''ਪਾਕਿਸਤਾਨ ਡਰੋਨ ਮਾਮਲੇ'' ''ਚ ਪੰਜਾਬ ਨੇ ਕੇਂਦਰ ਤੋਂ ਮਦਦ ਮੰਗੀ
Thursday, Sep 26, 2019 - 07:04 PM (IST)

ਨਵੀਂ ਦਿੱਲੀ/ਚੰਡੀਗੜ੍ਹ : ਪਾਕਿਸਤਾਨ ਡਰੋਨ ਮਾਮਲੇ ਤੋਂ ਬਾਅਦ ਕੈਬਨਿਟ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਨੇ ਵੀਰਵਾਰ ਨੂੰ ਗ੍ਰਹਿ ਮੰਤਰਾਲੇ ਦੇ ਬਾਰਡਰ ਮੈਨਜਮੈਂਟ ਸਕੱਤਰ ਨਾਲ ਮੁਲਾਕਾਤ ਕੀਤੀ। ਇਸ ਮੁਲਾਕਾਤ ਦੌਰਾਨ ਰੰਧਾਵਾ ਨੇ ਬਾਰਡਰ ਇਲਾਕੇ 'ਚ ਚੱਲ ਰਹੇ ਕੰਮਾਂ ਬਾਰੇ ਵਿਚਾਰ-ਚਰਚਾ ਕੀਤੀ ਅਤੇ ਕਰਤਾਰਪੁਰ ਲਾਂਘੇ ਦੇ ਕੰਮ ਨੂੰ ਲੈ ਕੇ ਵੀ ਜਾਣਕਾਰੀ ਦਿੱਤੀ। ਸੁਖਜਿੰਦਰ ਸਿੰਘ ਰੰਧਾਵਾ ਨੇ ਕਿਹਾ ਕਿ ਡਰੋਨ ਦਾ ਮਸਲਾ ਕਾਫੀ ਗੰਭੀਰ ਹੈ ਅਤੇ ਪੰਜਾਬ ਪੁਲਸ ਅਤੇ ਬੀ. ਐੱਸ. ਐੱਫ. ਜਵਾਨਾਂ ਕੋਲ ਡਰੋਨ ਨੂੰ ਦੇਖਣ ਲਈ ਕੋਈ ਮਸ਼ੀਨ ਨਹੀਂ ਹੈ। ਰੰਧਾਵਾ ਨੇ ਕਿਹਾ ਕਿ ਪਾਕਿਸਤਾਨ ਹਮੇਸ਼ਾ ਹੀ ਪੰਜਾਬ ਦਾ ਇਸਤੇਮਾਲ ਅੱਤਵਾਦ ਲਈ ਕਰਦਾ ਆ ਰਿਹਾ ਹੈ ਪਰ ਹੁਣ ਪੰਜਾਬ 'ਚ ਅੱਤਵਾਦ ਨਹੀਂ ਆਉਣ ਦਿੱਤਾ ਜਾਵੇਗਾ। ਉਨ੍ਹਾਂ ਨੇ ਕਿਹਾ ਕਿ ਪਾਕਿਸਤਾਨ ਨੇ ਡਰੋਨ ਰਾਹੀਂ ਹਥਿਆਰ ਸੁੱਟੇ ਸਨ। ਰੰਧਾਵਾ ਨੇ ਇਸ ਮਾਮਲੇ ਸਬੰਧੀ ਕੇਂਦਰ ਤੋਂ ਮਦਦ ਮੰਗੀ ਹੈ।