ਪੀ. ਆਰ. ਟੀ. ਸੀ. ਨੇ ਜਾਰੀ ਕੀਤੀ ਨੋਟੀਫਿਕੇਸ਼ਨ, ਜਾਣੋ ਕੱਲ੍ਹ ਤੋਂ ਕਿਹੜੇ-ਕਿਹੜੇ ਰੂਟ 'ਤੇ ਚੱਲਣਗੀਆਂ ਬੱਸਾਂ
Tuesday, May 19, 2020 - 06:07 PM (IST)
ਪਟਿਆਲਾ (ਜੋਸਨ, ਨਿਆਮੀਆਂ): ਪੰਜਾਬ ਟਰਾਂਸਪੋਰਟ ਵਿਭਾਗ ਦੀ ਨੋਟੀਫਿਕੇਸ਼ਨ ਤੋਂ ਬਾਅਦ ਪੀ.ਆਰ.ਟੀ.ਸੀ. ਨੇ ਆਪਣੀਆਂ ਚੋਣਵੇਂ ਰੂਟਾਂ ਤੇ ਆਪਣੀਆਂ ਬੱਸਾਂ ਚਲਾਉਣ ਦਾ ਫੈਸਲਾ ਲੈ ਲਿਆ ਹੈ। 20 ਮਈ ਤੋਂ ਪੀ.ਆਰ.ਟੀ.ਸੀ. ਦੇ ਪੰਜਾਬ 'ਚ ਪੈਂਦੇ ਕਰੀਬ 9 ਡਿੱਪੂਆਂ ਦੀਆਂ 80 ਰੂਟਾਂ ਤੇ ਬੱਸਾਂ ਸ਼ੁਰੂ ਹੋ ਰਹੀਆਂ ਹਨ। ਜਨਰਲ ਮੈਨੇਜਰ ਪ੍ਰਸ਼ਾਸਨ ਪੀ.ਆਰ.ਟੀ.ਸੀ. ਪਟਿਆਲਾ ਵਲੋਂ ਜਾਰੀ ਅਦੇਸ਼ਾਂ ਮੁਤਾਬਕ ਪੰਜਾਬ 'ਚ ਉਨ੍ਹਾਂ ਦੇ ਪਟਿਆਲਾ, ਸੰਗਰੂਰ, ਬੁਢਲਾਡਾ, ਬਠਿੰਡਾ, ਲੁਧਿਆਣਾ, ਫਰੀਦਕੋਟ, ਕਪੂਰਥਲਾ, ਬਰਨਾਲਾ ਅਤੇ ਯੂਟੀ ਚੰਡੀਗੜ੍ਹ ਡਿੱਪੂ ਪੈਂਦੇ ਹਨ। ਇਨ੍ਹਾਂ ਡਿੱਪੂਆਂ 'ਚ 20 ਮਈ ਤੋਂ ਪਟਿਆਲਾ ਦੇ 16 ਰੂਟਾਂ, ਸੰਗਰੂਰ ਦੇ 11,ਬੁਢਲਾਡਾ ਦੇ 10, ਬਠਿੰਡਾ ਦੇ 9, ਲੁਧਿਆਣਾ ਦੇ 9, ਫਰੀਦਕੋਟ ਦੇ 6, ਕਪੂਰਥਲਾ ਦੇ 6, ਬਰਨਾਲਾ ਦੇ 7 ਅਤੇ ਯੂਟੀ ਚੰਡੀਗੜ੍ਹ ਦੇ 6 ਰੂਟਾਂ ਤੇ ਬੱਸਾਂ ਚਲਾਈਆਂ ਜਾਣਗੀਆਂ।
ਕਿਹੜੇ-ਕਿਹੜੇ ਰੂਟਾਂ 'ਤੇ ਚੱਲਣਗੀਆਂ ਬੱਸਾਂ:
ਚੰਡੀਗੜ੍ਹ-ਡੱਬਵਾਲੀ ਵਾਇਆ ਪਟਿਆਲਾ ਬਠਿੰਡਾ, ਚੰਡੀਗੜ੍ਹ-ਫਿਰੋਜ਼ਪੁਰ ਵਾਇਆ ਲੁਧਿਆਣਾ, ਚੰਡੀਗੜ੍ਹ-ਅੰਮ੍ਰਿਤਸਰ ਵਾਇਆ ਨਵਾਂ ਸ਼ਹਿਰ, ਚੰਡੀਗੜ੍ਹ-ਪਠਾਨਕੋਟ ਵਾਇਆ ਹੁਸ਼ਿਆਰਪੁਰ, ਚੰਡੀਗੜ੍ਹ-ਅੰਬਾਲਾ ਅਤੇ ਚੰਡੀਗੜ੍ਹ-ਨੰਗਲ ਵਾਇਆ ਰੋਪੜ ਦੇ ਰੂਟਾਂ ’ਤੇ ਬੱਸ ਸਰਵਿਸ ਸ਼ੁਰੂ ਹੋਵੇਗੀ। ਲਿੰਕ ਸੜਕਾਂ ’ਤੇ ਹਾਲੇ ਬੱਸਾਂ ਦੀ ਆਵਾਜਾਈ ਸ਼ੁਰੂ ਨਹੀਂ ਹੋਵੇਗੀ। ਜੋ ਬੱਸਾਂ ਹੁਣ ਚੱਲਣੀਆਂ ਹਨ, ਉਹ ਵੀ ਰਸਤੇ ਵਿੱਚ ਨਹੀਂ ਰੁਕਣਗੀਆਂ। ਇਸੇ ਤਰ੍ਹਾਂ ਬਠਿੰਡਾ-ਮੋਗਾ-ਹੁਸ਼ਿਆਰਪੁਰ, ਲੁਧਿਆਣਾ-ਮਾਲੇਰਕੋਟਲਾ-ਪਾਤੜਾਂ, ਅਬੋਹਰ-ਮੋਗਾ-ਮੁਕਤਸਰ-ਜਲੰਧਰ, ਪਟਿਆਲਾ-ਮਾਨਸਾ-ਮਲੋਟ, ਫਿਰੋਜ਼ਪੁਰ-ਅੰਮ੍ਰਿਤਸਰ-ਪਠਾਨਕੋਟ, ਜਲੰਧਰ-ਅੰਬਾਲਾ ਕੈਂਟ, ਬਠਿੰਡਾ-ਅੰਮ੍ਰਿਤਸਰ, ਜਲੰਧਰ-ਨੂਰਮਹਿਲ, ਅੰਮ੍ਰਿਤਸਰ-ਡੇਰਾ ਬਾਬਾ ਨਾਨਕ, ਹੁਸ਼ਿਆਰਪੁਰ-ਟਾਂਡਾ, ਜਗਰਾਓਂ-ਰਾਏਕੋਟ, ਮੁਕਤਸਰ-ਬਠਿੰਡਾ, ਫਿਰੋਜ਼ਪੁਰ-ਮੁਕਤਸਰ, ਬੁਢਲਾਡਾ-ਰਤੀਆ, ਫਿਰੋਜ਼ਪੁਰ-ਫਾਜ਼ਿਲਕਾ, ਫਰੀਦਕੋਟ-ਲੁਧਿਆਣਾ-ਚੰਡੀਗੜ੍ਹ, ਬਰਨਾਲਾ-ਸਿਰਸਾ ਆਦਿ ਰੂਟਾਂ ’ਤੇ ਬੱਸ ਸਰਵਿਸ ਸ਼ੁਰੂ ਹੋਵੇਗੀ। ਇਸ ਤੋਂ ਇਲਾਵਾ ਲੁਧਿਆਣਾ-ਜਲੰਧਰ-ਅੰਮ੍ਰਿਤਸਰ, ਗੋਇੰਦਵਾਲ ਸਾਹਿਬ-ਪੱਟੀ, ਹੁਸ਼ਿਆਰਪੁਰ-ਨੰਗਲ, ਅਬੋਹਰ-ਬਠਿੰਡਾ-ਸਰਦੂਲਗੜ੍ਹ, ਲੁਧਿਆਣਾ-ਸੁਲਤਾਨਪੁਰ ਅਤੇ ਫਗਵਾੜਾ-ਨਕੋਦਰ ਰੂਟ ਆਦਿ ’ਤੇ ਵੀ ਬੱਸ ਸਰਵਿਸ ਸ਼ੁਰੂ ਹੋਵੇਗੀ।
ਖਾਸ ਗੱਲ ਇਹ ਰਹੇਗੀ ਕਿ ਇਹ ਬੱਸ ਚੱਲਣ ਵਾਲੇ ਸਟੇਸ਼ਨ ਤੋਂ ਲੈ ਕੇ ਰੁਕਣ ਵਾਲੇ ਸਟੇਸ਼ਨ ਤੱਕ ਰਸਤੇ 'ਚ ਕੋਈ ਸਵਾਰੀ ਨਹੀ ਚੁੱਕੇਗੀ ਅਤੇ ਜ਼ਿਲੇ ਦੇ ਕੇਵਲ ਹੈਡਕਵਾਰਟਰ ਤੇ ਹੀ ਸਵਾਰੀਆਂ ਨੂੰ ਉਤਾਰਿਆ ਜਾ ਸਕੇਗਾ। ਵਿਭਾਗੀ ਆਦੇਸ਼ਾਂ ਅਨੁਸਾਰ ਬੱਸ ਦੇ ਚੱਲਣ ਤੋਂ ਪਹਿਲਾਂ 'ਚ ਬੈਠੀਆਂ ਸਵਾਰੀਆਂ ਦੀਆਂ ਟਿਕਟਾਂ ਐਡਵਾਂਸ ਬੁਕਿੰਗ ਏਜੰਟ ਵਲੋਂ ਜਾਂ ਕੰਡਕਟਰ ਵੱਲੋਂ ਬੱਸ ਸਟੈਂਡ ਤੇ ਹੀ ਕੱਟੀਆਂ ਜਾਣਗੀਆਂ। ਇਸਦੇ ਨਾਲ ਹੀ ਮੁਫਤ ਜਾਂ ਰਿਆਇਤੀ ਦਰਾਂ ਤੇ ਸਫਰ ਕਰਨ ਵਾਲੇ ਯਾਤਰੀਆਂ ਦੇ ਇੰਚਰਾਜ ਵੀ ਮੌਕੇ ਹੀ ਹੋਵੇਗਾ। ਕਿਸੇ ਵੀ ਬੱਸ ਵਿੱਚ ਸਵਾਰੀਆਂ ਦੇ ਬੈਠਣ ਦੇ ਸਮਰੱਥਾ ਪਹਿਲਾਂ ਨਾਲੋਂ 50 ਫੀਸਦੀ ਹੋਵੇਗੀ। ਬੱਸ ਵਿੱਚ ਚੜਨ ਅਤੇ ਉਤਰਨ ਸਮੇਂ ਇੱਕ ਮੀਟਰ ਦੇ ਸਮਾਜਿਕ ਦੂਰੀ ਦੀ ਪਾਲਣਾ ਸਖਤੀ ਨਾਲ ਲਾਗੂ ਕਰਨੀ ਪਵੇਗੀ। ਹਰ ਸਵਾਰੀ ਅਤੇ ਕੰਡਕਟਰ-ਡਰਾਈਵਰ ਨੂੰ ਮਾਸਕ ਪਾਉਣੇ ਜਰੂਰੀ ਹੋਣਗੇ ਅਤੇ ਬੱਸ ਸੈਨੇਟਾਈਜ਼ ਕਰਨਾ ਵੀ ਜ਼ਰੂਰੀ ਹੋਵੇਗਾ।