ਰੇਲਵੇ ਮੰਤਰਾਲੇ ਦਾ ਹੁਕਮ ; ਮਹਾਕੁੰਭ ''ਚ ਜਾਣ ਵਾਲੀਆਂ ਟ੍ਰੇਨਾਂ ਲਈ Clear ਰੱਖਿਆ ਜਾਵੇ ਰੂਟ

Saturday, Jan 18, 2025 - 05:15 AM (IST)

ਰੇਲਵੇ ਮੰਤਰਾਲੇ ਦਾ ਹੁਕਮ ; ਮਹਾਕੁੰਭ ''ਚ ਜਾਣ ਵਾਲੀਆਂ ਟ੍ਰੇਨਾਂ ਲਈ Clear ਰੱਖਿਆ ਜਾਵੇ ਰੂਟ

ਚੰਡੀਗੜ੍ਹ (ਲਲਨ) : ਮਹਾਕੁੰਭ ’ਚ ਜਾਣ ਤੇ ਆਉਣ ਵਾਲੇ ਯਾਤਰੀਆਂ ਦੀ ਸਹੂਲਤ ਨੂੰ ਧਿਆਨ ’ਚ ਰੱਖਦਿਆਂ ਰੇਲਵੇ ਮੰਤਰਾਲੇ ਨੇ ਰੇਲਾਂ ਲਈ ਪਹਿਲਾਂ ਹੀ ਰੂਟ ਕਲੀਅਰ ਰੱਖਣ ਦੇ ਨਿਰਦੇਸ਼ ਜਾਰੀ ਕੀਤੇ ਹਨ। ਚੰਡੀਗੜ੍ਹ ਤੋਂ ਪ੍ਰਯਾਗਰਾਜ ਜਾਣ ਵਾਲੀ ਊਂਚਾਹਾਰ ਰੇਲਗੱਡੀ 13 ਜਨਵਰੀ ਤੋਂ 14-15 ਘੰਟੇ ਦੇਰੀ ਨਾਲ ਚੱਲ ਰਹੀ ਸੀ, ਜੋ ਹੁਣ ਸਹੀ ਸਮੇਂ ’ਤੇ ਆਉਣ-ਜਾਣ ਲੱਗੀ ਹੈ। 

ਸੂਤਰਾਂ ਦੀ ਮੰਨੀਏ ਤਾਂ ਮੰਤਰਾਲੇ ਵੱਲੋਂ ਸਾਫ਼ ਤੌਰ ’ਤੇ ਸਾਰੀਆਂ ਡਿਵੀਜ਼ਨਾਂ ਦੇ ਡੀ.ਆਰ.ਐੱਮ. ਨੂੰ ਹੁਕਮ ਜਾਰੀ ਕਰ ਕੇ ਸਪੱਸ਼ਟ ਕੀਤਾ ਗਿਆ ਹੈ ਕਿ ਭਾਵੇਂ ਰਾਜਧਾਨੀ, ਸ਼ਤਾਬਦੀ ਜਾਂ ਵੰਦੇ ਭਾਰਤ ਨੂੰ ਰੋਕਣਾ ਪਵੇ, ਪਰ ਮਹਾਕੁੰਭ ਨੂੰ ਜਾਣ-ਆਉਣ ਵਾਲੀਆਂ ਗੱਡੀਆਂ ਨੂੰ ਕਿਸੇ ਵੀ ਹਾਲਤ ’ਚ ਲੇਟ ਨਾ ਕੀਤਾ ਜਾਵੇ। ਇਨ੍ਹਾਂ ਰੇਲਗੱਡੀਆਂ ਨੂੰ ਕਲੀਅਰ ਸਿਗਨਲ ਮਿਲਣਾ ਚਾਹੀਦਾ ਹੈ। 

ਇਸ ਪਿੱਛੇ ਦਲੀਲ ਦਿੱਤੀ ਕਿ ਮਹਾਕੁੰਭ ’ਚ ਯਾਤਰੀਆਂ ਦੀ ਸਹੂਲਤ ਲਈ ਇਹ ਬੇਹੱਦ ਜ਼ਰੂਰੀ ਹੈ। ਦਰਅਸਲ, ਦੇਸ਼ ਭਰ ਤੋਂ ਲੋਕ ਵੱਖ-ਵੱਖ ਰੇਲਾਂ ਰਾਹੀਂ ਮਹਾਕੁੰਭ ’ਚ ਪਹੁੰਚ ਰਹੇ ਹਨ। ਲੋਕਾਂ ਦੀਆਂ ਕਮਰਿਆਂ ਤੇ ਟੈਕਸੀਆਂ ਤੋਂ ਲੈ ਕੇ ਵਾਪਸੀ ਦੀਆਂ ਟਿਕਟਾਂ ਪਹਿਲਾਂ ਤੋਂ ਹੀ ਬੁੱਕ ਕੀਤੀਆਂ ਹੁੰਦੀਆਂ ਹਨ। ਅਜਿਹੇ ’ਚ ਰੇਲਵੇ ਵੱਲੋਂ ਪਹਿਲ ਕੀਤੀ ਗਈ ਹੈ ਤਾਂ ਜੋ ਦੇਰੀ ਨਾਲ ਰੇਲ ਪਹੁੰਚਣ ਕਾਰਨ ਪ੍ਰੋਗਰਾਮ ਵਿਗੜ ਨਾ ਜਾਵੇ ਤੇ ਯਾਤਰੀ ਸਮੇਂ ’ਤੇ ਵਾਪਸੀ ਦੀ ਗੱਡੀ ਫੜ੍ਹ ਸਕਣ।

ਇਹ ਵੀ ਪੜ੍ਹੋ- ਔਰਤ ਦਾ ਕਤਲ ਕਰਨ ਮਗਰੋਂ ਰੇਲਗੱਡੀ 'ਚ ਬੈਠ ਪੁੱਜ ਗਿਆ Airport, ਜਹਾਜ਼ 'ਚ ਬੈਠਣ ਤੋਂ ਪਹਿਲਾਂ ਹੀ...

ਦੇਰੀ ਕਾਰਨ ਸਟੇਸ਼ਨਾਂ ’ਤੇ ਵਧੀ ਭੀੜ
ਰੇਲਗੱਡੀਆਂ ਦੇ ਦੇਰੀ ਨਾਲ ਚੱਲਣ ਕਾਰਨ ਪ੍ਰਯਾਗਰਾਜ ਤੇ ਫਾਫਾਮਉ ਰੇਲਵੇ ਸਟੇਸ਼ਨਾਂ ’ਤੇ ਭੀੜ ਇਕੱਠੀ ਹੋ ਰਹੀ ਹੈ। ਰੇਲਵੇ ਬੋਰਡ ਵੱਲੋਂ ਹਰੇਕ ਮੰਡਲ ਤੋਂ ਲਗਭਗ 4 ਤੋਂ 5 ਮਹਾਕੁੰਭ ਵਿਸ਼ੇਸ਼ ਗੱਡੀਆਂ ਚਲਾਈਆਂ ਜਾ ਰਹੀਆਂ ਹਨ। ਅਜਿਹੀ ਸਥਿਤੀ ’ਚ ਅੰਬਾਲਾ ਮੰਡਲ ਤੋਂ ਹੋ ਕੇ ਜਾਣ ਵਾਲੀਆਂ ਕਰੀਬ 4 ਸਪੈਸ਼ਲ ਰੇਲਾਂ 26 ਫਰਵਰੀ ਤੱਕ ਚਲਾਈਆਂ ਜਾ ਰਹੀਆਂ ਹਨ। ਪੂਰੇ ਭਾਰਤ ਤੋਂ ਕਰੀਬ ਹਜ਼ਾਰਾਂ ਦੀ ਗਿਣਤੀ ’ਚ ਸਪੈਸ਼ਲ ਰੇਲਗੱਡੀਆਂ ਚਲਾਈਆਂ ਗਈਆਂ ਤੇ ਕਈ ਰੁਟੀਨ ਰੇਲਾਂ ਵੀ ਪ੍ਰਯਾਗਰਾਜ ਹੋ ਕੇ ਜਾ ਰਹੀਆਂ ਹਨ। ਇਸ ਲਈ ਰੇਲਵੇ ਬੋਰਡ ਨੇ ਚੌਕਸੀ ਦਿਖਾਉਂਦਿਆਂ ਨਵੇਂ ਹੁਕਮ ਜਾਰੀ ਕੀਤੇ ਹਨ ਤਾਂ ਜੋ ਪ੍ਰਯਾਗਰਾਜ ਤੇ ਫਾਫਾਮਉ ਸਟੇਸ਼ਨਾਂ ’ਤੇ ਸ਼ਰਧਾਲੂਆਂ ਦੀ ਭੀੜ ਨਾ ਇਕੱਠੀ ਹੋਵੇ। ਰੇਲਾਂ ਸਮੇਂ ’ਤੇ ਹੋਣਗੀਆਂ ਤਾਂ ਸ਼ਰਧਾਲੂਆਂ ਦਾ ਆਉਣਾ-ਜਾਣਾ ਜਾਰੀ ਰਹਿ ਸਕਦਾ ਹੈ।

ਸਪੈਸ਼ਲ ਰੇਲਾਂ ਫੁੱਲ
ਮਹਾਕੁੰਭ ਵਿਸ਼ੇਸ਼ ਰੇਲਗੱਡੀ ਨੰਬਰ 04527-28 ਅੰਬ-ਅੰਦੌਰਾ ਤੋਂ ਵਾਇਆ ਚੰਡੀਗੜ੍ਹ ਹੋ ਕੇ ਫਾਫਾਮਉ ਜਾਣ ਵਾਲੀ ਤੇ ਅੰਬਾਲਾ ਤੋਂ ਫਾਫਾਮਉ ਜਾਣ ਵਾਲੀ ਰੇਲ ਨੰਬਰ 0452-26 ਫੁੱਲ ਹੋ ਚੁੱਕੀ ਹੈ। ਇਸ ਕਾਰਨ ਕਈ ਸ਼ਰਧਾਲੂ ਰੇਲਵੇ ਸਟੇਸ਼ਨ ’ਤੇ ਜਾ ਰਹੇ ਹਨ, ਪਰ ਅਧਿਕਾਰੀਆਂ ਵੱਲੋਂ ਕਿਹਾ ਜਾ ਰਿਹਾ ਹੈ ਕਿ ਰੇਲਗੱਡੀ ’ਚ ਸੀਟ ਨਹੀਂ ਹੈ। ਜੇਕਰ ਕੋਈ ਹੋਰ ਸਪੈਸ਼ਲ ਰੇਲਗੱਡੀ ਚੱਲੇਗੀ ਤਾਂ ਸੀਟਾਂ ਮਿਲ ਸਕਦੀਆਂ ਹਨ।

ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ

👇Join us on Whatsapp channel👇

https://whatsapp.com/channel/0029Va94hsaHAdNVur4L170e


author

Harpreet SIngh

Content Editor

Related News