ਆਪ੍ਰੇਸ਼ਨ ਕਾਸੋ ਤਹਿਤ ਪੁਲਸ ਦੀ ਵੱਡੀ ਕਾਰਵਾਈ ਜਾਰੀ, 70 ਜਵਾਨਾਂ ਨੇ ਕੀਤੀ ਰੇਡ
Sunday, Aug 27, 2023 - 01:15 PM (IST)
ਮਲੋਟ (ਸ਼ਾਮ ਜੁਨੇਜਾ) : ਪੰਜਾਬ ਸਰਕਾਰ ਵੱਲੋਂ ਜਾਰੀ ਦਿਸ਼ਾ ਨਿਰਦੇਸ਼ਾਂ ’ਤੇ ਸ੍ਰੀ ਮੁਕਤਸਰ ਸਾਹਿਬ ਦੇ ਜ਼ਿਲ੍ਹਾ ਪੁਲਸ ਦੇ ਸੀਨੀਅਰ ਕਪਤਾਨ ਹਰਮਨਬੀਰ ਸਿੰਘ ਗਿੱਲ ਦੀਆਂ ਹਦਾਇਤਾਂ ’ਤੇ ਪੁਲਸ ਵੱਲੋਂ ਨਸ਼ਾ ਤਸਕਰਾਂ, ਸ਼ੱਕੀ ਪੁਰਸ਼ਾਂ ਅਤੇ ਮਾੜੇ ਅਨਸਰਾਂ ਦੇ ਘਰਾਂ ਵਿਚ ਚੈਕਿੰਗ ਕੀਤੀ ਗਈ। ਇਸ ਮੌਕੇ ਪੁਲਸ ਟੀਮਾਂ ਨੇ ਸ਼ੱਕੀ ਵਹੀਕਲਾਂ ਤੇ ਵਿਅਕਤੀਆਂ ਨੂੰ ਕਾਬੂ ਕਰਕੇ ਪੁੱਛਗਿੱਛ ਕੀਤੀ ਜਾ ਰਹੀ ਹੈ। ਪੁਲਸ ਵੱਲੋਂ ਗੈਰ ਸਮਾਜੀ ਅਨਸਰਾਂ ਵਿਰੁੱਧ ਕਾਰਵਾਈ ਲਈ ਸ਼ੁਰੂ ਕੀਤੀ ਮੁਹਿੰਮ ਆਪ੍ਰੇਸ਼ਨ ਕਾਸੋ ਤਹਿਤ ਅੱਜ ਤੜਕੇ ਪੰਜਾਬ ਹਰਿਆਨਾ ਦੀ ਹੱਦ ’ਤੇ ਲੱਗਦੇ ਪਿੰਡ ਅਤੇ ਮੰਡੀ ਕਿੱਲਿਆਂਵਾਲੀ ਸਮੇਤ ਆਸਪਾਸ ਪਿੰਡਾਂ ਵਿਚ ਸ਼ੱਕੀ ਵਿਅਕਤੀਆਂ ਦੇ ਘਰਾਂ ਤੇ ਥਾਵਾਂ ਦੀ ਚੈਕਿੰਗ ਕੀਤੀ ਗਈ। ਇਸ ਸਬੰਧੀ ਡੀ. ਐੱਸ. ਪੀ. ਡੀ. ਜਸਪਾਲ ਸਿੰਘ ਧਾਰੀਵਾਲ ਨੇ ਦੱਸਿਆ ਕਿ ਇਸ ਕਾਰਵਾਈ ਵਿਚ ਪੁਲਸ ਦੇ 70 ਕਰਮਚਾਰੀਆਂ ਸ਼ਾਮਿਲ ਸਨ। ਜਿਨ੍ਹਾਂ ਦੀਆਂ ਵੱਖ ਵੱਖ ਟੀਮਾਂ ਬਣਾ ਕਿ ਸ਼ੱਕੀ ਵਿਅਕਤੀਆਂ ਦੇ ਟਿਕਾਣਿਆਂ ਅਤੇ ਪਹਿਲਾਂ ਕਈ ਮਾਮਲਿਆਂ ਵਿਚ ਨਾਮਜ਼ਦ ਹੋਣ ਕਰਕੇ ਬਦਨਾਮ ਹੋਏ ਸਮਗਲਰਾਂ ਦੇ ਘਰਾਂ ਦੀ ਚੈਕਿੰਗ ਕੀਤੀ ।
ਡੀ. ਐੱਸ. ਪੀ. ਨੇ ਦੱਸਿਆ ਕਿ ਇਸ ਤਲਾਸ਼ੀ ਅਭਿਆਨ ਤਹਿਤ ਪੁਲਸ ਨੇ ਕੁਝ ਨਸ਼ੀਲੇ ਪਦਾਰਥ ਬਰਾਮਦ ਕੀਤੇ ਅਤੇ ਸ਼ੱਕੀ ਵਿਅਕਤੀਆਂ ਨੂੰ ਵੀ ਹਿਰਾਸਤ ਵਿਚ ਲਿਆ ਜਿਨ੍ਹਾਂ ਤੋਂ ਪੁੱਛਗਿੱਛ ਕੀਤੀ ਜਾਵੇਗੀ। ਇਸ ਤੋਂ ਇਲਾਵਾ ਪੁਲਸ ਟੀਮਾਂ ਨੇ ਵੱਖ-ਵੱਖ ਥਾਵਾਂ ’ਤੇ ਨਾਕਾਬੰਦੀ ਕਰਕੇ ਵਾਹਨਾਂ ਦੀ ਤਲਾਸ਼ੀ ਲਈ ਬਿਨਾਂ ਕਾਗਜ਼ੀ ਵਾਹਨਾਂ ਵਿਰੁੱਧ ਕਾਰਵਾਈ ਕੀਤੀ ਗਈ। ਕਈ ਘਰਾਂ ਵਿਚੋਂ ਬਰਾਮਦ ਅਜਿਹੇ ਵਾਹਨਾਂ ਦੀ ਵੀ ਜਾਂਚ ਕੀਤੀ ਜਾ ਰਹੀ ਹੈ। ਜਿਨ੍ਹਾਂ ਦੇ ਡਾਕੂਮੈਂਟ ਜਾਂ ਮਾਲਕੀ ਦੇ ਸਬੂਤ ਨਾ ਮਿਲਨ ’ਤੇ ਬਣਦੀ ਕਾਰਵਾਈ ਕੀਤੀ ਜਾਵੇਗੀ। ਇਸ ਮੌਕੇ ਥਾਣਾ ਕਬਰਵਾਲਾ ਆਰਜੀ ਦੇ ਮੁੱਖ ਅਫ਼ਸਰ ਐੱਸ. ਆਈ. ਕਰਮਜੀਤ ਸਿੰਘ ਵੀ ਨਾਲ ਸਨ। ਪੁਲਸ ਅਧਿਕਾਰੀ ਨੇ ਦੱਸਿਆ ਕਿ ਇਹ ਮੁਹਿੰਮ ਜਾਰੀ ਰੱਖੀ ਜਾਵੇਗੀ ਅਤੇ ਭਵਿੱਖ ਵਿਚ ਵੀ ਅਚਨਚੇਤ ਚੈਕਿੰਗ ਅਤੇ ਛਾਪੇਮਾਰੀ ਕੀਤੀ ਜਾਵੇਗੀ।