ਹਿਜ਼ਬੁਲ ਮੁਜ਼ਾਹਦੀਨ ਦੇ ਹਵਾਲਾ ਆਪ੍ਰੇਟਰ ਮਨਪ੍ਰੀਤ ਸਿੰਘ ਦੇ ਮਾਮਲੇ ’ਚ ਹੋਏ ਅਹਿਮ ਖ਼ੁਲਾਸੇ
Saturday, Feb 06, 2021 - 03:44 PM (IST)
ਅੰਮ੍ਰਿਤਸਰ (ਅਰੁਣ) : ਹਿਜ਼ਬੁਲ ਮੁਜ਼ਾਹਦੀਨ ਦੇ ਹਵਾਲਾ ਆਪ੍ਰੇਟਰ ਮਨਪ੍ਰੀਤ ਸਿੰਘ ਨੂੰ ਗ੍ਰਿਫ਼ਤਾਰ ਕਰਨ ਮਗਰੋਂ ਐੱਨ. ਆਈ. ਏ. ਦੀ ਟੀਮ ਨੇ ਦੂਜੇ ਦਿਨ ਵੀ ਲੁਹਾਰਕਾ ਰੋਡ ਸਥਿਤ ਗਲੀ ਨੰਬਰ 7 ਦੀ ਕੋਠੀ ਨੰਬਰ 15 ’ਚ ਪੰਜਾਬ ਪੁਲਸ ਦੀ ਫ਼ੋਰੈਂਸਿਕ ਟੀਮ ਸਮੇਤ ਛਾਪਾ ਮਾਰਿਆ। ਟੀਮ ਵੱਲੋਂ ਹਰੇਕ ਸ਼ੱਕੀ ਚੀਜ਼ ਦੇ ਸੈਂਪਲ ਲਏ ਗਏ। 5 ਘੰਟੇ ਚੱਲੀ ਜਾਂਚ ਦੌਰਾਨ ਐੱਨ. ਆਈ. ਏ. ਟੀਮ ਵੱਲੋਂ ਮਨਪ੍ਰੀਤ ਸਿੰਘ ਦੀ ਪਤਨੀ ਕੋਲੋਂ ਪੁੱਛਗਿੱਛ ਕੀਤੀ ਗਈ। ਬੀਤੇ ਕੱਲ ਸਵੇਰੇ 7 ਵਜੇ ਇਸ ਕੋਠੀ ’ਚ ਪੁੱਜੀ ਐੱਨ. ਆਈ. ਏ. ਟੀਮ ਵੱਲੋਂ ਹਿਜ਼ਬੁਲ ਮੁਜ਼ਾਹਦੀਨ ਦੇ ਹਵਾਲਾ ਆਪ੍ਰੇਟਰ ਮਨਪ੍ਰੀਤ ਸਿੰਘ ਨੂੰ ਗ੍ਰਿਫ਼ਤਾਰ ਕਰਦਿਆਂ ਉਸ ਕੋਲੋਂ 20 ਲੱਖ ਰੁਪਏ, 130 ਕਾਰਤੂਸ, ਸਕੂਟਰੀ ਅਤੇ ਵਰਨਾ ਕਾਰ ਸਮੇਤ ਕਈ ਮਹੱਤਵਪੂਰਨ ਕਾਗਜ਼ ਕਬਜ਼ੇ ’ਚ ਲਏ ਗਏ ਸਨ।
ਇਹ ਵੀ ਪੜ੍ਹੋ : ਇਟਲੀ ਵਿਖੇ ਹੁਸ਼ਿਆਰਪੁਰ ਦੇ ਨੌਜਵਾਨ ਕੁਲਵਿੰਦਰ ਸਿੰਘ ਦੀ ਮੌਤ
ਘਰ ਦੇ ਬਾਹਰ ਪੁਲਸ ਫ਼ੋਰਸ ਤਾਇਨਾਤ
ਵੀਰਵਾਰ ਛਾਪਾ ਮਾਰਨ ਉਪਰੰਤ ਲੁਹਾਰਕਾ ਰੋਡ ਸਥਿਤ ਇਸ ਕੋਠੀ ਦੇ ਬਾਹਰ ਵੱਡੀ ਗਿਣਤੀ ’ਚ ਪੁਲਸ ਫੋਰਸ ਤਾਇਨਾਤ ਕੀਤੀ ਗਈ ਹੈ। ਦੱਸਣਯੋਗ ਹੈ ਕਿ ਮਨਪ੍ਰੀਤ ਸਿੰਘ ਖਿਲਾਫ਼ ਪਹਿਲਾਂ ਵੀ ਕਈ ਅਪਰਾਧਿਕ ਮਾਮਲੇ ਦਰਜ ਹਨ। ਮਨਪ੍ਰੀਤ ਸਿੰਘ ਨੂੰ ਨੈਸ਼ਨਲ ਇਨਵੈਸਟੀਗੇਸ਼ਨ ਏਜੰਸੀ (ਐੱਨ. ਆਈ. ਏ.) ਦੀ ਟੀਮ ਵੱਲੋਂ ਮੋਹਾਲੀ ਦੀ ਅਦਾਲਤ ਵਿਖੇ ਪੇਸ਼ ਕੀਤਾ ਗਿਆ। ਦੱਸਣਯੋਗ ਹੈ ਕਿ ਹਿਜ਼ਬੁਲ ਮੁਜ਼ਾਹਦੀਨ ਲਈ ਕੰਮ ਕਰਨ ਵਾਲਾ ਮਨਪ੍ਰੀਤ ਸਿੰਘ ਜੰਮੂ-ਕਸ਼ਮੀਰ ’ਚ ਹੋਣ ਵਾਲੀਆਂ ਅੱਤਵਾਦੀ ਗਤੀਵਿਧੀਆਂ ਲਈ ਕੰਮ ਕਰਦਾ ਸੀ ਅਤੇ ਉਸਦੇ ਹੈਰੋਇਨ ਸਮੱਗਲਰ ਰਣਜੀਤ ਸਿੰਘ ਝੀਤਾ ਅਤੇ ਇਕਬਾਲ ਸਿੰਘ ਸ਼ੇਰਾ ਨਾਲ ਡੂੰਘੇ ਸਬੰਧ ਸਨ। 25 ਅਪ੍ਰੈਲ 2020 ਨੂੰ ਅੰਮ੍ਰਿਤਸਰ ਦੇ ਥਾਣਾ ਸਦਰ ਦੀ ਪੁਲਸ ਨੇ ਹਿਜ਼ਬੁਲ ਕਮਾਂਡਰ ਰਿਆਜ਼ ਅਹਿਮਦ ਨਿਆਨੂ ਦੇ ਨਾਲ ਹਿਲਾਲ ਅਹਿਮਦ ਸਿਰਗੋਜ਼ੀ ਨੂੰ 29 ਲੱਖ ਦੀ ਡਰੱਗ ਮਨੀ ਅਤੇ ਇਕ ਟਰੱਕ ਸਮੇਤ ਗ੍ਰਿਫ਼ਤਾਰ ਕੀਤਾ ਸੀ। ਪੰਜਾਬ ਪੁਲਸ ਦੀ ਜਾਂਚ ਮਗਰੋਂ ਐੱਨ. ਆਈ. ਏ. ਟੀਮ ਵੱਲੋਂ 8 ਮਈ 2020 ਨੂੰ ਇਸ ਮਾਮਲੇ ਦੀ ਪੂਰੀ ਜਾਂਚ ਆਪਣੇ ਹੱਥ ’ਚ ਲਈ ਗਈ ਸੀ। ਜਾਂਚ ਦੌਰਾਨ ਸਾਹਮਣੇ ਆਇਆ ਕਿ ਮਨਪ੍ਰੀਤ ਸਿੰਘ ਹਵਾਲਾ ਆਪ੍ਰੇਟਰ ਹੈ।
ਇਹ ਵੀ ਪੜ੍ਹੋ : ਟਾਂਡਾ ’ਚ ਚੱਕਾ ਜਾਮ ਕਰਕੇ ਕੇਂਦਰ ਸਰਕਾਰ ਦਾ ਪੁਤਲਾ ਸਾੜਦਿਆਂ ਕੀਤਾ ਖ਼ੇਤੀ ਕਾਨੂੰਨਾਂ ਦਾ ਕੀਤਾ ਵਿਰੋਧ
ਮਨਪ੍ਰੀਤ ਨੇ ਪਖ਼ਾਨੇ ’ਚ ਰੋੜ ਦਿੱਤੇ ਸਨ ਦਸਤਾਵੇਜ਼
ਜਿਵੇਂ ਹੀ ਐੱਨ. ਆਈ. ਏ. ਦੀ ਟੀਮ ਨੇ ਹਿੱਜਬੁਲ ਮੁਜ਼ਾਹਦੀਨ ਨਾਲ ਜੁੜੇ ਅੱਤਵਾਦੀ ਮਨਪ੍ਰੀਤ ਸਿੰਘ ਦੇ ਘਰ ਛਾਪੇਮਾਰੀ ਕੀਤੀ ਤਾਂ ਉਨ੍ਹਾਂ ਨੂੰ ਵੇਖਦਿਆਂ ਹੀ ਉਸਨੇ ਆਪਣੇ ਸਾਰੇ ਜ਼ਰੂਰੀ ਦਸਤਾਵੇਜ਼ ਪਖ਼ਾਨੇ ’ਚ ਰੋੜ ਦਿੱਤੇ, ਜਿਸ ਤੋਂ ਬਾਅਦ ਐੱਨ. ਆਈ. ਏ . ਦੀ ਟੀਮ ਨੇ ਮਜ਼ਦੂਰ ਤੋਂ ਫਲੱਸ਼ ਤੁੜਵਾ ਕੇ ਗਟਰ ’ਚੋਂ ਦਸਤਾਵੇਜ਼ ਬਾਹਰ ਕਢਵਾਏ। ਤਿੰਨ ਮਹੀਨੇ ਪਹਿਲਾਂ ਹੀ ਮਨਪ੍ਰੀਤ ਨੇ 16 ਹਜ਼ਾਰ ਰੁਪਏ ਮਹੀਨੇ ’ਤੇ ਘਰ ਕਿਰਾਏ ’ਤੇ ਲਿਆ ਸੀ, ਜਿਸ ਸਬੰਧੀ ਕਿਰਾਏ ’ਤੇ ਮਕਾਨ ਦਿਵਾਉਣ ਵਾਲੇ ਪ੍ਰਾਪਰਟੀ ਡੀਲਰ ਤੋਂ ਵੀ ਟੀਮ ਵੱਲੋਂ ਪੁੱਛਗਿਛ ਕੀਤੀ ਗਈ।
ਨੋਟ : ਹਿੱਜਬੁਲ ਮੁਜ਼ਾਹਦੀਨ ਦੇ ਹਵਾਲਾ ਆਪ੍ਰੇਟਰ ਦੇ ਘਰ NIA ਵੱਲੋਂ ਕੀਤੀ ਛਾਪੇਮਾਰੀ ਬਾਰੇ ਦਿਓ ਆਪਣੀ ਰਾਏ