ ਜ਼ਿਲ੍ਹੇ ਦੇ ਸੈਕਟਰ ਅਮਰਕੋਟ ਅਧੀਨ ਆਉਂਦੀ ਬੀ.ਓ.ਪੀ ਕਲਸ ਵਿਖੇ ਬੀਤੀ ਦੇਰ ਰਾਤ ਪਾਕਿਸਤਾਨੀ ਡਰੋਨ ਨੇ ਪਿੱਲਰ ਨੰਬਰ 151/10 ਰਾਹੀਂ ਦਸਤਕ ਦਿੱਤੀ, ਜਿਸ ਤੋਂ ਬਾਅਦ ਕੁਝ ਮਿੰਟਾਂ ਤਕ ਡ੍ਰੋਨ ਭਾਰਤੀ ਖੇਤਰ ਵਿੱਚ ਘੁੰਮਦਾ ਰਿਹਾ। ਡਰੋਨ ਦੀ ਆਵਾਜ਼ ਸੁਣਦੇ ਸਾਰ ਸਰਹੱਦ ’ਤੇ ਤਾਇਨਾਤ ਬੀ.ਐੱਸ.ਐੱਫ. ਦੀ 103 ਬਟਾਲੀਅਨ ਵੱਲੋਂ ਕੁਝ ਰੌਂਦ ਫਾਇਰਿੰਗ ਕਰਦੇ ਹੋਏ ਈਲੂ ਬੰਬ ਦਾਗੇ। ਫਾਇਰਿੰਗ ਤੋਂ ਬਾਅਦ ਡਰੋਨ ਵਾਪਸ ਪਾਕਿਸਤਾਨ ਪਰਤ ਗਿਆ।
ਪੜ੍ਹੋ ਇਹ ਵੀ ਖ਼ਬਰ : ਗੈਂਗਸਟਰ ਲੰਡਾ ਨੇ ਲਈ ਤਰਨਤਾਰਨ ਦੇ ਕੱਪੜਾ ਵਪਾਰੀ ਦੇ ਕਤਲ ਦੀ ਜ਼ਿੰਮੇਵਾਰੀ, ਨਾਲ ਹੀ ਦਿੱਤੀ ਇਹ ਧਮਕੀ
ਡਰੋਨ ਦੇ ਆਉਣ ਤੋਂ ਬਾਅਦ ਅੱਜ ਸਵੇਰੇ ਥਾਣਾ ਖੇਮਕਰਨ ਦੀ ਪੁਲਸ ਅਤੇ ਬੀ.ਐੱਸ.ਐੱਫ. ਦੇ ਜਵਾਨਾਂ ਵੱਲੋਂ ਤਲਾਸ਼ੀ ਅਭਿਆਨ ਚਲਾਇਆ ਗਿਆ। ਇਸ ਅਭਿਆਨ ਦੌਰਾਨ ਹਰਜਿੰਦਰ ਸਿੰਘ ਪੁੱਤਰ ਹਰਜੀਤ ਸਿੰਘ ਨਿਵਾਸੀ ਮਸਤਗੜ੍ਹ ਦੀ ਜ਼ਮੀਨ ਵਿੱਚੋਂ ਇਕ ਨੀਲੇ ਰੰਗ ਦੇ ਲਿਫਾਫ਼ੇ ਨਾਲ ਲਪੇਟੀ 17 ਇੰਚ ਲੰਬੀ ਇੱਟ ਬਰਾਮਦ ਹੋਈ ਹੈ। ਅਧਿਕਾਰੀਆਂ ਨੇ ਇੱਟ ਨੂੰ ਆਪਣੇ ਕਬਜ਼ੇ ’ਚ ਲੈ ਕੇ ਇਸ ਮਾਮਲੇ ਦੀ ਜਾਂਚ ਕਰਨੀ ਸ਼ੁਰੂ ਕਰ ਦਿੱਤੀ।