ਹਿਮਾਚਲ ’ਚ ਆਰੇਂਜ ਅਲਰਟ ਜਾਰੀ, ਜਾਣੋ ਪੰਜਾਬ ’ਚ ਆਉਣ ਵਾਲੇ 4 ਦਿਨਾਂ ਦੇ ਮੌਸਮ ਦਾ ਹਾਲ

03/20/2024 6:03:56 AM

ਪੰਜਾਬ ਡੈਸਕ– ਹਿਮਾਚਲ ਪ੍ਰਦੇਸ਼ ’ਚ ਪੱਛਮੀ ਗੜਬੜੀ ਦਾ ਪ੍ਰਭਾਵ ਜਾਰੀ ਹੈ। ਮੰਗਲਵਾਰ ਨੂੰ ਲਾਹੌਲ ਸਪਿਤੀ, ਕੁੱਲੂ ਦੀਆਂ ਚੋਟੀਆਂ ਸਮੇਤ ਸ਼ਿਮਲਾ ਦੇ ਨਾਰਕੰਡਾ ’ਚ ਤਾਜ਼ਾ ਬਰਫ਼ਬਾਰੀ ਹੋਈ। ਸੂਬੇ ਦੇ ਦਰਮਿਆਨੇ ਤੋਂ ਉਚਾਈ ਵਾਲੇ ਇਲਾਕਿਆਂ ’ਚ ਮੀਂਹ ਪੈਣ ਕਾਰਨ ਮੌਸਮ ਠੰਡਾ ਬਣਿਆ ਹੋਇਆ ਹੈ। ਡਬਲਯੂ. ਡੀ. ਦੀ ਗਤੀਵਿਧੀ ਕਾਰਨ ਸਰਾਹਨ ’ਚ 9 ਮਿਲੀਮੀਟਰ, ਰਾਮਪੁਰ ’ਚ 7.6, ਬੰਜਾਰ ’ਚ 3 ਤੇ ਨਾਰਕੰਡਾ ’ਚ 1 ਮਿਲੀਮੀਟਰ ਮੀਂਹ ਦਰਜ ਕੀਤਾ ਗਿਆ ਹੈ। ਸ਼ਿਮਲਾ ਤੇ ਆਲੇ-ਦੁਆਲੇ ਦੇ ਇਲਾਕਿਆਂ ’ਚ ਦੁਪਹਿਰ ਤੱਕ ਬੱਦਲ ਛਾਏ ਰਹੇ। ਕੁਝ ਇਲਾਕਿਆਂ ’ਚ ਹਲਕਾ ਮੀਂਹ ਪਿਆ। ਮੌਸਮ ਵਿਭਾਗ ਨੇ 21 ਮਾਰਚ ਤੋਂ 23 ਮਾਰਚ ਤੱਕ ਤੇਜ਼ ਤੂਫ਼ਾਨ ਤੇ ਗੜ੍ਹੇਮਾਰੀ ਦੀ ਚਿਤਾਵਨੀ ਜਾਰੀ ਕੀਤੀ ਹੈ।

ਇਹ ਖ਼ਬਰ ਵੀ ਪੜ੍ਹੋ : 5911 ’ਤੇ ਹੋਵੇਗੀ ਨਿੱਕੇ ਸਿੱਧੂ ਦੀ ਹਵੇਲੀ ’ਚ ਐਂਟਰੀ, ਪਰਿਵਾਰ ਨੇ ਸ਼ਿੰਗਾਰ ਲਏ ਟਰੈਕਟਰ, ਦੇਖੋ ਵੀਡੀਓ

ਇਸ ਦੌਰਾਨ ਬਿਲਾਸਪੁਰ, ਹਮੀਰਪੁਰ ਤੇ ਸ਼ਿਮਲਾ ਦੇ ਉਪਰਲੇ ਇਲਾਕਿਆਂ ’ਚ ਕੁਝ ਥਾਵਾਂ ’ਤੇ ਗੜ੍ਹੇਮਾਰੀ ਦਾ ਆਰੇਂਜ ਅਲਰਟ ਜਾਰੀ ਕੀਤਾ ਗਿਆ ਹੈ। ਇਥੇ ਮੈਦਾਨੀ ਇਲਾਕਿਆਂ ’ਚ ਧੁੱਪ ਨਿਕਲਣ ਕਾਰਨ ਤਾਪਮਾਨ ਵਧਣਾ ਸ਼ੁਰੂ ਹੋ ਗਿਆ ਹੈ। ਕਈ ਵੱਡੇ ਸ਼ਹਿਰਾਂ ’ਚ ਤਾਪਮਾਨ 30 ਡਿਗਰੀ ਤੱਕ ਪਹੁੰਚ ਗਿਆ ਹੈ। ਊਨਾ ਦਾ ਪਾਰਾ 30.4 ਡਿਗਰੀ ਦਰਜ ਕੀਤਾ ਗਿਆ ਹੈ। ਇਥੇ ਪੰਜਾਬ ’ਚ ਦਿਨ ਦਾ ਤਾਪਮਾਨ ਤੇਜ਼ੀ ਨਾਲ ਵਧਿਆ ਹੈ। ਫਰੀਦਕੋਟ ’ਚ ਵੱਧ ਤੋਂ ਵੱਧ ਤਾਪਮਾਨ 32.3 ਡਿਗਰੀ ਰਿਹਾ। ਸੂਬੇ ’ਚ 24 ਘੰਟਿਆਂ ’ਚ ਔਸਤਨ ਪਾਰਾ 0.6 ਡਿਗਰੀ ਤੱਕ ਵਧਿਆ ਹੈ। ਰਾਤ ਦਾ ਸਭ ਤੋਂ ਘੱਟ ਤਾਪਮਾਨ ਮੋਗਾ ’ਚ 9.8 ਰਿਹਾ। ਹਰਿਆਣਾ ਦੇ ਨਾਰਨੌਲ ’ਚ ਵੀ ਤਾਪਮਾਨ 31.5 ਡਿਗਰੀ ਰਿਹਾ।

ਵਿਸ਼ਵ ਮੌਸਮ ਵਿਗਿਆਨ ਸੰਗਠਨ ਨੇ ਦਿੱਤੀ ਚਿਤਾਵਨੀ
ਸਾਲ 2023 ’ਚ ਗਰਮੀ ਨੇ ਸਾਰੇ ਰਿਕਾਰਡ ਤੋੜ ਦਿੱਤੇ। ਸੰਯੁਕਤ ਰਾਸ਼ਟਰ ਦੇ ਵਿਸ਼ਵ ਮੌਸਮ ਵਿਗਿਆਨ ਸੰਗਠਨ ਨੇ ਮੰਗਲਵਾਰ ਨੂੰ ਆਪਣੀ ਸਾਲਾਨਾ ਜਲਵਾਯੂ ਸਥਿਤੀ ਰਿਪੋਰਟ ਜਾਰੀ ਕੀਤੀ। ਇਸ ਨੇ ਸੰਕੇਤ ਦਿੱਤਾ ਕਿ 2024 ਹੁਣ ਤੱਕ ਦਾ ਸਭ ਤੋਂ ਗਰਮ ਸਾਲ ਹੋ ਸਕਦਾ ਹੈ। ਜਦਕਿ 2014 ਤੋਂ 2023 ਤੱਕ ਦਾ ਸਮਾਂ ਸਭ ਤੋਂ ਗਰਮ ਦਹਾਕੇ ਵਜੋਂ ਦਰਜ ਕੀਤਾ ਗਿਆ ਹੈ। ਇਨ੍ਹਾਂ 10 ਸਾਲਾਂ ’ਚ ਗਰਮੀ ਦੀਆਂ ਲਹਿਰਾਂ ਨੇ ਸਮੁੰਦਰਾਂ ਨੂੰ ਪ੍ਰਭਾਵਿਤ ਕੀਤਾ। ਵਿਸ਼ਵ ਮੌਸਮ ਵਿਗਿਆਨ ਸੰਗਠਨ ਦੀ ਰਿਪੋਰਟ ’ਚ ਕਿਹਾ ਗਿਆ ਹੈ ਕਿ ਇਹ ਅੰਕੜੇ ਸਭ ਤੋਂ ਗਰਮ 10 ਸਾਲ ਦੀ ਮਿਆਦ ਦੇ ਅੰਤ ’ਤੇ ਆਏ ਹਨ। ਸੰਯੁਕਤ ਰਾਸ਼ਟਰ ਦੇ ਮੁਖੀ ਐਂਟੋਨੀਓ ਗੁਟੇਰੇਸ ਨੇ ਕਿਹਾ ਕਿ ਇਹ ਰਿਪੋਰਟ ਦਰਸਾਉਂਦੀ ਹੈ ਕਿ ਸਾਡਾ ਗ੍ਰਹਿ ਸੰਕਟ ਦੇ ਸੰਕੇਤ ਦਿਖਾ ਰਿਹਾ ਹੈ। ਜੈਵਿਕ ਬਾਲਣ ਪ੍ਰਦੂਸ਼ਣ ਚਾਰਟ ਦਰਸਾਉਂਦੇ ਹਨ ਕਿ ਜਲਵਾਯੂ ਨੂੰ ਕਿੰਨਾ ਨੁਕਸਾਨ ਹੋ ਰਿਹਾ ਹੈ। ਇਹ ਇਕ ਚਿਤਾਵਨੀ ਹੈ ਕਿ ਧਰਤੀ ’ਤੇ ਕਿੰਨੀ ਤੇਜ਼ੀ ਨਾਲ ਤਬਦੀਲੀਆਂ ਹੋ ਰਹੀਆਂ ਹਨ।

ਭਾਰਤੀ ਮੌਸਮ ਵਿਭਾਗ ਨੇ ਇਸ ਹਫ਼ਤੇ ਤੋਂ ਪੰਜਾਬ, ਦਿੱਲੀ ਤੇ ਹਰਿਆਣਾ ਸਮੇਤ ਉੱਤਰ-ਪੱਛਮੀ ਭਾਰਤ ’ਚ ਦਿਨ ਦਾ ਤਾਪਮਾਨ 2 ਤੋਂ 4 ਡਿਗਰੀ ਸੈਲਸੀਅਸ ਵਧਣ ਦੀ ਭਵਿੱਖਬਾਣੀ ਕੀਤੀ ਹੈ। ਹਿਮਾਚਲ ਪ੍ਰਦੇਸ਼, ਪੰਜਾਬ ਤੇ ਉੱਤਰ-ਪੂਰਬ ਦੇ ਕੁਝ ਹਿੱਸਿਆਂ ਨੂੰ ਛੱਡ ਕੇ ਦੇਸ਼ ਦੇ ਜ਼ਿਆਦਾਤਰ ਹਿੱਸਿਆਂ ’ਚ ਅਗਲੇ 4-5 ਦਿਨਾਂ ’ਚ ਵੱਧ ਤੋਂ ਵੱਧ ਤਾਪਮਾਨ ’ਚ 2 ਤੋਂ 4 ਡਿਗਰੀ ਸੈਲਸੀਅਸ ਦਾ ਵਾਧਾ ਹੋ ਸਕਦਾ ਹੈ। ਮੌਸਮ ਵਿਭਾਗ ਨੇ ਹਿਮਾਚਲ ਪ੍ਰਦੇਸ਼ ’ਚ 21 ਮਾਰਚ ਤੋਂ 23 ਮਾਰਚ ਤੱਕ ਤੇਜ਼ ਤੂਫ਼ਾਨ ਤੇ ਗੜ੍ਹੇਮਾਰੀ ਦੀ ਚਿਤਾਵਨੀ ਜਾਰੀ ਕੀਤੀ ਹੈ। ਹਾਲਾਂਕਿ ਸੂਬੇ ’ਚ 24 ਮਾਰਚ ਤੱਕ ਮੌਸਮ ਖ਼ਰਾਬ ਰਹੇਗਾ। ਇਸ ਦੌਰਾਨ ਮੌਸਮ ਵਿਭਾਗ ਨੇ ਸ਼ਿਮਲਾ ਦੇ ਬਿਲਾਸਪੁਰ, ਹਮੀਰਪੁਰ ਤੇ ਉਪਰਲੇ ਇਲਾਕਿਆਂ ’ਚ ਕੁਝ ਥਾਵਾਂ ’ਤੇ ਗੜ੍ਹੇਮਾਰੀ ਦਾ ਆਰੇਂਜ ਅਲਰਟ ਜਾਰੀ ਕੀਤਾ ਹੈ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8

ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।


Rahul Singh

Content Editor

Related News