ਪਾਕਿਸਤਾਨ ਵੱਲੋਂ ਜਲੰਧਰ, ਬਠਿੰਡਾ, ਗੁਰਦਾਸਪੁਰ ਸਣੇ ਕਈ ਸ਼ਹਿਰਾਂ 'ਤੇ ਹਮਲੇ, ਰੈੱਡ ਅਲਰਟ ਜਾਰੀ

Saturday, May 10, 2025 - 11:10 AM (IST)

ਪਾਕਿਸਤਾਨ ਵੱਲੋਂ ਜਲੰਧਰ, ਬਠਿੰਡਾ, ਗੁਰਦਾਸਪੁਰ ਸਣੇ ਕਈ ਸ਼ਹਿਰਾਂ 'ਤੇ ਹਮਲੇ, ਰੈੱਡ ਅਲਰਟ ਜਾਰੀ

ਜਲੰਧਰ : ਭਾਰਤ ਅਤੇ ਪਾਕਿਸਤਾਨ ਵਿਚਾਲੇ ਚੱਲ ਰਹੀ ਜੰਗ ਦੌਰਾਨ ਹਾਲਾਤ ਲਗਾਤਾਰ ਵਿਗੜਦੇ ਜਾ ਰਹੇ ਹਨ। ਪਾਕਿਸਤਾਨ ਵੱਲੋਂ ਅੱਜ ਦਿਨ ਚੜਦੇ ਹੀ ਪੰਜਾਬ ਦੇ ਕਈ ਸ਼ਹਿਰਾਂ ਵਿਚ ਹਮਲੇ ਕੀਤੇ ਗਏ। ਹਾਲਾਤ ਨੂੰ ਵੇਖਦੇ ਹੋਏ ਸਥਾਨਕ ਪ੍ਰਸ਼ਾਸਨ ਵੀ ਹਰਕਤ ਵਿਚ ਆ ਗਿਆ ਹੈ। ਜਿਸ ਦੇ ਚੱਲਦੇ ਪੰਜਾਬ ਕਈ ਸ਼ਹਿਰਾਂ ਵਿਚ ਰੈੱਡ ਅਲਰਟ ਜਾਰੀ ਕਰ ਦਿੱਤਾ ਗਿਆ ਹੈ। ਹੁਣ ਤੱਕ ਦੀ ਜਾਣਕਾਰੀ ਮੁਤਾਬਕ ਜਲੰਧਰ, ਫਿਰੋਜ਼ਪੁਰ, ਫਾਜ਼ਿਲਕਾ, ਪਠਾਨਕੋਟ ਤੋਂ ਇਲਾਵਾ ਕਈ ਹੋਰ ਸ਼ਹਿਰਾਂ ਵਿਚ ਰੈੱਡ ਅਲਰਟ ਜਾਰੀ ਕੀਤਾ ਗਿਆ ਹੈ। 

ਇਹ ਵੀ ਪੜ੍ਹੋ : ਸੰਭਾਵੀ ਖ਼ਤਰੇ ਨੂੰ ਦੇਖਦਿਆਂ ਪੰਜਾਬ ਵਿਚ ਜਾਰੀ ਹੋਈ ਨਵੀਂ ਐਡਵਾਈਜ਼ਰੀ

ਫਿਰੋਜ਼ਪੁਰ ਵਿਚ ਦੁਕਾਨਾਂ ਬੰਦ ਕਰਨ ਦੀ ਅਨਾਊਸਮੈਂਟ ਹੋ ਰਹੀ ਹੈ। ਅੱਜ ਸਵੇਰੇ ਜਲੰਧਰ, ਬਠਿੰਡਾ, ਫਿਰੋਜ਼ਪੁਰ, ਅੰਮ੍ਰਿਤਸਰ, ਗੁਰਦਾਸਪੁਰ, ਪਠਾਨਕੋਟ ਵਿਚ ਧਮਾਕਿਆਂ ਦੀਆਂ ਅਵਾਜ਼ਾਂ ਸੁਣਾਈ ਦਿੱਤੀਆਂ ਹਨ। ਪੰਜਾਬ ਦੇ ਵੱਡੀ ਗਿਣਤੀ ਸ਼ਹਿਰਾਂ ਵਿਚ ਸਾਰੀ ਰਾਤ ਧਮਾਕਿਆਂ ਦੀਆਂ ਆਵਾਜ਼ਾਂ ਆਉਂਦੀਆਂ ਰਹੀਆਂ, ਜਿਸ ਕਾਰਣ ਲੋਕਾਂ ਵਿਚ ਦਹਿਸ਼ਤ ਦਾ ਮਾਹੌਲ ਬਣਿਆ ਹੋਇਆ ਹੈ। ਪਤਾ ਲੱਗਾ ਹੈ ਕਿ ਪਾਕਿਸਤਾਨ ਵੱਲੋਂ ਸਵੇਰੇ 5 ਵਜੇ ਤੋਂ ਮੁੜ ਹਮਲੇ ਸ਼ੁਰੂ ਕੀਤੇ ਗਏ ਹਨ। ਹਾਲਾਂਕਿ ਭਾਰਤੀ ਫੌਜ ਪਾਕਿਸਤਾਨ ਦੀਆਂ ਹਰ ਕੋਸ਼ਿਸ਼ ਨੂੰ ਨਾਕਾਮ ਕਰ ਰਹੀ ਹੈ।

ਇਹ ਵੀ ਪੜ੍ਹੋ : ਜੰਗ ਦੇ ਹਾਲਾਤ ਦਰਮਿਆਨ ਪੰਜਾਬ ਦੇ ਇਹ ਟੋਲ ਪਲਾਜ਼ੇ ਕੀਤੇ ਗਏ ਬੰਦ

ਅੱਜ 8 ਵਜੇ ਬਰਨਾਲਾ ਸ਼ਹਿਰ ਵਿਚ ਇਕ ਵੱਡੇ ਧਮਾਕੇ ਦੀ ਆਵਾਜ਼ ਸੁਣਾਈ ਦਿੱਤੀ, ਜਿਸ ਨਾਲ ਸ਼ਹਿਰ ਵਿਚ ਡਰ ਦਾ ਮਾਹੌਲ ਪੈਦਾ ਹੋ ਗਿਆ ਅਤੇ ਸੋਸ਼ਲ ਮੀਡੀਆ 'ਤੇ ਚਰਚਾਵਾਂ ਦਾ ਦੌਰ ਸ਼ੁਰੂ ਹੋ ਗਿਆ। ਸੂਤਰਾਂ ਅਨੁਸਾਰ ਇਹ ਧਮਾਕਾ ਏਅਰ ਫੋਰਸ ਸਟੇਸ਼ਨ ਡਿਗਰੀ ਦੇ ਨੇੜੇ ਹੋਇਆ ਦੱਸਿਆ ਜਾ ਰਿਹਾ ਹੈ। ਕੁਝ ਲੋਕ ਇਸਨੂੰ ਮੌਕ ਡਰਿੱਲ ਦੱਸ ਰਹੇ ਹਨ ਅਤੇ ਕੁਝ ਅਸਲ ਵਿੱਚ ਹੋਇਆ ਧਮਾਕਾ ਦੱਸ ਰਹੇ ਹਨ। ਡਿਪਟੀ ਕਮਿਸ਼ਨਰ ਬਰਨਾਲਾ ਟੀ ਬੈਨਿਥ ਅਤੇ ਐਸਐਸਪੀ ਮੁਹੰਮਦ ਸਰਫਰਾਜ਼ ਆਲਮ ਨਾਲ ਸੰਪਰਕ ਕਰਨ 'ਤੇ ਉਨ੍ਹਾਂ ਦੱਸਿਆ ਕਿ ਜ਼ਿਲ੍ਹਾ ਪ੍ਰਸ਼ਾਸਨ ਪੂਰੀ ਘਟਨਾ ਦੀ ਜਾਣਕਾਰੀ ਲੈ ਰਿਹਾ ਹੈ ਅਤੇ ਜਲਦੀ ਹੀ ਵੇਰਵੇ ਦੱਸੇ ਜਾਣਗੇ। 

ਇਹ ਵੀ ਪੜ੍ਹੋ : ਭਾਰਤ-ਪਾਕਿ ਜੰਗ ਵਿਚਾਲੇ ਪੰਜਾਬ 'ਚ ਘੁੰਮ ਰਹੇ ਦੋ ਭਿਖਾਰੀਆਂ ਦੀਆਂ ਤਸਵੀਰਾਂ ਜਾਰੀ, ਕੀਤਾ ਗਿਆ ਅਲਰਟ

ਇਹ ਵੀ ਪਤਾ ਲੱਗਾ ਹੈ ਕਿ ਫਿਰੋਜ਼ਪੁਰ ਦੇ ਪਿੰਡ ਖਾਈ ਵਿਚ ਪਾਕਿਸਤਾਨੀ ਡਰੋਨ ਡਿੱਗਣ ਕਾਰਨ ਇਕ ਘਰ ਨੂੰ ਅੱਗ ਲੱਗ ਗਈ। ਅੱਗ ਲੱਗਣ ਨਾਲ ਇਕ ਪਰਿਵਾਰ ਦੇ ਤਿੰਨ ਮੈਂਬਰ ਬੁਰੀ ਤਰ੍ਹਾਂ ਝੁਲਸ ਗਏ। ਇਸ ਤੋਂ ਇਲਾਵਾ ਗੁਰਦਾਸਪੁਰ ਦੇ ਟਿੱਬਰੀ ਛਾਉਣੀ ਇਲਾਕੇ ਵਿਚ ਪਾਕਿਸਤਾਨ ਵੱਲੋਂ ਡਰੋਨ ਹਮਲੇ ਸ਼ੁਰੂ ਕਰ ਦਿੱਤੇ ਹਨ। ਇਕ ਤੋਂ ਬਾਅਦ ਇਕ ਤਿੰਨ ਧਮਾਕੇ ਹੋਏ। ਅੰਮ੍ਰਿਤਸਰ ਦੇ ਗੁਮਟਾਲਾ ਇਲਾਕੇ ਵਿਚ ਆਰਮੀ ਕੈਟ ਨੇੜੇ ਗੋਲੀਆਂ ਚੱਲਣ ਦੀ ਆਵਾਜ਼ ਸੁਣਾਈ ਦਿੱਤੀ। ਫਾਜ਼ਿਲਕਾ ਵਿਚ ਵੀ ਧਮਾਕਿਆਂ ਦੀ ਆਵਾਜ਼ ਸੁਣਾਈ ਦਿੱਤੀ ਹੈ।

ਇਹ ਵੀ ਪੜ੍ਹੋ : ਪਾਕਿਸਤਾਨ ਵੱਲੋਂ ਜਲੰਧਰ, ਅੰਮ੍ਰਿਤਸਰ, ਲੁਧਿਆਣਾ, ਪਠਾਨਕੋਟ, ਚੰਡੀਗੜ੍ਹ ਸਣੇ 15 ਥਾਵਾਂ 'ਤੇ ਹਮਲੇ

ਪੱਟੀ ਹਲਕੇ ਦੇ ਪਿੰਡ ਦੁਬਲੀ ਤੋਂ ਕਾਲੇਕੇ ਉਤਾੜ ਦੇ ਰਸਤੇ ਦੇ ਖੇਤਾਂ ਵਿਚ ਤੜਕੇ 5 ਵਜੇ ਦੇ ਕਰੀਬ ਡਰੋਨ ਨਾਲ ਹਮਲਾ ਹੋਇਆ, ਜਿਸ ਨਾਲ ਵੱਡਾ ਧਮਾਕਾ ਹੋਇਆ। ਪਿੰਡ ਵਾਸੀਆਂ ਨੇ ਜਦੋਂ ਜਾ ਕੇ ਦੇਖਿਆ ਤਾਂ ਉਸ ਥਾਂ ’ਤੇ ਕਾਫ਼ੀ ਵੱਡਾ ਟੋਇਆ ਪਿਆ ਹੋਇਆ ਸੀ ਤੇ ਡਰੋਨ ਦੇ ਕਾਫੀ ਟੁਕੜੇ ਆਸ-ਪਾਸ ਡਿੱਗੇ ਹੋਏ ਸਨ। ਪਿੰਡ ਵਾਸੀਆਂ ਵਲੋਂ ਇਸ ਦੀ ਤੁਰੰਤ ਸੂਚਨਾ ਥਾਣਾ ਸਦਰ ਪੱਟੀ ਨੂੰ ਦਿੱਤੀ ਗਈ, ਜਿਥੋਂ ਐਸ.ਐਚ.ਓ. ਗੁਰਚਰਨ ਸਿੰਘ ਪੁਲਿਸ ਪਾਰਟੀ ਸਮੇਤ ਮੌਕੇ ’ਤੇ ਪਹੁੰਚੇ।

ਇਸ ਤੋਂ ਇਲਾਵਾ ਬਠਿੰਡਾ ਦੇ ਭਿੱਸੀਆਣਾ ਏਅਰ ਪੋਰਟ ਨੇੜੇ ਧਮਾਕਾ ਹੋਇਆ ਹੈ, ਜਿਸ ਕਾਰਨ ਏਅਰ ਪੋਰਟ ਦੇ ਨੇੜਲੇ ਪਿੰਡਾਂ ਦੇ ਲੋਕ ਡਰ ਗਏ ਹਨ ਪਰ ਪ੍ਰਸ਼ਾਸਨ ਨੇ ਲੋਕਾਂ ਨੂੰ ਆਪਣੇ ਘਰਾਂ ਅੰਦਰ ਰਹਿਣ ਅਤੇ ਨਾ ਡਰਨ ਦੀ ਅਪੀਲ ਕੀਤੀ ਹੈ। ਦੱਸਿਆ ਜਾ ਰਿਹਾ ਕਿ ਇਹ ਡਰੋਨ ਹਮਲਾ ਸੀ, ਜਿਸ ਨੂੰ ਫੌਜ ਦੀ ਸੁਰੱਖਿਆ ਪ੍ਰਣਾਲੀ ਨਾਲ ਆਸਮਾਨ ਵਿਚ ਨਸ਼ਟ ਕੀਤਾ ਗਿਆ। 

ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e


author

Gurminder Singh

Content Editor

Related News