ਪੰਜਾਬ ਪੁਲਸ ਦਾ ਆਪ੍ਰੇਸ਼ਨ ਕਾਸੋ, ਡਰੱਗਜ਼ ਦੇ ਹਾਟਸਪਾਟ ਕਾਜ਼ੀ ਮੰਡੀ ਸਣੇ ਕਈ ਇਲਾਕਿਆਂ ’ਚੋਂ ਹੈਰੋਇਨ ਸਣੇ 20 ਗ੍ਰਿਫ਼ਤਾਰ

Wednesday, Feb 22, 2023 - 10:58 AM (IST)

ਪੰਜਾਬ ਪੁਲਸ ਦਾ ਆਪ੍ਰੇਸ਼ਨ ਕਾਸੋ, ਡਰੱਗਜ਼ ਦੇ ਹਾਟਸਪਾਟ ਕਾਜ਼ੀ ਮੰਡੀ ਸਣੇ ਕਈ ਇਲਾਕਿਆਂ ’ਚੋਂ ਹੈਰੋਇਨ ਸਣੇ 20 ਗ੍ਰਿਫ਼ਤਾਰ

ਜਲੰਧਰ (ਸੁਧੀਰ)–ਸੂਬੇ ਨੂੰ ਨਸ਼ਾ-ਮੁਕਤ ਬਣਾਉਣ ਲਈ ਮੁੱਖ ਮੰਤਰੀ ਭਗਵੰਤ ਮਾਨ ਅਤੇ ਡੀ. ਜੀ. ਪੀ. ਗੌਰਵ ਯਾਦਵ ਦੇ ਹੁਕਮਾਂ ’ਤੇ ਸੂਬੇ ਭਰ ਵਿਚ ਚੱਲ ਰਹੇ ਆਪ੍ਰੇਸ਼ਨ ਕਾਸੋ ਤਹਿਤ ਮੰਗਲਵਾਰ ਜਲੰਧਰ ਸ਼ਹਿਰ ਵਿਚ ਵੀ ਏ. ਡੀ. ਜੀ. ਪੀ. ਆਰ. ਕੇ. ਜਾਇਸਵਾਲ ਅਤੇ ਪੁਲਸ ਕਮਿਸ਼ਨਰ ਕੁਲਦੀਪ ਸਿੰਘ ਚਾਹਲ ਦੀ ਅਗਵਾਈ ਵਿਚ ਕਮਿਸ਼ਨਰੇਟ ਪੁਲਸ ਦੇ ਅਧਿਕਾਰੀਆਂ ਨੇ ਭਾਰੀ ਪੁਲਸ ਫੋਰਸ ਸਮੇਤ ਡਰੱਗਜ਼ ਦੇ ਹਾਟਸਪਾਟ ਮੰਨੇ ਜਾਣ ਵਾਲੇ ਇਲਾਕੇ ਕਾਜ਼ੀ ਮੰਡੀ, ਸੰਤੋਸ਼ੀ ਨਗਰ, ਭੀਮ ਨਗਰ, ਧਾਨਕੀਆ ਮੁਹੱਲਾ ਅਤੇ ਉਸਦੇ ਆਲੇ-ਦੁਆਲੇ ਦੇ ਇਲਾਕਿਆਂ ਵਿਚ ਵੀ ਘੇਰਾਬੰਦੀ ਕਰਕੇ ਕਈ ਨਸ਼ਾ ਸਮੱਗਲਰਾਂ ਅਤੇ ਸ਼ੱਕੀ ਲੋਕਾਂ ਦੇ ਘਰਾਂ ਵਿਚ ਛਾਪੇਮਾਰੀ ਕੀਤੀ। ਭਾਰੀ ਪੁਲਸ ਫੋਰਸ ਨੂੰ ਦੇਖ ਕੇ ਕਾਜ਼ੀ ਮੰਡੀ ਅਤੇ ਉਸਦੇ ਆਲੇ-ਦੁਆਲੇ ਦੇ ਕਈ ਇਲਾਕਿਆਂ ਵਿਚ ਹੜਕੰਪ ਮਚ ਗਿਆ। ਡੀ. ਸੀ. ਪੀ. ਜਸਕਿਰਨਜੀਤ ਸਿੰਘ ਤੇਜਾ ਦੀ ਅਗਵਾਈ ਵਿਚ ਪੁਲਸ ਮੁਲਾਜ਼ਮਾਂ ਨੇ ਕਾਜ਼ੀ ਮੰਡੀ ਅਤੇ ਉਸ ਦੇ ਆਲੇ-ਦੁਆਲੇ ਦੇ ਇਲਾਕਿਆਂ ਨੂੰ ਪੂਰੀ ਤਰ੍ਹਾਂ ਸੀਲ ਕਰ ਦਿੱਤਾ ਤਾਂ ਕਿ ਪੁਲਸ ਦੀ ਕਾਰਵਾਈ ਦੌਰਾਨ ਕੋਈ ਨਸ਼ਾ ਸਮੱਗਲਰ ਜਾਂ ਸ਼ੱਕੀ ਵਿਅਕਤੀ ਭੱਜ ਨਾ ਸਕੇ। ਇਸ ਦੇ ਨਾਲ ਹੀ ਸ਼ਹਿਰ ਦੇ ਸਾਰੇ ਥਾਣਾ ਇੰਚਾਰਜਾਂ ਨੇ ਆਪਣੇ-ਆਪਣੇ ਇਲਾਕਿਆਂ ਵਿਚ ਵੀ ਨਸ਼ਾ ਸਮੱਗਲਰਾਂ ’ਤੇ ਸਖ਼ਤ ਕਾਰਵਾਈ ਕਰਨ ਲਈ ਸਰਚ ਮੁਹਿੰਮ ਚਲਾਈ।

ਸੀ. ਪੀ. ਚਾਹਲ ਨੇ ਦੱਸਿਆ ਕਿ ਆਪ੍ਰੇਸ਼ਨ ਕਾਸੋ ਨੂੰ ਜਲੰਧਰ ਵਿਚ ਵੀ ਭਾਰੀ ਸਫਲਤਾ ਮਿਲੀ ਹੈ। ਉਨ੍ਹਾਂ ਦੱਸਿਆ ਕਿ ਕਮਿਸ਼ਨਰੇਟ ਪੁਲਸ ਨੇ ਆਪ੍ਰੇਸ਼ਨ ਕਾਸੋ ਦੌਰਾਨ ਸ਼ਹਿਰ ਵਿਚ ਵੱਖ-ਵੱਖ ਥਾਵਾਂ ਤੋਂ 20 ਸਮੱਗਲਰਾਂ ਨੂੰ ਕਾਬੂ ਕਰਕੇ ਉਨ੍ਹਾਂ ਕੋਲੋਂ ਹੈਰੋਇਨ, ਨਸ਼ੇ ਵਾਲਾ ਪਾਊਡਰ, ਨਸ਼ੇ ਵਾਲੀਆਂ ਗੋਲੀਆਂ ਬਰਾਮਦ ਕਰਨ ਦੇ ਨਾਲ-ਨਾਲ 19 ਲੋਕਾਂ ’ਤੇ ਮਾਮਲੇ ਦਰਜ ਕੀਤੇ ਹਨ। ਉਨ੍ਹਾਂ ਦੱਸਿਆ ਕਿ ਸ਼ਹਿਰ ਨੂੰ ਨਸ਼ਾ ਅਤੇ ਜੁਰਮ-ਮੁਕਤ ਬਣਾਉਣਾ ਹੀ ਉਨ੍ਹਾਂ ਦਾ ਟੀਚਾ ਹੈ। ਚਾਰਜ ਸੰਭਾਲਣ ਤੋਂ ਬਾਅਦ ਹੀ ਉਨ੍ਹਾਂ ਕਮਿਸ਼ਨਰੇਟ ਪੁਲਸ ਦੇ ਸਾਰੇ ਅਧਿਕਾਰੀਆਂ ਨਾਲ ਵਿਸ਼ੇਸ਼ ਮੀਟਿੰਗ ਕਰਕੇ ਸ਼ਹਿਰ ਬਾਰੇ ਜਾਣਕਾਰੀ ਹਾਸਲ ਕਰਕੇ ਨਾਜਾਇਜ਼ ਧੰਦਾ ਕਰਨ ਵਾਲਿਆਂ ’ਤੇ ਸ਼ਿਕੰਜਾ ਕੱਸਣ ਦੇ ਨਿਰਦੇਸ਼ ਦਿੱਤੇ ਸਨ। ਉਨ੍ਹਾਂ ਨੂੰ ਸੂਚਨਾ ਮਿਲੀ ਸੀ ਕਿ ਕਾਜ਼ੀ ਮੰਡੀ ਅਤੇ ਉਸ ਦੇ ਆਲੇ-ਦੁਆਲੇ ਦੇ ਕਈ ਇਲਾਕਿਆਂ ਵਿਚ ਨਸ਼ਿਆਂ ਦਾ ਨਾਜਾਇਜ਼ ਕਾਰੋਬਾਰ ਹੁੰਦਾ ਹੈ। ਇਸ ਕਾਰਨ ਅੱਜ ਡੀ. ਸੀ. ਪੀ. ਜਸਕਿਰਨਜੀਤ ਸਿੰਘ ਤੇਜਾ ਅਤੇ ਹੋਰ ਪੁਲਸ ਅਧਿਕਾਰੀਆਂ ਦੀ ਅਗਵਾਈ ਵਿਚ 143 ਮੁਲਾਜ਼ਮਾਂ ਨੂੰ 10 ਟੀਮਾਂ ਵਿਚ ਸ਼ਾਮਲ ਕੀਤਾ ਗਿਆ ਹੈ। ਇਸ ਦੌਰਾਨ ਪੁਲਸ ਨੇ ਇਕੋ ਵੇਲੇ ਪੂਰੇ ਇਲਾਕੇ ਨੂੰ ਸੀਲ ਕਰ ਕੇ ਸਰਚ ਮੁਹਿੰਮ ਚਲਾਈ ਅਤੇ ਕਈ ਸ਼ੱਕੀ ਘਰਾਂ ਦੀ ਤਲਾਸ਼ੀ ਲਈ।

PunjabKesari

ਇਹ ਵੀ ਪੜ੍ਹੋ : ਸੁਖਬੀਰ ਬਾਦਲ ਦਾ ਪੰਜਾਬ ਸਰਕਾਰ 'ਤੇ ਵੱਡਾ ਹਮਲਾ, ਕਿਹਾ-10 ਮਹੀਨਿਆਂ 'ਚ ਕੀਤਾ ਪੰਜਾਬ ਨੂੰ ਬਰਬਾਦ

ਚਾਹਲ ਨੇ ਸ਼ਹਿਰ ਵਾਸੀਆਂ ਨੂੰ ਅਪੀਲ ਕਰਦਿਆਂ ਕਿਹਾ ਕਿ ਨਸ਼ਾ ਸਮੱਗਲਰਾਂ ਦਾ ਜੜ੍ਹ ਤੋਂ ਸਫ਼ਾਇਆ ਕਰਨ ਲਈ ਉਹ ਪੁਲਸ ਨੂੰ ਸਹਿਯੋਗ ਦੇਣ ਅਤੇ ਨਸ਼ਾ ਸਮੱਗਲਰਾਂ ਦੀ ਸੂਚਨਾ ਪੁਲਸ ਨੂੰ ਬੇਝਿਜਕ ਦੇਣ। ਉਨ੍ਹਾਂ ਦੱਸਿਆ ਕਿ ਸੂਚਨਾ ਦੇਣ ਵਾਲੇ ਦਾ ਨਾਂ ਗੁਪਤ ਰੱਖਿਆ ਜਾਵੇਗਾ। ਉਨ੍ਹਾਂ ਦੱਸਿਆ ਕਿ ਕਮਿਸ਼ਨਰੇਟ ਪੁਲਸ ਸ਼ਹਿਰ ਨੂੰ ਨਸ਼ਾ-ਮੁਕਤ ਬਣਾਉਣ ਲਈ ਭਵਿੱਖ ਵਿਚ ਵੀ ਛਾਪੇਮਾਰੀ ਮੁਹਿੰਮ ਜਾਰੀ ਰੱਖੇਗੀ। ਜੇਕਰ ਕਿਸੇ ਵੀ ਮੁਲਾਜ਼ਮ ਜਾਂ ਪੁਲਸ ਅਧਿਕਾਰੀ ਦੀ ਕਿਸੇ ਨਸ਼ਾ ਸਮੱਗਲਰ ਨਾਲ ਕੋਈ ਮਿਲੀਭੁਗਤ ਪਾਈ ਗਈ ਤਾਂ ਉਸ ਖ਼ਿਲਾਫ਼ ਵੀ ਸਖ਼ਤ ਕਾਰਵਾਈ ਕੀਤੀ ਜਾਵੇਗੀ।

ਇਨ੍ਹਾਂ ਸਮੱਗਲਰਾਂ ਖ਼ਿਲਾਫ਼ ਦਰਜ ਹੋਏ ਮਾਮਲੇ
ਪੁਲਸ ਕਮਿਸ਼ਨਰ ਕੁਲਦੀਪ ਸਿੰਘ ਚਾਹਲ ਅਤੇ ਡੀ. ਸੀ. ਪੀ. ਤੇਜਾ ਨੇ ਦੱਸਿਆ ਕਿ ਕਮਿਸ਼ਨਰੇਟ ਪੁਲਸ ਨੇ ਸੰਜੇ ਉਰਫ ਸੰਜੂ ਨਿਵਾਸੀ ਰਾਮਾ ਮੰਡੀ ਕੋਲੋਂ 7 ਗ੍ਰਾਮ ਹੈਰੋਇਨ, ਅਮਿਤ ਕੁਮਾਰ ਨਿਵਾਸੀ ਅਜੀਤ ਨਗਰ ਤੋਂ 30 ਗ੍ਰਾਮ ਹੈਰੋਇਨ, ਮੰਗਾ ਨਿਵਾਸੀ ਕਾਜ਼ੀ ਮੰਡੀ ਤੋਂ 25 ਗ੍ਰਾਮ ਹੈਰੋਇਨ, ਬਲਦੇਵ ਸਿੰਘ ਉਰਫ਼  ਚਾਚਾ ਨਿਵਾਸੀ ਨਿਊ ਉਪਕਾਰ ਨਗਰ ਤੋਂ 55 ਗ੍ਰਾਮ ਹੈਰੋਇਨ, ਗੁਰਪ੍ਰੀਤ ਉਰਫ਼ ਗੁਰੂ ਨਿਵਾਸੀ ਚੌਗਿੱਟੀ ਤੋਂ 11 ਗ੍ਰਾਮ ਹੈਰੋਇਨ, ਨਵਪ੍ਰੀਤ ਸਿੰਘ ਉਰਫ਼ ਝਮਕਾ ਤੋਂ 6 ਗ੍ਰਾਮ ਹੈਰੋਇਨ, ਵਿਕਾਸ ਉਰਫ਼ ਵਿੱਕੀ ਨਿਵਾਸੀ ਟਰਾਂਸਪੋਰਟ ਨਗਰ ਤੋਂ 11 ਗ੍ਰਾਮ ਹੈਰੋਇਨ, ਅਸ਼ੋਕ ਕੁਮਾਰ ਨਿਵਾਸੀ ਸੰਤੋਸ਼ੀ ਨਗਰ ਤੋਂ 30 ਗ੍ਰਾਮ ਹੈਰੋਇਨ ਬਰਾਮਦ ਕਰਕੇ ਥਾਣਾ ਰਾਮਾ ਮੰਡੀ ਵਿਚ ਮਾਮਲੇ ਦਰਜ ਕੀਤੇ।

ਇਸੇ ਤਰ੍ਹਾਂ ਪੁਲਸ ਨੇ ਵਿੱਕੀ ਨਿਵਾਸੀ ਭੀਮ ਨਗਰ ਤੋਂ 11 ਗ੍ਰਾਮ ਨਸ਼ੇ ਵਾਲਾ ਪਾਊਡਰ ਬਰਾਮਦ ਕਰ ਕੇ ਥਾਣਾ ਬਾਰਾਦਰੀ ਅਤੇ ਲਾਤੀਫ ਨਿਵਾਸੀ ਇੰਦਰਾ ਕਾਲੋਨੀ ਧੀਣਾ ਤੋਂ 20 ਗ੍ਰਾਮ ਨਸ਼ੇ ਵਾਲਾ ਪਾਊਡਰ ਬਰਾਮਦ ਕਰ ਕੇ ਥਾਣਾ ਨੰਬਰ 1, ਮਨੀ ਨਿਵਾਸੀ ਇੰਦਰਾ ਕਾਲੋਨੀ ਧੀਣਾ ਤੋਂ 20 ਗ੍ਰਾਮ ਨਸ਼ੇ ਵਾਲਾ ਪਾਊਡਰ ਬਰਾਮਦ ਕਰ ਕੇ ਥਾਣਾ ਨੰਬਰ 2, ਸੋਨੂੰ ਨਿਵਾਸੀ ਚੌਗਿੱਟੀ ਤੋਂ 10 ਗ੍ਰਾਮ ਨਸ਼ੇ ਵਾਲਾ ਪਾਊਡਰ, ਸੰਦੀਪ ਨਿਵਾਸੀ ਫਰੈਂਡਜ਼ ਕਾਲੋਨੀ ਤੋਂ ਇਕ ਗ੍ਰਾਮ ਹੈਰੋਇਨ, ਕੁਲਬੀਰ ਸਿੰਘ ਨਿਵਾਸੀ ਚੌਗਿੱਟੀ ਤੋਂ 12 ਗ੍ਰਾਮ ਨਸ਼ੇ ਵਾਲਾ ਪਾਊਡਰ, ਪ੍ਰਿੰਸ ਨਿਵਾਸੀ ਨਿਊ ਸੰਤ ਨਗਰ ਤੋਂ 11 ਗ੍ਰਾਮ ਹੈਰੋਇਨ, ਰੋਹਿਤ ਕੁਮਾਰ ਨਿਵਾਸੀ ਤਿਲਕ ਨਗਰ ਤੋਂ 10 ਗ੍ਰਾਮ ਹੈਰੋਇਨ, ਅਮਨਦੀਪ ਸਿੰਘ ਨਿਵਾਸੀ ਨਿਊ ਰਸੀਲਾ ਨਗਰ ਤੋਂ 100 ਨਸ਼ੇ ਵਾਲੀਆਂ ਗੋਲੀਆਂ, ਅਕਸ਼ੈ ਨਿਵਾਸੀ ਪਿੰਡ ਨੱਥੇਵਾਲ ਤੋਂ 6 ਗ੍ਰਾਮ ਹੈਰੋਇਨ ਬਰਾਮਦ ਕਰ ਕੇ ਵੱਖ-ਵੱਖ ਥਾਣਿਆਂ ਵਿਚ ਮਾਮਲੇ ਦਰਜ ਕੀਤੇ ਗਏ ਹਨ। ਇਸੇ ਤਰ੍ਹਾਂ ਵਿਨੋਦ ਕੁਮਾਰ ਨਿਵਾਸੀ ਫਗਵਾੜਾ ਤੋਂ 3 ਗ੍ਰਾਮ ਹੈਰੋਇਨ ਬਰਾਮਦ ਕਰਕੇ ਥਾਣਾ ਨੰਬਰ 6 ਵਿਚ ਮਾਮਲਾ ਦਰਜ ਕੀਤਾ ਹੈ।

ਇਹ ਵੀ ਪੜ੍ਹੋ : ਜਲੰਧਰ ਜ਼ਿਮਨੀ ਚੋਣ ਸਬੰਧੀ ਭਖਣ ਲੱਗੀ ਸਿਆਸਤ, ਕਈ ਵੱਡੇ ਅਕਾਲੀ ਤੇ ਕਾਂਗਰਸੀ ਆਗੂ ਭਾਜਪਾ 'ਚ ਸ਼ਾਮਲ

PunjabKesari

ਜ਼ਮਾਨਤ ’ਤੇ ਬਾਹਰ ਆਏ ਸਮੱਗਲਰਾਂ ’ਤੇ ਵੀ ਪੁਲਸ ਦੀ ਨਜ਼ਰ : ਜਸਕਿਰਨਜੀਤ ਸਿੰਘ ਤੇਜਾ
ਕਮਿਸ਼ਨਰੇਟ ਪੁਲਸ ਵਿਚ ਤੇਜ਼ਤਰਾਰ ਅਤੇ ਕਈ ਨਸ਼ਾ ਸਮੱਗਲਰਾਂ ਅਤੇ ਮੁਲਜ਼ਮਾਂ ਨੂੰ ਜੇਲ੍ਹ ਦੀਆਂ ਸੀਖਾਂ ਪਿੱਛੇ ਪਹੁੰਚਾਉਣ ਅਤੇ ਨਸ਼ਾ ਸਮੱਗਲਰਾਂ ਤੋਂ ਨਸ਼ਿਆਂ ਦੀ ਵੱਡੀ ਖੇਪ ਬਰਾਮਦ ਕਰਨ ਵਾਲੇ ਡੀ. ਸੀ. ਪੀ. ਜਸਕਿਰਨਜੀਤ ਸਿੰਘ ਤੇਜਾ ਨੇ ਦੱਸਿਆ ਕਿ ਸ਼ਹਿਰ ਵਿਚ ਨਸ਼ਿਆਂ ਦਾ ਨਾਜਾਇਜ਼ ਕਾਰੋਬਾਰ ਕਰਨ ਵਾਲਿਆਂ ਨੂੰ ਕਿਸੇ ਵੀ ਕੀਮਤ ’ਤੇ ਬਖ਼ਸ਼ਿਆ ਨਹੀਂ ਜਾਵੇਗਾ। ਉਨ੍ਹਾਂ ਦੱਸਿਆ ਕਿ ਸਮੱਗਲਰਾਂ ’ਤੇ ਲਗਾਤਾਰ ਪੁਲਸ ਦਾ ਡੰਡਾ ਚੱਲੇਗਾ। ਪਿਛਲੇ ਕੁਝ ਸਮੇਂ ਦੌਰਾਨ ਹੀ ਕਮਿਸ਼ਨਰੇਟ ਪੁਲਸ ਨੇ ਨਸ਼ਾ ਸਮੱਗਲਰਾਂ ਖ਼ਿਲਾਫ਼ ਵੱਡੀ ਕਾਰਵਾਈ ਕਰਦੇ ਹੋਏ ਲਗਭਗ 300 ਨਸ਼ਾ ਸਮੱਗਲਰਾਂ ਨੂੰ ਕਾਬੂ ਕਰਕੇ ਉਨ੍ਹਾਂ ਕੋਲੋਂ ਭਾਰੀ ਮਾਤਰਾ ਵਿਚ ਨਸ਼ਿਆਂ ਦੀ ਖੇਪ ਬਰਾਮਦ ਕੀਤੀ ਸੀ।

ਉਨ੍ਹਾਂ ਦੱਸਿਆ ਕਿ ਕੁਝ ਮਹੀਨੇ ਪਹਿਲਾਂ ਵੀ ਉਨ੍ਹਾਂ ਨਸ਼ਾ ਸਮੱਗਲਰਾਂ ਨੂੰ ਸਾਫ਼ ਚਿਤਾਵਨੀ ਦਿੱਤੀ ਸੀ ਕਿ ਸ਼ਹਿਰ ਛੱਡ ਦਿਓ ਜਾਂ ਫਿਰ ਨਸ਼ਿਆਂ ਦਾ ਕਾਰੋਬਾਰ। ਡੀ. ਸੀ. ਪੀ. ਤੇਜਾ ਨੇ ਦੱਸਿਆ ਕਿ ਅੱਜ ਵੀ ਨਸ਼ਾ ਸਮੱਗਲਰਾਂ ਖਿਲਾਫ ਵਿਸ਼ੇਸ਼ ਮੁਹਿੰਮ ਚਲਾਉਣ ਲਈ 10 ਦੇ ਲਗਭਗ ਰੇਡ ਪਾਰਟੀਆਂ ਦਾ ਗਠਨ ਕੀਤਾ ਗਿਆ ਸੀ। ਇਸਦੇ ਨਾਲ ਹੀ ਨਾਕਿਆਂ ’ਤੇ ਆਉਣ-ਜਾਣ ਵਾਲੇ ਵਾਹਨ ਚਾਲਕਾਂ ਅਤੇ ਸ਼ੱਕੀ ਲੋਕਾਂ ਕੋਲੋਂ ਵੀ ਪੁੱਛਗਿਛ ਕੀਤੀ ਗਈ। ਉਨ੍ਹਾਂ ਦੱਸਿਆ ਕਿ ਜ਼ਮਾਨਤ ’ਤੇ ਆਏ ਨਸ਼ਾ ਸਮੱਗਲਰਾਂ ਦੀ ਸੂਚੀ ਵੀ ਤਿਆਰ ਕਰ ਕੇ ਉਨ੍ਹਾਂ ’ਤੇ ਨਜ਼ਰ ਰੱਖੀ ਜਾ ਰਹੀ ਹੈ ਅਤੇ ਐੱਨ. ਡੀ. ਪੀ. ਐੱਸ. ਐਕਟ ਅਧੀਨ ਦਰਜ ਮਾਮਲਿਆਂ ਕਾਰਨ ਨਸ਼ਾ ਸਮੱਗਲਰਾਂ ਦੀ ਪ੍ਰਾਪਰਟੀ ਜ਼ਬਤ ਕਰਨ ਦੀ ਪ੍ਰਕਿਰਿਆ ਨੂੰ ਵੀ ਹੋਰ ਤੇਜ਼ ਕੀਤਾ ਜਾ ਰਿਹਾ ਹੈ।
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।


author

shivani attri

Content Editor

Related News