ਅੰਮ੍ਰਿਤਸਰ: ਪਾਕਿਸਤਾਨ ਲਈ ਜਾਸੂਸੀ ਕਰ ਰਿਹਾ ਭਾਰਤੀ ਫੌਜ ਦਾ ਜਵਾਨ ਗ੍ਰਿਫਤਾਰ

Thursday, May 09, 2019 - 07:16 PM (IST)

ਅੰਮ੍ਰਿਤਸਰ: ਪਾਕਿਸਤਾਨ ਲਈ ਜਾਸੂਸੀ ਕਰ ਰਿਹਾ ਭਾਰਤੀ ਫੌਜ ਦਾ ਜਵਾਨ ਗ੍ਰਿਫਤਾਰ

ਅੰਮ੍ਰਿਤਸਰ (ਸੰਜੀਵ)— ਜ਼ਿਲਾ ਅੰਮ੍ਰਿਤਸਰ ਦੀ ਦਿਹਾਤੀ ਪੁਲਸ ਨੇ ਭਾਰਤੀ ਸੈਨਾ 'ਚ ਨੌਕਰੀ ਕਰ ਰਹੇ ਪਾਕਿਸਤਾਨੀ ਜਾਸੂਸ ਨੂੰ ਗ੍ਰਿਫਤਾਰ ਕਰਨ 'ਚ ਵੱਡੀ ਸਫਲਤਾ ਹਾਸਲ ਕੀਤੀ ਹੈ। ਗ੍ਰਿਫਤਾਰ ਕੀਤੇ ਗਏ ਜਾਸੂਸ ਦੀ ਪਛਾਣ ਮਲਕੀਤ ਸਿੰਘ ਵਾਸੀ ਪਿੰਡ ਮੁਹਾਵਾ ਦੇ ਰੂਪ 'ਚ ਹੋਈ ਹੈ, ਜੋਕਿ ਸ਼੍ਰੀਨਗਰ 'ਚ ਭਾਰਤੀ ਫੌਜ 'ਚ ਸਿਪਾਹੀ ਦੀ ਨੌਕਰੀ ਕਰ ਰਿਹਾ ਸੀ। ਉਸ ਦੇ ਕਬਜ਼ੇ 'ਚੋਂ ਪੁਲਸ ਨੇ ਕਈ ਖੂਫੀਆ ਦਸਤਾਵੇਜ਼ਾਂ, ਫੌਜ ਦੀਆਂ ਲੁਕੇਸ਼ਨਾਂ ਦੀਆਂ ਤਸਵੀਰਾਂ ਤੋਂ ਇਲਾਵਾ 3 ਮੋਬਾਇਲ ਫੋਨ, ਭਾਰਤੀ ਫੌਜ ਦਾ ਟ੍ਰੇਨਿੰਗ ਮੈਨਿਊਲ ਸਮੇਤ ਕਈ ਹੋਰ ਜ਼ਰੂਰੀ ਦਸਤਾਵੇਜ਼ ਬਰਾਮਦ ਕੀਤੇ ਹਨ। 
ਅੰਮ੍ਰਿਤਸਰ ਦਿਹਾਤੀ ਪੁਲਸ ਨੇ ਇਸ ਜਾਸੂਸ ਨੂੰ ਘਰਿੰਡਾ ਖੇਤਰ 'ਚ ਕੀਤੇ ਗਏ ਇਕ ਵੱਡੇ ਆਪਰੇਸ਼ਨ ਦੌਰਾਨ ਗ੍ਰਿਫਤਾਰ ਕੀਤਾ ਹੈ। ਮਲਕੀਤ ਸਿੰਘ ਪਿਛਲੇ ਕਰੀਬ ਡੇਢ ਸਾਲ ਤੋਂ ਪਾਕਿਸਤਾਨ ਦੀ ਖੁਫੀਆ ਏਜੰਸੀ ਆਈ. ਐੱਸ. ਆਈ. ਅਤੇ ਪਾਕਿ 'ਚ ਬੈਠੇ ਡਰੱਗ ਸਮੱਗਲਰਾਂ ਦੇ ਸਪੰਰਕ 'ਚ ਸੀ। ਉਹ ਵਟਸਐਪ ਅਤੇ ਮੇਲ ਜ਼ਰੀਏ ਪਾਕਿਸਤਾਨ ਨੂੰ ਭਾਰਤੀ ਸੈਨੀ ਦੀਆਂ ਖੁਫੀਆ ਜਾਣਕਾਰੀਆਂ ਦੇ ਅਧੀਨ ਸੰਵੇਦਨਸ਼ੀਲ ਬੰਕਰਾਂ ਅਤੇ ਟਿਕਾਣਿਆਂ ਨੂੰ ਦੇ ਨਾਲ-ਨਾਲ ਸੈਨੀ ਦੀ ਲੋਕੇਸ਼ਨ ਦੀਆਂ ਤਸਵੀਰਾਂ ਭੇਜ ਰਿਹਾ ਸੀ। ਪੁਲਸ ਨੇ ਗ੍ਰਿਫਤਾਰ ਕੀਤੇ ਇਸ ਪਾਕਿਸਤਾਨੀ ਜਾਸੂਸ ਦੇ ਵਿਰੁੱਧ ਕੇਸ ਦਰਜ ਕਰਕੇ ਧਾਰਾ 3,4,5,9 ਆਫੀਸ਼ੀਅਲ ਸੀਕ੍ਰੇਟ ਐਕਟ 1923 ਦੇ ਅਧੀਨ ਕੇਸ ਦਰਜ ਕਰਕੇ ਅਗਲੀ ਜਾਂਚ ਸ਼ੁਰੂ ਕਰ ਦਿੱਤੀ ਹੈ। 
ਕਿੰਝ ਹੋਇਆ ਆਪਰੇਸ਼ਨ 
ਜ਼ਿਲਾ ਅੰਮ੍ਰਿਤਸਰ ਦਿਹਾਤੀ ਦੇ ਐੱਸ. ਐੱਸ. ਪੀ. ਬਿਕਰਮਜੀਤ ਦੁੱਗਲ ਦੀ ਇਕ ਵਿਸ਼ੇਸ਼ ਟੀਮ ਨੂੰ ਇਨਪੁਟ ਮਿਲੀ ਸੀ ਕਿ ਭਾਰਤੀ ਫੌਜ 'ਚ ਤਾਇਨਾਤ ਫੌਜੀ ਸ਼ੱਕੀ ਹਾਲਤ 'ਚ ਆਰਮੀ ਏਰੀਆ ਦੇ ਕੋਲ ਦੇਖਿਆ ਜਾ ਰਿਹਾ ਹੈ ਅਤੇ ਉਸ ਦੀਆਂ ਹਰਕਤਾਂ ਵੀ ਕੁਝ ਠੀਕ ਨਹੀਂ ਹਨ। ਉਕਤ ਸੂਚਨਾ ਮਿਲਣ ਤੋਂ ਬਾਅਦ ਅੱਜ ਘਰਿੰਡਾ ਖੇਤਰ 'ਚ ਭਾਰੀ ਫੋਰਸ ਦੇ ਨਾਲ ਆਪਰੇਸ਼ਨ ਨੂੰ ਅੰਜਾਮ ਦਿੱਤਾ ਗਿਆ ਅਤੇ ਮਲਕੀਤ ਨੂੰ ਗ੍ਰਿਫਤਾਰ ਕੀਤਾ ਗਿਆ। 
ਸ਼ੁਰੂਆਤੀ ਜਾਂਚ 'ਚ ਹੋਏ ਅਹਿਮ ਖੁਲਾਸੇ 
ਪਾਕਿਸਤਾਨ ਦੀ ਖੁਫੀਆ ਏਜੰਸੀ ਆਈ. ਐੱਸ. ਆਈ. ਦੇ ਲਈ ਕੰਮ ਕਰ ਰਹੇ ਭਾਰਤੀ ਫੌਜ ਦੇ ਜਵਾਨ ਮਲਕੀਤ ਸਿੰਘ ਦੀ ਗ੍ਰਿਫਤਾਰੀ ਤੋਂ ਬਾਅਦ ਕਈ ਅਹਿਮ ਖੁਲਾਸੇ ਹੋਏ ਹਨ। ਪਤਾ ਲੱਗਾ ਹੈ ਕਿ ਮਲਕੀਤ 2012 'ਚ ਭਾਰਤੀ ਫੌਜ 'ਚ ਭਰਤੀ ਹੋਇਆ ਸੀ, ਇਸ ਤੋਂ ਪਹਿਲਾਂ ਉਹ ਡਰੱਗ ਐਡਿਕਟ ਸੀ। ਆਪਣਾ ਇਲਾਜ ਕਰਵਾਉਣ ਤੋਂ ਬਾਅਦ ਉਹ ਫੌਜ 'ਚ ਭਰਤੀ ਹੋ ਗਿਆ ਸੀ। ਪਿਛਲੇ ਡੇਢ ਸਾਲ ਤੋਂ ਉਹ ਸ਼੍ਰੀਨਗਰ 'ਚ ਤਾਇਤਾਨ ਸੀ ਅਤੇ ਉਥੋਂ ਹੀ ਫੌਜ ਦੀ ਖੁਫੀਆ ਜਾਣਕਾਰੀਆਂ ਹਾਸਲ ਕਰਕੇ ਪਾਕਿਸਤਾਨ ਭੇਜਦਾ ਸੀ। ਮਲਕੀਤ ਆਪਣੀ ਯੂਨਿਟ ਤੋਂ ਮੈਡੀਕਲ ਛੁੱਟੀ ਲੈ ਕੇ ਇਥੇ ਪਿੰਡ ਆਇਆ ਹੋਇਆ ਸੀ ਅਤੇ ਅੰਮ੍ਰਿਤਸਰ ਦੇ ਕੈਂਟ ਏਰੀਆ ਦੀਆਂ ਤਸਵੀਰਾਂ ਅਤੇ ਜਾਣਕਾਰੀਆਂ ਜੁਟਾ ਰਿਹਾ ਸੀ। 
ਕੀ ਕਹਿਣਾ ਹੈ ਐੱਸ. ਐੱਸ. ਪੀ. ਦਾ 
ਐੱਸ. ਐੱਸ. ਪੀ. ਦਿਹਾਤੀ ਬਿਕਰਮਜੀਤ ਸਿੰਘ ਦੁੱਗਲ ਦਾ ਕਹਿਣਾ ਹੈ ਕਿ ਗ੍ਰਿਫਤਾਰ ਕੀਤੇ ਗਏ ਪਾਕਿਸਤਾਨ ਦੇ ਲਈ ਜਾਸੂਸ ਕਰ ਰਹੇ ਭਾਰਤੀ ਫੌਜ ਦੇ ਜਵਾਨ ਮਲਕੀਤ ਤੋਂ ਡੂੰਘਾਈ ਨਾਲ ਪੁੱਛਗਿੱਛ ਕੀਤੀ ਜਾ ਰਹੀ ਹੈ। ਗ੍ਰਿਫਤਾਰੀ ਤੋਂ ਬਾਅਦ ਉਸ ਦੀ ਯੂਨਿਟ ਨੂੰ ਸੂਚਿਤ ਕਰ ਦਿੱਤਾ ਗਿਆ ਹੈ ਅਤੇ ਅਦਾਲਤ 'ਚ ਪੇਸ਼ ਕਰਕੇ ਪੁਲਸ ਰਿਮਾਂਡ ਲਿਆ ਜਾਵੇਗਾ। ਜਾਂਚ ਦੌਰਾਨ ਕਈ ਅਹਿਮ ਖੁਲਾਸੇ ਹੋਣ ਦੀ ਉਮੀਦ ਹੈ।


author

shivani attri

Content Editor

Related News