ਪੰਜਾਬ ਵਿਚ ਝੋਨੇ ਦੀ ਸਿੱਧੀ ਬਿਜਾਈ ਨੂੰ ਮਿਲਿਆ ਹੁਲਾਰਾ, 15 ਫ਼ੀਸਦ ਰਕਬਾ ਵਧਿਆ

Thursday, Jul 04, 2024 - 05:15 PM (IST)

ਚੰਡੀਗੜ੍ਹ : ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵੱਲੋਂ ਸੂਬੇ ਦੇ ਕਿਸਾਨਾਂ ਨੂੰ ਝੋਨੇ ਦੀ ਸਿੱਧੀ ਬਿਜਾਈ (ਡੀ.ਐੱਸ.ਆਰ.) ਨੂੰ ਅਪਣਾਉਣ ਲਈ ਕੀਤੇ ਯਤਨਾਂ ਨੂੰ ਵੱਡਾ ਹੁਲਾਰਾ ਮਿਲਿਆ ਹੈ। ਸਾਉਣੀ ਦੀ ਬਿਜਾਈ ਦਾ ਅੱਧਾ ਸੀਜ਼ਨ ਬਾਕੀ ਰਹਿਣ ਦੇ ਬਾਵਜੂਦ ਪਾਣੀ ਦੀ ਵੱਡੀ ਪੱਧਰ 'ਤੇ ਬੱਚਤ ਕਰਨ ਵਾਲੀ ਡੀ.ਐੱਸ.ਆਰ. ਤਕਨੀਕ ਅਧੀਨ ਰਕਬੇ ਵਿਚ ਪਿਛਲੇ ਸਾਲ ਦੇ ਮੁਕਾਬਲੇ 15 ਫ਼ੀਸਦ ਵਾਧਾ ਦਰਜ ਕੀਤਾ ਗਿਆ ਹੈ। ਇਸ ਵਾਰ ਦੋ ਲੱਖ ਏਕੜ ਤੋਂ ਵੱਧ ਰਕਬੇ ਵਿਚ ਝੋਨੇ ਦੀ ਸਿੱਧੀ ਬਿਜਾਈ ਹੋ ਚੁੱਕੀ ਹੈ, ਜੋ ਕਿ ਪਿਛਲੇ ਸਾਲ ਸਮੁੱਚੇ ਸਾਉਣੀ ਸੀਜ਼ਨ ਦੌਰਾਨ 1.72 ਲੱਖ ਏਕੜ ਸੀ। ਪੰਜਾਬ ਦੇ ਖੇਤੀਬਾੜੀ ਤੇ ਕਿਸਾਨ ਭਲਾਈ ਮੰਤਰੀ ਗੁਰਮੀਤ ਸਿੰਘ ਖੁੱਡੀਆਂ ਨੇ ਇਸ ਨੂੰ ਇਕ ਵੱਡੀ ਸਫ਼ਲਤਾ ਕਰਾਰ ਦਿੰਦਿਆਂ ਖੇਤੀਬਾੜੀ ਵਿਭਾਗ ਵੱਲੋਂ ਮਿੱਥੇ ਟੀਚੇ ਅਨੁਸਾਰ ਇਸ ਸੀਜ਼ਨ ਵਿਚ ਡੀ.ਐੱਸ.ਆਰ. ਤਕਨੀਕ ਅਧੀਨ 5 ਲੱਖ ਏਕੜ ਰਕਬੇ ‘ਚ ਝੋਨੇ ਦੀ ਸਿੱਧੀ ਬਿਜਾਈ ਹੋਣ ਦੀ ਆਸ ਪ੍ਰਗਟਾਈ ਹੈ।

ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਵੱਲੋਂ ਕਿਸਾਨਾਂ ਨੂੰ ਡੀ.ਐੱਸ.ਆਰ. ਤਕਨੀਕ ਅਪਣਾਉਣ ਲਈ ਉਤਸ਼ਾਹਿਤ ਕਰਨ ਲਈ 1500 ਰੁਪਏ ਪ੍ਰਤੀ ਏਕੜ ਵਿੱਤੀ ਸਹਾਇਤਾ ਦਿੱਤੀ ਜਾ ਰਹੀ ਹੈ। ਖੇਤੀਬਾੜੀ ਤੇ ਕਿਸਾਨ ਭਲਾਈ ਵਿਭਾਗ ਵੱਲੋਂ 2024-25 ਦੌਰਾਨ ਇਸ ਤਕਨੀਕ ਨੂੰ ਅਪਣਾਉਣ ਵਾਲੇ ਕਿਸਾਨਾਂ ਨੂੰ ਵਿੱਤੀ ਸਹਾਇਤਾ ਪ੍ਰਦਾਨ ਕਰਨ ਲਈ 50 ਕਰੋੜ ਰੁਪਏ ਰੱਖੇ ਗਏ ਹਨ। ਖੁੱਡੀਆਂ ਨੇ ਦੱਸਿਆ ਕਿ ਪੰਜਾਬ ਸਰਕਾਰ ਨੇ ਸਾਲ 2023-24 ਦੌਰਾਨ ਡੀ.ਐੱਸ.ਆਰ. ਤਕਨੀਕ ਅਪਣਾਉਣ ਵਾਲੇ 17,116 ਕਿਸਾਨਾਂ ਨੂੰ 20.33 ਕਰੋੜ ਰੁਪਏ ਦੀ ਵਿੱਤੀ ਸਹਾਇਤਾ ਪ੍ਰਦਾਨ ਕੀਤੀ ਗਈ ਸੀ।

ਪੰਜਾਬ ਸਰਕਾਰ ਵੱਲੋਂ ਧਰਤੀ ਹੇਠਲਾ ਪਾਣੀ ਬਚਾਉਣ ਲਈ ਕੀਤੇ ਜਾ ਰਹੇ ਯਤਨਾਂ ਦਾ ਹਿੱਸਾ ਬਣਨ ਦੀ ਅਪੀਲ ਕਰਦਿਆਂ ਸੂਬੇ ਦੇ ਹੋਰ ਕਿਸਾਨਾਂ ਨੂੰ ਝੋਨੇ ਦੀ ਸਿੱਧੀ ਬਿਜਾਈ ਕਰਨ ਲਈ ਪ੍ਰੇਰਿਤ ਕੀਤਾ। ਉਨ੍ਹਾਂ ਕਿਹਾ ਕਿ ਜਿਹੜੇ ਕਿਸਾਨਾਂ ਨੇ ਝੋਨੇ ਦੀ ਸਿੱਧੀ ਬਿਜਾਈ ਕੀਤੀ ਹੈ, ਉਨ੍ਹਾਂ ਨੂੰ ਵਿੱਤੀ ਸਹਾਇਤਾ ਪ੍ਰਾਪਤ ਕਰਨ ਲਈ 15 ਜੁਲਾਈ, 2024 ਤੱਕ ਪੋਰਟਲ agrimachinerypb.com ਉਤੇ ਰਜਿਸਟਰ ਕਰਨਾ ਹੋਵੇਗਾ। ਖੇਤੀਬਾੜੀ ਮੰਤਰੀ ਨੇ ਕਿਹਾ ਕਿ ਡੀ.ਐੱਸ.ਆਰ. ਤਕਨੀਕ ਨਾ ਸਿਰਫ਼ ਪਾਣੀ ਦੀ ਸੰਭਾਲ ਵਿਚ ਸਹਾਈ ਹੁੰਦੀ ਹੈ, ਸਗੋਂ ਇਸ ਨਾਲ ਮਜ਼ਦੂਰੀ ਦੀ ਲਾਗਤ ਵੀ ਘਟਦੀ ਹੈ ਅਤੇ ਵਧੇਰੇ ਝਾੜ ਪ੍ਰਾਪਤ ਹੁੰਦਾ ਹੈ।
 


Gurminder Singh

Content Editor

Related News