ਨਸ਼ੇ ਦੀ ਓਵਰਡੋਜ਼ ਕਾਰਨ ਇਕ ਹੋਰ ਨੌਜਵਾਨ ਦੀ ਮੌਤ
Sunday, Dec 02, 2018 - 03:48 PM (IST)

ਜਲਾਲਾਬਾਦ (ਸੇਤੀਆ,ਜਤਿੰਦਰ) : ਐਤਵਾਰ ਨੂੰ ਉਪਮੰਡਲ ਦੇ ਪੈਂਦੇ ਪਿੰਡ ਮਹਾਲਮ 'ਚ ਨਸ਼ੇ ਦੀ ਓਵਰਡੋਜ਼ ਕਾਰਨ ਇਕ ਨੌਜਵਾਨ ਦੀ ਮੌਤ ਹੋ ਗਈ। ਮ੍ਰਿਤਕ ਦੀ ਪਛਾਣ ਬੇਅੰਤ ਸਿੰਘ (30) ਪੁੱਤਰ ਬੋਹੜ ਸਿੰਘ ਵਾਸੀ ਪਿੰਡ ਜਾਨੀਸਰ (ਛੀਬਿਆਂ ਵਾਲਾ) ਵਜੋਂ ਹੋਈ ਹੈ। ਬੇਅੰਤ ਆਪਣੇ ਪਿੱਛੇ 6 ਮਹੀਨਿਆਂ ਦਾ ਬੇਟਾ ਛੱਡ ਗਿਆ ਹੈ। ਜਾਣਕਾਰੀ ਅਨੁਸਾਰ ਪਿੰਡ ਮਹਾਲਮ 'ਚ ਜਿਵੇਂ ਨੌਜਵਾਨ ਦੀ ਮੌਤ ਦੀ ਖਬਰ ਮਿਲੀ ਤਾਂ ਪਰਿਵਾਰਕ ਮੈਂਬਰ ਮੌਕੇ 'ਤੇ ਪਹੁੰਚ ਗਏ ਅਤੇ ਉਨ੍ਹਾਂ ਨੇ ਲਾਸ਼ ਨੂੰ ਥਾਂਣੇ ਲਿਆਂਦਾ ਪਰ ਥਾਣੇ ਵਿਚ ਐੱਸ. ਐੱਚ. ਓ. ਹਾਜ਼ਰ ਨਹੀਂ ਸੀ ਅਤੇ ਨਾ ਹੀ ਇਸ ਘਟਨਾ ਤੋਂ ਬਾਅਦ ਕੋਈ ਉੱਚ ਅਧਿਕਾਰੀ ਮੌਕੇ 'ਤੇ ਪਹੁੰਚਿਆ। ਪਰਿਵਾਰਕ ਮੈਂਬਰਾਂ ਵਲੋਂ ਲਾਸ਼ ਨੂੰ ਥਾਂਣੇ ਸਾਹਮਣੇ ਰੱਖ ਕੇ ਰੋਸ ਪ੍ਰਦਰਸ਼ਨ ਕੀਤਾ ਗਿਆ।
ਮ੍ਰਿਤਕ ਨੌਜਵਾਨ ਦੇ ਰਿਸ਼ਤੇਦਾਰਾਂ ਨੇ ਦੱਸਿਆ ਕਿ ਬੇਅੰਤ ਸਿੰਘ ਮਹਾਲਮ ਵਾਸੀ ਇਕ ਸ਼ੀਲੋ ਨਾਮ ਦੀ ਔਰਤ ਦੇ ਘਰ ਨਸ਼ਾ ਕਰਨ ਲਈ ਗਿਆ ਸੀ ਅਤੇ ਕਰੀਬ 12 ਵਜੇ ਉਸਦੇ ਘਰ ਦੇ ਬਾਹਰੋਂ ਬੇਅੰਤ ਸਿੰਘ ਦੀ ਲਾਸ਼ ਮਿਲੀ। ਪਰਿਵਾਰਕ ਮੈਂਬਰਾਂ ਨੇ ਦੋਸ਼ ਲਗਾਇਆ ਗਿਆ ਕਿ ਉਕਤ ਔਰਤ ਕਾਫੀ ਸਮੇਂ ਤੋਂ ਨਸ਼ਾ ਵੇਚ ਰਹੀ ਹੈ ਪਰ ਕੋਈ ਕਾਰਵਾਈ ਨਹੀਂ ਹੋਈ ਅਤੇ ਐਤਵਾਰ ਨੂੰ ਉਨ੍ਹਾਂ ਦਾ ਬੇਟਾ ਵੀ ਨਸ਼ੇ ਦੀ ਭੇਂਟ ਚੜ੍ਹ ਗਿਆ।
ਇਸ ਸੰਬੰਧੀ ਜਦੋਂ ਡੀ. ਐੱਸ. ਪੀ. ਜਸਪਾਲ ਸਿੰਘ ਧਾਮੀ ਨਾਲ ਗੱਲਬਾਤ ਕੀਤੀ ਗਈ ਤਾਂ ਉਨ੍ਹਾਂ ਦੱਸਿਆ ਕਿ ਪਰਿਵਾਰਕ ਮੈਂਬਰਾਂ ਦੇ ਬਿਆਨਾਂ 'ਤੇ ਆਰੋਪੀ ਔਰਤ ਖਿਲਾਫ ਬਣਦੀ ਕਾਨੂੰਨੀ ਕਾਰਵਾਈ ਕੀਤੀ ਜਾ ਰਹੀ ਹੈ ਅਤੇ ਜਲਦ ਹੀ ਉਹ ਔਰਤ ਸਲਾਖਾ ਪਿੱਛੇ ਹੋਵੇਗੀ। ਇਸ ਤੋਂ ਇਲਾਵਾ ਪਰਿਵਾਰਕ ਮੈਂਬਰਾਂ ਦੇ ਕਹਿਣ ਮੁਤਾਬਿਕ ਕਿ ਮੌਕੇ ਤੇ ਮੁਲਾਜ਼ਿਮ ਵਲੋਂ ਗਲਤ ਸ਼ਬਦਾਵਲੀ ਵਰਤੀ ਗਈ ਤਾਂ ਉਸ ਸੰਬੰਧੀ ਡੀ. ਐੱਸ. ਪੀ. ਨੇ ਕਿਹਾ ਕਿ ਉਹ ਮੌਕੇ 'ਤੇ ਜਾ ਰਹੇ ਹਨ ਅਤੇ ਇਸ ਸੰਬੰਧੀ ਵੀ ਜਾਂਚ ਕੀਤੀ ਜਾਵੇਗੀ। ਇਸ ਸੰਬੰਧੀ ਜ਼ਿਲਾ ਪੁਲਸ ਮੁਖੀ ਕੇਤਨ ਬਲੀ ਰਾਮ ਪਾਟਿਲ ਨਾਲ ਫੋਨ 'ਤੇ ਸੰਪਰਕ ਕਰਨ ਦੀ ਕੋਸ਼ਿਸ਼ ਕੀਤੀ ਪਰ ਦੋ ਵਾਰ ਫੋਨ ਕਰਨ 'ਤੇ ਉਨ੍ਹਾਂ ਨੇ ਫੋਨ ਨਹੀਂ ਚੁੱਕਿਆ।