ਲੋਕਾਂ ਲਈ ਪ੍ਰੇਸ਼ਾਨੀਆਂ ਦਾ ਕਾਰਨ ਬਣਦੇ ਨੇ ਓਵਰਲੋਡ ਵਾਹਨ

Monday, Nov 13, 2017 - 10:50 AM (IST)

ਲੋਕਾਂ ਲਈ ਪ੍ਰੇਸ਼ਾਨੀਆਂ ਦਾ ਕਾਰਨ ਬਣਦੇ ਨੇ ਓਵਰਲੋਡ ਵਾਹਨ


ਗਿੱਦੜਬਾਹਾ (ਸੰਧਿਆ) - ਸ਼ਹਿਰ ਦੀਆਂ ਸੜਕਾਂ 'ਤੇ ਟ੍ਰੈਫਿਕ ਨਿਯਮਾਂ ਦੀ ਉਲੰਘਣਾ ਕਰਦੇ ਹੋਏ ਅੰਨ੍ਹੇਵਾਹ ਚੱਲਦੇ ਓਵਰਲੋਡ ਵਾਹਨ ਲੋਕਾਂ ਲਈ ਪ੍ਰੇਸ਼ਾਨੀਆਂ ਦਾ ਮੁੱਖ ਕਾਰਨ ਬਣੇ ਹੋਏ ਹਨ। ਓਵਰਲੋਡ ਵਾਹਨਾਂ ਕਾਰਨ ਵੀ ਸੜਕੀ ਹਾਦਸੇ ਵੱਡੀ ਗਿਣਤੀ 'ਚ ਵਾਪਰਦੇ ਹਨ। ਇਹ ਵਾਹਨ ਨਿਰਧਾਰਤ ਕੀਤੇ ਵਜ਼ਨ ਤੋਂ ਜ਼ਿਆਦਾ ਮਾਤਰਾ ਵਿਚ ਮਾਲ ਲੋਡ ਕਰਦੇ ਹਨ, ਜਿਸ ਨਾਲ ਕਿ ਹਾਦਸਾ ਹੋਣਾ ਆਮ ਗੱਲ ਹੈ। 
ਇਨ੍ਹਾਂ ਓਵਰਲੋਡ ਵਾਹਨਾਂ ਕਾਰਨ ਪਿਛਲੇ ਵਾਹਨਾਂ ਨੂੰ ਕਾਫੀ ਦਿੱਕਤ ਆਉਂਦੀ ਹੈ ਕਿਉਂਕਿ ਓਵਰਲੋਡ ਵਾਹਨਾਂ ਨੂੰ ਓਵਰਟੇਕ ਕਰਨਾ ਕਈ ਵਾਰ ਉਨ੍ਹਾਂ ਲਈ ਖਤਰਨਾਕ ਸਾਬਤ ਹੋ ਜਾਂਦਾ ਹੈ ਕਿਉਂਕਿ ਓਵਰਲੋਡ ਵਾਹਨਾਂ ਕਾਰਨ ਉਨ੍ਹਾਂ ਨੂੰ ਅੱਗੇ ਤੋਂ ਆਉਂਦੀ ਚੀਜ਼ ਦਿਖਾਈ ਨਹੀਂ ਦਿੰਦੀ, ਜਿਸ ਕਾਰਨ ਹਾਦਸਾ ਵਾਪਰ ਜਾਂਦਾ ਹੈ ਤੇ ਜਾਨੀ-ਮਾਲੀ ਨੁਕਸਾਨ ਹੋ ਜਾਂਦਾ ਹੈ। ਇਨ੍ਹਾਂ ਓਵਰਲੋਡ ਵਾਹਨਾਂ ਦਾ ਸ਼ਹਿਰ ਵਿਚੋਂ ਨਿਕਲਣ ਦਾ ਕੋਈ ਨਿਰਧਾਰਤ ਸਮਾਂ ਨਹੀਂ ਹੈ। ਸ਼ਹਿਰ ਦੇ ਭੀੜੇ ਬਾਜ਼ਾਰਾਂ ਵਿਚੋਂ ਵੀ ਇਹ ਓਵਰਲੋਡ ਵਾਹਨ ਨਿਕਲਦੇ ਹਨ, ਜਿਸ ਨਾਲ ਕਿ ਕਾਫੀ ਨੁਕਸਾਨ ਹੁੰਦਾ ਹੈ ਤੇ ਕਈ ਵਾਰ ਇਹ ਵਾਹਨ ਨਿਕਲਣ ਲੱਗਿਆ ਬਿਜਲੀ ਦੀਆਂ ਤਾਰਾਂ ਨੂੰ ਆਪਣੀ ਚਪੇਟ ਵਿਚ ਲੈ ਲੈਂਦੇ ਹਨ, ਜਿਸ ਨਾਲ ਇਕ ਪਾਸੇ ਤਾਂ ਬਿਜਲੀ ਵਿਭਾਗ ਦਾ ਨੁਕਸਾਨ ਹੁੰਦਾ ਹੈ ਤੇ ਦੂਜੇ ਪਾਸੇ ਲੋਕਾਂ ਨੂੰ ਲਾਈਟ ਖਰਾਬ ਹੋਣ ਨਾਲ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈਂਦਾ ਹੈ।
ਸ਼ਹਿਰ ਵਾਸੀਆਂ ਨੇ ਪ੍ਰਸ਼ਾਸਨ ਦੇ ਉੱਚ ਅਧਿਕਾਰੀਆਂ ਤੋਂ ਮੰਗ ਕੀਤੀ ਹੈ ਕਿ ਇਨ੍ਹਾਂ ਓਵਰਲੋਡ ਵਾਹਨਾਂ ਦਾ ਸ਼ਹਿਰ ਵਿਚੋਂ ਨਿਕਲਣ ਦਾ ਕੋਈ ਇਕ ਸਮਾਂ ਨਿਰਧਾਰਤ ਕੀਤਾ ਜਾਵੇ ਤਾਂ ਜੋ ਲੋਕਾਂ ਨੂੰ ਇਨ੍ਹਾਂ ਵਾਹਨਾਂ ਤੋਂ ਆ ਰਹੀਆਂ ਸਮੱਸਿਆਵਾਂ ਤੋਂ ਨਿਜਾਤ ਮਿਲ ਸਕੇ।


Related News