ਟਰਾਂਸਪੋਰਟ ਮੰਤਰੀ ਵਲੋਂ ਸੜਕਾਂ ’ਤੇ ਸਥਿਤ ਬਲੈਕ ਸਪਾਟਸ ਨੂੰ ਪਹਿਲ ਦੇ ਆਧਾਰ ’ਤੇ ਠੀਕ ਕਰਨ ਦੇ ਹੁਕਮ

Wednesday, Dec 15, 2021 - 06:52 PM (IST)

ਟਰਾਂਸਪੋਰਟ ਮੰਤਰੀ ਵਲੋਂ ਸੜਕਾਂ ’ਤੇ ਸਥਿਤ ਬਲੈਕ ਸਪਾਟਸ ਨੂੰ ਪਹਿਲ ਦੇ ਆਧਾਰ ’ਤੇ ਠੀਕ ਕਰਨ ਦੇ ਹੁਕਮ

ਚੰਡੀਗੜ੍ਹ (ਰਮਨਜੀਤ) : ਪੰਜਾਬ ਦੇ ਟਰਾਂਸਪੋਰਟ ਮੰਤਰੀ ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਯਾਤਰੀਆਂ ਲਈ ਸੜਕਾਂ ਨੂੰ ਸਭ ਤੋਂ ਸੁਰੱਖਿਅਤ ਬਣਾਉਣ ਸਬੰਧੀ ਸੂਬੇ ਦੇ ਮਿਸ਼ਨ ਦੀ ਨਿਸ਼ਾਨਦੇਹੀ ਕਰਦਿਆਂ ਸਬੰਧਤ ਇੰਜੀਨੀਅਰਿੰਗ ਵਿਭਾਗਾਂ ਨੂੰ ਸਾਰੇ ਸ਼ਨਾਖਤ ਕੀਤੇ ਐਕਸੀਡੈਂਟ ਬਲੈਕ ਸਪੌਟਸ (ਜਿਹੜੀਆਂ ਥਾਵਾਂ ’ਤੇ ਜ਼ਿਆਦਾ ਹਾਦਸੇ ਵਾਪਰਦੇ ਹਨ) ਨੂੰ ਤਰਜੀਹੀ ਤੌਰ ’ਤੇ ਠੀਕ ਕਰਨ ਦੀ ਹਦਾਇਤ ਕੀਤੀ। ਵੜਿੰਗ ਪੰਜਾਬ ਭਵਨ ’ਚ ਹੋਈ ਪੰਜਾਬ ਰਾਜ ਸੜਕ ਸੁਰੱਖਿਆ ਕੌਂਸਲ ਦੀ 11ਵੀਂ ਮੀਟਿੰਗ ਦੀ ਪ੍ਰਧਾਨਗੀ ਕਰ ਰਹੇ ਸਨ। ਮੀਟਿੰਗ ’ਚ ਰਾਜਾ ਵੜਿੰਗ ਨੇ ਵਿੱਤ ਵਿਭਾਗ ਨੂੰ ਰਾਜਮਾਰਗਾਂ ਦੇ ਬਲੈਕ ਸਪਾਟਸ ਨੂੰ ਠੀਕ ਕਰਨ ਦੀ ਪ੍ਰਕਿਰਿਆ ’ਚ ਲੱਗੇ ਲੋਕ ਨਿਰਮਾਣ ਵਿਭਾਗ, ਸਥਾਨਕ ਸਰਕਾਰਾਂ ਅਤੇ ਪੰਜਾਬ ਮੰਡੀ ਬੋਰਡ ਦੀ ਮੰਗ ’ਤੇ ਲੋੜੀਂਦੇ ਫੰਡ ਸਮੇਂ ਸਿਰ ਜਾਰੀ ਕਰਨ ਨੂੰ ਯਕੀਨੀ ਬਣਾਉਣ ਲਈ ਵੀ ਕਿਹਾ। ਮੀਟਿੰਗ ਤੋਂ ਬਾਅਦ ਰਾਜਾ ਵੜਿੰਗ ਨੇ ਦੱਸਿਆ ਕਿ ਸੂਬਾ ਸਰਕਾਰ ਨੇ ਆਪਣੇ ਹਾਈਵੇਅ, ਮਿਊਂਸੀਪਲ ਅਤੇ ਹੋਰ ਲਿੰਕ ਸੜਕਾਂ ’ਤੇ ਪੈਂਦੇ 71 ਬਲੈਕ ਸਪੌਟਸ ਨੂੰ ਠੀਕ ਕਰਨ ਦਾ ਕੰਮ ਪਹਿਲਾਂ ਹੀ ਮੁਕੰਮਲ ਕਰ ਲਿਆ ਹੈ, ਜਦੋਂ ਕਿ ਬਾਕੀ ਬਚੇ 56 ਬਲੈਕ ਸਪੌਟਸ ’ਤੇ ਕੰਮ ਤੇਜ਼ੀ ਨਾਲ ਚੱਲ ਰਿਹਾ ਹੈ।

ਇਹ ਵੀ ਪੜ੍ਹੋ : ਮੁੱਖ ਮੰਤਰੀ ਚੰਨੀ ਨੇ ਸੰਗਰੂਰ ਲਈ 1050 ਕਰੋੜ ਰੁਪਏ ਦੇ ਵਿਕਾਸ ਪ੍ਰਾਜੈਕਟਾਂ ਦਾ ਨੀਂਹ ਪੱਥਰ ਰੱਖਿਆ

ਟ੍ਰੈਫਿਕ ਇਨਫੋਰਸਮੈਂਟ ਆਟੋਮੇਸ਼ਨ ਮੁਹਿੰਮ ਨੂੰ ਹੋਰ ਤੇਜ਼ ਕਰਨ ਦੇ ਫੈਸਲੇ ’ਚ ਕੈਬਨਿਟ ਮੰਤਰੀ ਨੇ ਸੂਬੇ ’ਚ ਸੜਕ ਸੁਰੱਖਿਆ ਪ੍ਰਣਾਲੀਆਂ ਨੂੰ ਸਥਾਪਿਤ ਕਰਨ ’ਚ ਸਹਾਇਤਾ ਲਈ ਪੰਜਾਬ ਬੁਨਿਆਦੀ ਢਾਂਚਾ ਵਿਕਾਸ ਬੋਰਡ (ਪੀ. ਆਈ. ਡੀ. ਬੀ.) ਵਲੋਂ ਟਰਾਂਜੈਕਸ਼ਨਲ ਸਲਾਹਕਾਰ ਅਤੇ ਇਕ ਹੋਰ ਸਲਾਹਕਾਰ ਦੀ ਨਿਯੁਕਤੀ ਦੇ ਪ੍ਰਸਤਾਵ ਨੂੰ ਵੀ ਪ੍ਰਵਾਨਗੀ ਦਿੱਤੀ। ਉਨ੍ਹਾਂ ਲੋਕ ਨਿਰਮਾਣ ਵਿਭਾਗ ਨੂੰ ਬਕਾਇਆ ਸੁਧਾਰ ਕਾਰਜਾਂ ਲਈ ਫੰਡ ਅਲਾਟਮੈਂਟ ਲਈ ਜਲਦ ਤੋਂ ਜਲਦ ਸੋਧਿਆ ਪ੍ਰਸਤਾਵ ਪੇਸ਼ ਕਰਨ ਲਈ ਵੀ ਕਿਹਾ। ਧੁੰਦ ਕਾਰਨ ਵਾਪਰਦੇ ਸੜਕ ਹਾਦਸਿਆਂ ’ਤੇ ਚਿੰਤਾ ਜ਼ਾਹਰ ਕਰਦਿਆਂ ਰਾਜਾ ਵੜਿੰਗ ਨੇ ਏ. ਡੀ. ਜੀ. ਪੀ. ਟ੍ਰੈਫਿਕ ਨੂੰ ਤੂੜੀ, ਲੱਕੜ ਅਤੇ ਰਾਡਾਂ ਨਾਲ ਟਰਾਲੀਆਂ ਨੂੰ ਓਵਰਲੋਡ ਕਰਨ ਵਾਲਿਆਂ ਵਿਰੁੱਧ ਸਖ਼ਤ ਕਾਨੂੰਨੀ ਕਾਰਵਾਈ ਨੂੰ ਯਕੀਨੀ ਬਣਾਉਣ ਲਈ ਵੀ ਹਦਾਇਤ ਕੀਤੀ। ਮੰਤਰੀ ਨੇ ਵਿਭਾਗ ਨੂੰ ਸੂਬੇ ਭਰ ’ਚ ਪੰਜਾਬੀ ਅਤੇ ਅੰਗਰੇਜ਼ੀ ਦੋਵਾਂ ਭਾਸ਼ਾਵਾਂ ’ਚ ਟ੍ਰੈਫਿਕ ਸਿਗਨਲ ਲਗਾਉਣ ਦੇ ਨਿਰਦੇਸ਼ ਦਿੱਤੇ।

ਇਹ ਵੀ ਪੜ੍ਹੋ : ਪੰਜਾਬ ਸਰਕਾਰ ਨੇ ਡਿਵੈਲਪਰਜ਼ ਨੂੰ ਦਿੱਤੀ ਸੌਗਾਤ, ਬਕਾਏ ’ਤੇ ਵਿਆਜ਼ ’ਚ ਕੀਤੀ ਕਟੌਤੀ

ਨੋਟ : ਇਸ ਖ਼ਬਰ ਬਾਰੇ ਤੁਸੀਂ ਕੀ ਕਹਿਣਾ ਚਾਹੁੰਦੇ ਹੋ, ਕੁਮੈਂਟ ਬਾਕਸ ’ਚ ਦਿਓ ਆਪਣੀ ਰਾਏ
 


author

Anuradha

Content Editor

Related News