ਮੁੱਖ ਸਕੱਤਰ ਵਲੋਂ ਵਿਭਾਗੀ ਅਧਿਕਾਰੀਆਂ ਨੂੰ ਆਦੇਸ਼, ਮੌਜੂਦਾ ਸਥਿਤੀ ਨਾਲ ਨਜਿੱਠਣ ਲਈ 33.50 ਕਰੋੜ ਰੁਪਏ ਜਾਰੀ
Monday, Jul 10, 2023 - 06:22 PM (IST)
ਚੰਡੀਗੜ੍ਹ (ਬਿਊਰੋ) : ਸੂਬੇ ਭਰ ਅਤੇ ਪਹਾੜੀ ਸਥਾਨਾਂ ’ਤੇ ਲਗਾਤਾਰ ਪੈ ਰਹੀ ਭਾਰੀ ਬਾਰਸ਼ ਕਾਰਨ ਸਥਿਤੀ ਦਾ ਜਾਇਜ਼ਾ ਲੈਣ ਅਤੇ ਸੂਬੇ ’ਚ ਰਾਹਤ ਕਾਰਜਾਂ ਨੂੰ ਤੇਜ਼ ਕਰਨ ਲਈ ਮੁੱਖ ਸਕੱਤਰ ਅਨੁਰਾਗ ਵਰਮਾ ਵੱਲੋਂ ਸੋਮਵਾਰ ਨੂੰ ਸਬੰਧਤ ਵਿਭਾਗਾਂ ਦੇ ਪ੍ਰਬੰਧਕੀ ਸਕੱਤਰਾਂ ਅਤੇ ਵੀਡਿਓ ਕਾਨਫਰਸਿੰਗ ਰਾਹੀਂ ਸਮੂਹ ਜ਼ਿਲ੍ਹਿਆਂ ਦੇ ਡਿਪਟੀ ਕਮਿਸ਼ਨਰ ਅਤੇ ਐੱਸ. ਐੱਸ. ਪੀਜ਼ ਨਾਲ ਉਚ ਪੱਧਰੀ ਮੀਟਿੰਗ ਕੀਤੀ ਗਈ। ਮੀਟਿੰਗ ’ਚ ਮੁੱਖ ਮੰਤਰੀ ਦੇ ਵਿਸ਼ੇਸ਼ ਮੁੱਖ ਸਕੱਤਰ ਏ ਵੇਣੂ ਪ੍ਰਸਾਦ, ਡੀ. ਜੀ. ਪੀ. ਗੌਰਵ ਯਾਦਵ ਅਤੇ ਸੈਨਾ ਅਤੇ ਐੱਨ. ਡੀ. ਆਰ. ਐੱਫ. ਦੇ ਨੁਮਾਇੰਦੇ ਵੀ ਹਾਜ਼ਰ ਸਨ। ਮੁੱਖ ਸਕੱਤਰ ਵਰਮਾ ਨੇ ਕਿਹਾ ਕਿ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਸੂਬੇ ’ਚ ਪੈਦਾ ਹੋਈ ਸਥਿਤੀ ਦੀ ਨਿਗਰਾਨੀ ਕਰਨ ਅਤੇ ਹੜ੍ਹਾਂ ਦੇ ਸੰਭਾਵੀ ਖਤਰੇ ਨਾਲ ਨਜਿੱਠਣ ਲਈ ਦਿੱਤੇ ਨਿਰਦੇਸ਼ਾਂ ਉਤੇ ਚੱਲਦਿਆਂ ਫੀਲਡ ’ਚ ਜ਼ਿਲ੍ਹਿਆਂ ਦਾ ਸਿਵਲ ਅਤੇ ਪੁਲਸ ਪ੍ਰਸ਼ਾਸਨ ਮੁਸਤੈਦੀ ਨਾਲ ਤਾਇਨਾਤ ਹੈ ਜਿਨ੍ਹਾਂ ’ਚ ਡਿਪਟੀ ਕਮਿਸ਼ਨਰ, ਐੱਸ.ਐੱਸ.ਪੀ., ਐੱਸ.ਡੀ.ਐੱਮਜ਼, ਤਹਿਸੀਲਦਾਰ, ਬੀ.ਡੀ.ਪੀ.ਓਜ਼, ਪਟਵਾਰੀ ਸਣੇ ਸਬੰਧਤ ਵਿਭਾਗਾਂ ਦੇ ਫੀਲਡ ਅਧਿਕਾਰੀ ਸ਼ਾਮਲ ਹਨ। ਉਨ੍ਹਾਂ ਕਿਹਾ ਕਿ ਫੀਲਡ ਅਧਿਕਾਰੀ ਲੋਕ ਨੁਮਾਇੰਦਿਆਂ ਅਤੇ ਆਮ ਲੋਕਾਂ ਨਾਲ ਤਾਲਮੇਲ ਬਿਠਾਉਦੇ ਹੋਏ ਨਿਰੰਤਰ ਰਾਬਤਾ ਬਣਾ ਕੇ ਰੱਖਣ। ਉਨ੍ਹਾਂ ਦੱਸਿਆ ਕਿ ਮੌਜੂਦਾ ਸਥਿਤੀ ਨਾਲ ਨਜਿੱਠਣ ਲਈ ਫੰਡਾਂ ਦੀ ਕੋਈ ਘਾਟ ਨਹੀਂ ਹੈ ਅਤੇ ਸੂਬੇ ਦੇ ਆਫ਼ਤਨ ਰਾਹਤ ਫੰਡ ’ਚੋਂ 33.50 ਕਰੋੜ ਰੁਪਏ ਤੁਰੰਤ ਜਾਰੀ ਕਰ ਦਿੱਤੇ ਗਏ ਹਨ।
ਮੀਟਿੰਗ ’ਚ ਜਲ ਸਰੋਤ ਵਿਭਾਗ ਵੱਲੋਂ ਸੂਬੇ ਭਰ ’ਚ ਜਲ ਭੰਡਾਰਾਂ ਦੀ ਸਥਿਤੀ ਬਾਰੇ ਜਾਣਕਾਰੀ ਦਿੱਤੀ ਗਈ। ਭਾਖੜਾ ਡੈਮ ’ਚ ਇਸ ਵਾਲੇ ਪਾਣੀ ਦਾ ਪੱਧਰ 1614.89 ਫੁੱਟ ਹੈ ਜਦੋਂ ਕਿ ਸਮਰੱਥਾ 1680 ਫੁੱਟ ਹੈ। ਇਸੇ ਤਰ੍ਹਾਂ ਪੌਂਗ ਡੈਮ ਵਿੱਚ ਪਾਣੀ ਦਾ ਪੱਧਰ 1350.63 ਫੁੱਟ ਹੈ ਜਦੋਂ ਕਿ ਸਮਰੱਥਾ 1390 ਫੁੱਟ ਹੈ। ਰਣਜੀਤ ਸਾਗਰ ਡੈਮ ਵਿੱਚ ਪਾਣੀ ਦਾ ਪੱਧਰ 1706.26 ਫੁੱਟ ਹੈ ਜਦੋਂ ਕਿ ਸਮਰੱਥਾ 1731.99 ਫੁੱਟ ਹੈ। ਅਨੁਰਾਗ ਵਰਮਾ ਨੇ ਕਿਹਾ ਕਿ ਮਨੁੱਖੀ ਜਾਨਾਂ ਸਭ ਤੋਂ ਕੀਮਤੀ ਹਨ ਅਤੇ ਉਨ੍ਹਾਂ ਨੂੰ ਬਚਾਉਣਾ ਪ੍ਰਮੁੱਖ ਤਰਜੀਹ ਹੈ। ਉਨਾਂ ਕਿਹਾ ਕਿ ਨੀਵੇਂ ਪਾਣੀ ਵਾਲੇ ਖੇਤਰਾਂ ਅਤੇ ਹੜਾਂ ਦੇ ਸੰਭਾਵੀ ਖਤਰੇ ਵਾਲੇ ਇਲਾਕਿਆਂ ’ਚੋਂ ਲੋਕਾਂ ਨੂੰ ਸੁਰੱਖਿਅਤ ਕੱਢਣ ਨੂੰ ਪਹਿਲ ਦਿੱਤੀ ਜਾਵੇ ਅਤੇ ਲੋਕਾਂ ਨੂੰ ਜਾਗਰੂਕ ਕੀਤਾ ਜਾਵੇ। ਇਸੇ ਤਰ੍ਹਾਂ ਖੁਰਾਕ ਤੇ ਸਿਵਲ ਸਪਲਾਈ ਵਿਭਾਗ ਨੂੰ ਲੋੜ ਪੈਣ ਉਤੇ ਖਾਣ ਵਾਲੇ ਪੈਕੇਟ ਤਿਆਰ ਕਰਨ ਲਈ ਕਿਹਾ। ਇਸ ਕੰਮ ਲਈ ਧਾਰਮਿਕ ਤੇ ਸਮਾਜਿਕ ਸੰਸਥਾਵਾਂ ਨਾਲ ਤਾਲਮੇਲ ਕਰਕੇ ਲੋੜੀਂਦੇ ਸਰਕਾਰੀ ਫੰਡਾਂ ਦੀ ਵਰਤੋਂ ਕੀਤੀ ਜਾਵੇ। ਬਿਜਲੀ ਤੇ ਟੈਲੀਕਾਮ ਵਿਭਾਗ ਨੂੰ ਆਪਣੀਆਂ ਸੇਵਾਵਾਂ ਨਿਰਵਿਘਨ ਜਾਰੀ ਰੱਖਣਾ ਯਕੀਨੀ ਬਣਾਉਣ ਲਈ ਕਿਹਾ। ਜਲ ਸਪਲਾਈ ਵਿਭਾਗ ਲੋਕਾਂ ਨੂੰ ਪੀਣ ਵਾਲਾ ਸਾਫ ਪਾਣੀ ਮੁਹੱਈਆ ਕਰਵਾਉਣਾ ਵੀ ਯਕੀਨੀ ਬਣਾਵੇ। ਸਿਹਤ ਵਿਭਾਗ ਪਾਣੀ ਨਾਲ ਹੋਣ ਵਾਲੀਆਂ ਬਿਮਾਰੀਆਂ ਦੇ ਟਾਕਰੇ ਲਈ ਤਿਆਰ ਰਹੇ। ਇਸ ਮੌਕੇ ਕਲੋਰੀਨ ਦੀਆਂ ਗੋਲੀਆਂ ਲਈ ਤੁਰੰਤ ਫੰਡ ਜਾਰੀ ਕਰਨ ਲਈ ਕਿਹਾ। ਪਸ਼ੂ ਪਾਲਣ ਵਿਭਾਗਾਂ ਨੂੰ ਪਸ਼ੂ ਧਨ ਨੂੰ ਬਿਮਾਰੀਆਂ ਤੋਂ ਬਚਾਉਣ ਲਈ ਅਗਾਊਂ ਇੰਤਜ਼ਾਮ ਕਰਨ ਲਈ ਕਿਹਾ। ਪੇਂਡੂ ਵਿਕਾਸ ਤੇ ਪੰਚਾਇਤ ਅਤੇ ਸਥਾਨਕ ਸਰਕਾਰਾਂ ਵਿਭਾਗ ਨੂੰ ਆਪਣੇ ਨੁਮਾਇੰਦਿਆਂ ਨਾਲ ਸ਼ਹਿਰਾਂ ਤੇ ਪਿੰਡਾਂ ਵਿੱਚ ਲੋਕਾਂ ਦੀ ਮੱਦਦ ਲਈ ਤਿਆਰ ਬਰ ਤਿਆਰ ਰਹਿਣ ਲਈ ਕਿਹਾ।
ਮੁੱਖ ਸਕੱਤਰ ਵੱਲੋਂ ਫੀਲਡ ਦੀ ਸਥਿਤੀ ਦਾ ਜਾਇਜ਼ਾ ਲਿਆ ਗਿਆ, ਜਿਸ ’ਚ ਐੱਸ.ਏ.ਐੱਸ. ਨਗਰ, ਪਟਿਆਲਾ, ਰੂਪਨਗਰ ਅਤੇ ਸੰਗਰੂਰ ਦੇ ਡਿਪਟੀ ਕਮਿਸ਼ਨਰਾਂ ਵੱਲੋਂ ਦੱਸਿਆ ਗਿਆ ਕਿ ਉਨ੍ਹਾਂ ਦੇ ਜ਼ਿਲ੍ਹਿਆਂ ’ਚ ਕੁਝ ਥਾਵਾਂ ਉਤੇ ਸਥਿਤੀ ਗੰਭੀਰ ਹੈ ਪਰ ਪ੍ਰਸ਼ਾਸਨ ਵੱਲੋਂ ਮੁਸਤੈਦੀ ਨਾਲ ਕੰਮ ਕੀਤਾ ਜਾ ਰਿਹਾ ਹੈ। ਮੁੱਖ ਸਕੱਤਰ ਨੇ ਸਾਰੇ ਜ਼ਿਲ੍ਹਿਆਂ ਨੂੰ ਆਖਿਆ ਕਿ ਆਪਣੀ ਤਰਜੀਹਾਂ ਨਿਰਧਾਰਤ ਕਰਦੇ ਹੋਏ ਜੋ ਮੱਦਦ ਲੋੜੀਂਦੀ ਹੈ, ਉਸ ਤੋਂ ਜਾਣੂੰ ਕਰਵਾਇਆ ਗਿਆ। ਇਸ ਮੌਕੇ ਐੱਨ.ਡੀ.ਆਰ.ਐੱਫ. ਦੇ ਕਮਾਡੈਂਟ ਨੇ ਦੱਸਿਆ ਕਿ ਪੰਜਾਬ ’ਚ 14 ਐੱਨ.ਡੀ.ਆਰ.ਐੱਫ. ਟੀਮਾਂ ਤਾਇਨਾਤ ਹਨ। ਰੂਪਨਗਰ ਜਿੱਥੇ ਹੁਣ ਚਾਰ ਟੀਮਾਂ ਤਾਇਨਾਤ ਸਨ, ਡਿਪਟੀ ਕਮਿਸ਼ਨਰ ਵੱਲੋਂ ਮੰਗ ਕੀਤੇ ਜਾਣ ਉਤੇ ਇਕ ਹੋਰ ਟੀਮ ਤਾਇਨਾਤ ਕਰਨ ਦੇ ਨਿਰਦੇਸ਼ ਦਿੱਤੇ ਗਏ। ਮੁੱਖ ਸਕੱਤਰ ਵੱਲੋਂ ਮੀਟਿੰਗ ’ਚ ਸਾਰੇ ਨਗਰ ਨਿਗਮਾਂ ਦੇ ਕਮਿਸ਼ਨਰਾਂ ਨਾਲ ਗੱਲ ਕਰਕੇ ਕਾਰਪੋਰੇਸ਼ਨ ਸ਼ਹਿਰਾਂ ਦੀ ਸਥਿਤੀ ਦਾ ਜਾਇਜ਼ਾ ਵੀ ਲਿਆ ਗਿਆ। ਉਨ੍ਹਾਂ ਕਿਹਾ ਕਿ ਸ਼ਹਿਰ ਵਾਸੀਆਂ ਨੂੰ ਲੋੜੀਂਦੀਆਂ ਸੇਵਾਵਾਂ ਮੁਹੱਈਆ ਰੱਖਣਾ ਯਕੀਨੀ ਬਣਾਇਆ ਜਾਵੇ।
ਦੂਰ ਵਾਲੇ ਜ਼ਿਲ੍ਹਿਆਂ ਕਪੂਰਥਲਾ, ਤਰਨਤਾਰਨ, ਮੋਗਾ ’ਚ ਜਿੱਥੇ ਹਾਲੇ ਸਥਿਤੀ ਪੂਰੀ ਕੰਟਰੋਲ ਵਿੱਚ ਹੈ, ਨੂੰ ਅਗਾਊਂ ਪ੍ਰਬੰਧ ਕਰਦਿਆਂ ਸਥਿਤੀ ਉਤੇ ਨਿਗਰਾਨੀ ਰੱਖਣ ਲਈ ਕਿਹਾ ਕਿਉਕਿ ਪਹਾੜਾਂ ’ਚ ਬਾਰਸ਼ਾਂ ਹੋਣ ਕਾਰਨ ਦਰਿਆਵਾਂ ਵਿੱਚ ਪਾਣੀ ਦਾ ਪੱਧਰ ਵਧ ਰਿਹਾ ਹੈ। ਇਸੇ ਤਰ੍ਹਾਂ ਮੌਜੂਦਾ ਸਥਿਤੀ ਨੂੰ ਦੇਖਦਿਆਂ ਸੈਨਾ ਨਾਲ ਨਿਰੰਤਰ ਰਾਬਤਾ ਬਣਾ ਕੇ ਰੱਖਿਆ ਜਾ ਰਿਹਾ ਹੈ। ਮੀਟਿੰਗ ’ਚ ਵਿਸ਼ੇਸ਼ ਮੁੱਖ ਸਕੱਤਰ ਮਾਲ ਕੇ .ਏ. ਪੀ.ਸਿਨਹਾ, ਪ੍ਰਮੁੱਖ ਸਕੱਤਰ ਜਲ ਸਪਲਾਈ ਅਤੇ ਸੈਨੀਟੇਸ਼ਨ ਜਸਪ੍ਰੀਤ ਤਲਵਾੜ, ਪ੍ਰਮੁੱਖ ਸਕੱਤਰ ਸਿਹਤ ਅਤੇ ਪਰਿਵਾਰ ਭਲਾਈ ਵੀ. ਪੀ. ਸਿੰਘ, ਪ੍ਰਮੁੱਖ ਸਕੱਤਰ ਵਿੱਤ ਏ. ਕੇ. ਸਿਨਹਾ ਆਦਿ ਹਾਜ਼ਰ ਸਨ। ਪੱਛਮੀ ਕਮਾਂਡ ਦੇ ਨੁਮਾਇੰਦੇ ਸਲਾਹਕਾਰ ਸਿਵਲ ਸੈਨਾ ਮਾਮਲੇ ਕਰਨਲ ਜੇ. ਐੱਸ. ਸੰਧੂ ਹਾਜ਼ਰ ਅਤੇ ਐੱਨ. ਡੀ. ਆਰ. ਐਫ. ਦੇ ਕਮਾਂਡੈਟ ਸੰਤੋਸ਼ ਕੁਮਾਰ ਹਾਜ਼ਰ ਸਨ।