ਯੂਥ ਕਾਂਗਰਸ ਦੀ ਭੁੱਖ ਹੜਤਾਲ ਖੁਲਵਾਈ, ਕੀਤਾ ਰੋਸ ਮਾਰਚ
Saturday, Feb 24, 2018 - 02:55 PM (IST)

ਸੰਗਰੂਰ (ਬੇਦੀ, ਵਿਵੇਕ, ਸਿੰਧਵਾਨੀ, ਯਾਦਵਿੰਦਰ) — ਪੀ. ਐੱਨ. ਬੀ. ਘੋਟਾਲੇ ਨੂੰ ਲੈ ਕੇ ਯੁਥ ਕਾਂਗਰਸ ਵਲੋਂ ਸ਼ਹਿਰ ਦੇ ਮੇਨ ਬ੍ਰਾਂਚ ਪੀ. ਐੱਨ. ਬੀ. ਸਾਹਮਣੇ 24 ਘੰਟਿਆਂ ਲਈ ਸ਼ੁਰੂ ਕੀਤੀ ਗਈ ਭੁੱਖ ਹੜਤਾਲ ਅੱਜ ਦੂਜੇ ਦਿਨ ਹਲਕਾ ਧੂਰੀ ਦੇ ਵਿਧਾਇਕ ਦਲਬੀਰ ਸਿੰਘ ਗੋਲਡੀ ਖੰਗੂੜਾ ਤੇ ਜ਼ਿਲਾ ਕਾਂਗਰਸ ਦੇ ਪ੍ਰਧਾਨ ਰਜਿੰਦਰ ਸਿੰਘ ਰਾਜਾ ਬੀਰਕਲਾਂ ਨੇ ਜੂਸ ਪਿਲਾ ਕੇ ਖੁਲਵਾ ਦਿੱਤਾ, ਜਿਸ ਤੋਂ ਬਾਅਦ ਯੂਥ ਕਾਂਗਰਸੀਆਂ ਵਲੋਂ ਵਿਧਾਇਕ ਗੋਲਡੀ ਦੀ ਅਗਵਾਈ 'ਚ ਬਾਜ਼ਾਰ 'ਚੋਂ ਮੋਦੀ ਸਰਕਾਰ ਵਿਰੁੱਧ ਰੋਸ ਮਾਰਚ ਕਰਦਿਆਂ ਦੇਸ਼ ਦੇ ਰਾਸ਼ਟਰਪਤੀ ਦੇ ਨਾਮ ਮੋਦੀ ਸਰਕਾਰ ਨੂੰ ਭੰਗ ਕਰਨ ਦੀ ਮੰਗ ਨੂੰ ਲੈ ਕੇ ਵਧੀਕ ਡਿਪਟੀ ਕਮਿਸ਼ਨਰ ਸਿੰਘ ਨੂੰ ਮੰਗ ਪੱਤਰ ਵੀ ਸੌਂਪਿਆ ਗਿਆ।
ਇਸ ਮੌਕੇ ਪੱਤਰਕਾਰਾਂ ਦੇ ਨਾਲ ਗਲਬਾਤ ਕਰਦੇ ਵਿਧਾਇਕ ਗੋਲਡੀ ਨੇ ਕਿਹਾ ਕਿ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਆਪਣੇ 4 ਸਾਲਾ ਦੇ ਕਾਰਜਕਾਲ ਦੌਰਾਨ ਪੂਰੀ ਤਰ੍ਹਾਂ ਫੇਲ ਸਾਬਿਤ ਹੋਈ ਹੈ, ਜਿਨ੍ਹਾਂ ਨੂੰ ਸੱਤਾ 'ਚ ਰਹਿਣ ਦਾ ਕੋਈ ਅਧਿਕਾਰ ਨਹੀਂ ਹੈ। ਜ਼ਿਲਾ ਪ੍ਰਧਾਨ ਰਾਜਾ ਬੀਰਕਲਾਂ ਨੇ ਆਪਣੇ ਸੰਬੋਧਨ 'ਚ ਕਿਹਾ ਕਿ ਚੋਣ ਤੋਂ ਪਹਿਲਾਂ ਵੱਡੀਆਂ-ਵੱਡੀਆਂ ਗੱਲਾਂ ਕਰਨ ਵਾਲੇ ਨਰਿੰਦਰ ਮੋਦੀ ਅੱਜ ਦੇਸ਼ ਦੀ ਜਨਤਾ ਦੇ ਪਿੱਛੇ ਹੱਥ ਧੋ ਕੇ ਪੈ ਗਏ ਹਨ, ਜੋ ਦੇਸ਼ ਦੇ ਹਰ ਵਰਗ ਨੂੰ ਕਮਜ਼ੋਰ ਕਰਨ ਲਈ ਬਿਨ੍ਹਾਂ ਕਿਸੇ ਯੋਜਨਾ ਦੇ ਨੋਟਬੰਦੀ, ਜੀ. ਐੱਸ. ਟੀ. ਜਿਹੀਆਂ ਯੋਜਨਾਵਾਂ ਲਾਗੂ ਕਰ ਰਹੇ ਹਨ। ਪੰਜਾਬ ਯੂਥ ਕਾਂਗਰਸ ਦੀ ਮਹਾ ਸਕੱਤਰ ਬੀਬੀ ਪੂਨਮ ਕਾਂਗੜਾ ਨੇ ਕਿਹਾ ਕਿ ਮੋਦੀ ਸਰਕਾਰ ਅੱਜ ਘੋਟਾਲਿਆਂ ਦੀ ਸਰਕਾਰ ਬਣ ਕੇ ਰਹਿ ਗਈ ਹੈ। ਉਨ੍ਹਾਂ ਕਿਹਾ ਕਿ ਬੜੇ ਦੁੱਖ ਦੀ ਗੱਲ ਹੈ ਕਿ ਪ੍ਰਧਾਨ ਮੰਤਰੀ ਵਲੋਂ ਇਨ੍ਹਾਂ ਘੋਟਾਲਿਆਂ ਸੰਬੰਧੀ ਅਜੇ ਤਕ ਕੋਈ ਸਪੱਸ਼ਟੀਕਰਨ ਨਹੀਂ ਦਿੱਤਾ ਗਿਆ।
ਰੋਸ ਮਾਰਚ 'ਚ ਲੋਕ ਸਭਾ ਯੂਥ ਕਾਂਗਰਸ ਦੇ ਉਪ ਪ੍ਰਧਾਨ ਰਛਪਾਲ ਸਿੰਘ ਕੈਰੇ, ਜਗਤਾਰ ਸਿੰਘ, ਜਸਕਰਨ ਸਿੰਘ ਆਦਿ ਹਾਜ਼ਰ ਸਨ।