ਪਾਕਿਸਤਾਨ ਦੇ ਹਾਈ ਕਮਿਸ਼ਨਰ ਨੇ ਰੋਜ਼ਾ ਸ਼ਰੀਫ ਵਿਖੇ ਚੜ੍ਹਾਈ ਚਾਦਰ
Thursday, Nov 23, 2017 - 07:15 AM (IST)

ਫਤਿਹਗੜ੍ਹ ਸਾਹਿਬ (ਜਗਦੇਵ) - ਭਾਰਤ-ਪਾਕਿ ਦੀ ਬੰਦ ਹੋਈ ਵਾਰਤਾਲਾਪ ਨੂੰ ਮੁੜ ਸ਼ੁਰੂ ਕਰਵਾਉਣ ਲਈ ਯਤਨ ਕੀਤੇ ਜਾ ਰਹੇ ਹਨ ਕਿਉਂÎਕਿ ਦੁਵੱਲੀ ਸਾਰਥਿਕ ਗੱਲਬਾਤ ਦੋਵੇਂ ਮੁਲਕਾਂ ਲਈ ਫਾਇਦੇਮੰਦ ਹੈ। ਇਹ ਪ੍ਰਗਟਾਵਾ ਪਾਕਿਸਤਾਨ ਹਾਈ ਕਮਿਸ਼ਨਰ ਸੋਹੇਲ ਮਹਿਮੂਦ ਨੇ ਰੋਜ਼ਾ ਸ਼ਰੀਫ ਸਰਹਿੰਦ-ਫਤਿਹਗੜ੍ਹ ਸਾਹਿਬ ਵਿਖੇ ਦੋਵਾਂ ਮੁਲਕਾਂ ਦੇ ਆਪਸੀ ਪਿਆਰ ਤੇ ਸਾਂਝ ਨੂੰ ਵਧਾਉਣ ਸਬੰਧੀ ਹਜ਼ਰਤ ਸ਼ੇਖ ਅਹਿਮਦ ਫਾਰੂਖੀ ਸਰਹਿੰਦੀ ਮੁਜੱਦਿਦ ਅਲਫਸਾਨੀ ਤੇ ਉਨ੍ਹਾਂ ਦੇ ਬੇਟੇ ਖਵਾਜਾ ਸਈਅਦ ਮਾਸੂਮ ਸਾਹਿਬ ਦੀ ਦਰਗਾਹ 'ਤੇ ਚਾਦਰ ਚੜ੍ਹਾਉਣ ਦੀ ਰਸਮ ਨਿਭਾ ਕੇ ਦੁਆ ਕਰਨ ਉਪਰੰਤ ਪ੍ਰੈੱਸ ਨੂੰ ਸੰਬੋਧਨ ਕਰਦਿਆਂ ਕੀਤਾ। ਇਸ ਮੌਕੇ ਉਨ੍ਹਾਂ ਨਾਲ ਪਾਕਿਸਤਾਨੀ ਸਟਾਫ਼ ਮੈਂਬਰ ਸਰਤਾਜ ਅਹਿਮਦ ਤੇ ਅਰਸ਼ਦ ਮਹਿਮੂਦ ਵੀ ਮੌਜੂਦ ਸਨ। ਉਨ੍ਹਾਂ ਕਿਹਾ ਕਿ ਉਹ ਪਹਿਲੀ ਵਾਰ ਰੋਜ਼ਾ ਸ਼ਰੀਫ ਵਿਖੇ ਆਏ ਹਨ ਪਰ 1974 ਤੋਂ ਜ਼ਾਹਿਰੀਨੀ ਪਾਕਿਸਤਾਨ ਤੋਂ ਹਰ ਉਰਸ ਮੌਕੇ ਇਥੇ ਸਿੱਜਦਾ ਕਰਨ ਲਈ ਆਉਂਦੇ ਹਨ। ਉਨ੍ਹਾਂ ਕਿਹਾ ਕਿ ਧਾਰਮਿਕ ਆਮਦ ਇਕ ਵਧੀਆ ਸਿਲਸਿਲਾ ਹੈ। ਦੋਵਾਂ ਦੇਸ਼ਾਂ ਦੇ ਲੋਕਾਂ ਵੱਲੋਂ ਇਕ-ਦੂਜੇ ਨੂੰ ਮਿਲਣ ਨਾਲ ਮੁਲਕਾਂ ਦੀ ਆਪਸੀ ਏਕਤਾ, ਸਾਂਝ ਤੇ ਪਿਆਰ ਵਿਚ ਵਾਧਾ ਹੁੰਦਾ ਹੈ, ਇਸ ਨਾਲ ਰਿਸ਼ਤੇ ਮਜ਼ਬੂਤ ਹੁੰਦੇ ਹਨ। ਉਨ੍ਹਾਂ ਦੀ ਵੀ ਕੋਸ਼ਿਸ਼ ਹੁੰਦੀ ਹੈ ਕਿ ਉਨ੍ਹਾਂ ਵੱਲੋਂ ਭਾਰਤ ਤੋਂ ਪਾਕਿਸਤਾਨ ਆਉਣ ਵਾਲੇ ਸ਼ਰਧਾਲੂਆਂ ਦਾ ਪੂਰਾ ਖਿਆਲ ਰੱਖਿਆ ਜਾ ਸਕੇ। ਉਨ੍ਹਾਂ ਦੱਸਿਆ ਕਿ ਇਸ ਵਾਰ 84 ਸ਼ਰਧਾਲੂ ਰੋਜ਼ਾ ਸ਼ਰੀਫ ਵਿਖੇ ਸਿਜਦਾ ਕਰਨ ਲਈ ਪੁੱਜੇ ਸਨ।
ਸ਼ਰਧਾਲੂਆਂ ਦਾ ਘੱਟ ਵੀਜ਼ਾ ਲੱਗਣ ਬਾਰੇ ਪੁੱਛੇ ਜਾਣ 'ਤੇ ਉਨ੍ਹਾਂ ਕਿਹਾ ਕਿ ਹਰ ਸਾਲ ਵੀਜ਼ਾ ਨੰਬਰਾਂ ਵਿਚ ਉਤਾਰ-ਚੜ੍ਹਾਅ ਆਉਂਦਾ ਹੈ ਤੇ ਕਈ ਵਾਰ ਵੀਜ਼ਾ ਪ੍ਰਕਿਰਿਆ ਵਿਚ ਕੁਝ ਕਮੀਆਂ ਰਹਿ ਜਾਣ ਕਾਰਨ ਇਸ ਵਾਰ ਜ਼ਿਆਦਾ ਵੀਜ਼ੇ ਜਾਰੀ ਨਹੀਂ ਹੋ ਸਕੇ। ਉਨ੍ਹਾਂ ਕਿਹਾ ਕਿ ਇਸ ਸਬੰਧੀ ਸਰਕਾਰ ਨਾਲ ਮਿਲ ਕੇ ਕੰਮ ਕੀਤਾ ਜਾਵੇਗਾ ਅਤੇ ਵੱਧ ਵੀਜ਼ੇ ਦੇਣ 'ਤੇ ਸਰਕਾਰ ਨਾਲ ਗੱਲਬਾਤ ਕੀਤੀ ਜਾਵੇਗੀ। ਉਨ੍ਹਾਂ ਜ਼ਿਲਾ ਪ੍ਰਸ਼ਾਸਨ ਅਤੇ ਪੁਲਸ ਵੱਲੋਂ ਕੀਤੇ ਇੰਤਜ਼ਾਮਾਂ ਦੀ ਸ਼ਲਾਘਾ ਕੀਤੀ।
ਇਸ ਮੌਕੇ ਰੋਜ਼ਾ ਸ਼ਰੀਫ ਦੇ ਖ਼ਲੀਫਾ ਸਈਅਦ ਮੁਹੰਮਦ ਸਦੀਕ ਰਜ਼ਾ, ਕੌਂਸਲਰ ਤਾਰੀਖ਼ ਕਰੀਬ ਦਿੱਲੀ, ਸੁਬੇਰ, ਸਈਅਦ ਮੁਹੰਮਦ, ਜ਼ੁਬੈਰ, ਫਾਰੁਖ, ਸਾਈਂ ਗੁਲਾਮ ਬੁਡਾਲੀ ਸ਼ਰੀਬ, ਸਈਅਦ ਸੈਫ਼, ਕਾਰੀਅਤ ਕੁੱਲਾ, ਬਿੱਟੂ ਤੇ ਜਿਛਾਨ ਤੋਂ ਇਲਾਵਾ ਵਧੀਕ ਡਿਪਟੀ ਕਮਿਸ਼ਨਰ ਫਤਿਹਗੜ੍ਹ ਸਾਹਿਬ ਜੇ. ਕੇ. ਜੈਨ, ਐੱਸ. ਪੀ. ਸ਼ਰਨਜੀਤ ਸਿੰਘ, ਐੱਸ. ਡੀ. ਐੱਮ. ਅਮਰਿੰਦਰ ਸਿੰਘ ਟਿਵਾਣਾ, ਡੀ. ਐੱਸ. ਪੀ. ਵਰਿੰਦਰਜੀਤ ਸਿੰਘ ਥਿੰਦ ਤੇ ਐੱਸ. ਐੱਚ. ਓ. ਫਤਿਹਗੜ੍ਹ ਸਾਹਿਬ ਕੰਵਲਜੀਤ ਸਿੰਘ ਤੋਂ ਇਲਾਵਾ ਭਾਰੀ ਪੁਲਸ ਫੋਰਸ ਤੇ ਪ੍ਰਸ਼ਾਸਨਿਕ ਅਧਿਕਾਰੀ ਮੌਜੂਦ ਸਨ।