ਸਰਕਾਰੀ ਸਕੂਲਾਂ ਦੇ ਨਤੀਜੇ ਜਦੋਂ 100 ਫੀਸਦੀ ਆਉਣਗੇ ਤਾਂ ਸਿੱਖਿਆ ਮੰਤਰੀ ਵਜੋਂ ਮੇਰੀ ਜ਼ਿੰਮੇਵਾਰੀ ਹੋਵੇਗੀ ਪੂਰੀ : ਸੋਨੀ

05/12/2019 12:20:07 PM

ਜਲੰਧਰ (ਧਵਨ)— ਪੰਜਾਬ ਵਿਧਾਨ ਸਭਾ ਦੇ ਅੰਮ੍ਰਿਤਸਰ ਕੇਂਦਰੀ ਵਿਧਾਨ ਸਭਾ ਹਲਕੇ ਦੀ ਪ੍ਰਤੀਨਿਧਤਾ ਕਰਨ ਵਾਲੇ ਸੂਬੇ ਦੇ ਸਿੱਖਿਆ ਮੰਤਰੀ ਓਮ ਪ੍ਰਕਾਸ਼ ਸੋਨੀ ਨੇ ਪਿਛਲੇ ਇਕ ਸਾਲ ਦੌਰਾਨ ਸਿੱਖਿਆ ਵਿਭਾਗ 'ਚ ਕ੍ਰਾਂਤੀਕਾਰੀ ਤਬਦੀਲੀਆਂ ਲਿਆਂਦੀਆਂ ਹਨ। ਇਸ ਕਾਰਨ ਸਿੱਖਿਆ ਵਿਭਾਗ ਵੱਲੋਂ 10ਵੀਂ ਅਤੇ 12ਵੀਂ ਜਮਾਤ ਦੇ ਐਲਾਨੇ ਗਏ ਨਤੀਜਿਆਂ 'ਚ ਅਹਿਮ ਸੁਧਾਰ ਦੇਖਣ ਨੂੰ ਮਿਲਿਆ ਹੈ। ਸੂਬੇ ਦੇ ਸਰਕਾਰੀ ਸਕੂਲਾਂ ਦੀ ਹਾਲਤ ਨੂੰ ਸੁਧਾਰਨ ਅਤੇ ਸਿੱਖਿਆ ਵਿਭਾਗ ਦਾ ਕਾਇਆਕਲਪ ਕਰਨ ਦੀ ਜ਼ਿੰਮੇਵਾਰੀ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਓ. ਪੀ. ਸੋਨੀ ਨੂੰ ਸੌਂਪੀ ਸੀ, ਜਿਸ ਨੂੰ ਉਨ੍ਹਾਂ ਬਹੁਤ ਵਧੀਆ ਢੰਗ ਨਾਲ ਨਿਭਾਇਆ। ਸਿੱਖਿਆ ਵਿਭਾਗ ਅਤੇ ਸਰਕਾਰੀ ਸਕੂਲਾਂ ਨੂੰ ਲੈ ਕੇ ਸਿੱਖਿਆ ਮੰਤਰੀ ਨਾਲ ਕੀਤੀ ਗਈ ਮੁਲਾਕਾਤ ਦੇ ਪ੍ਰਮੁੱਖ ਅੰਸ਼ ਇਹ ਹਨ।
ਸ. ਪੰਜਾਬ ਸਕੂਲ ਸਿੱਖਿਆ ਬੋਰਡ ਦੇ 10ਵੀਂ ਅਤੇ 12ਵੀਂ ਜਮਾਤ ਦੇ ਨਤੀਜੇ ਬਹੁਤ ਵਧੀਆ ਆਏ ਹਨ? 
ਜ.
10ਵੀਂ ਅਤੇ 12ਵੀਂ ਜਮਾਤ ਦੇ ਵਧੀਆ ਨਤੀਜਿਆਂ ਦਾ ਸਿਹਰਾ ਸਭ ਤੋਂ ਪਹਿਲਾਂ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਜਾਂਦਾ ਹੈ, ਜਿਨ੍ਹਾਂ ਸਿੱਖਿਆ ਮੰਤਰੀ ਬਣਦਿਆਂ ਹੀ ਮੈਨੂੰ ਪਹਿਲੀ ਬੈਠਕ 'ਚ ਸਿੱਖਿਆ ਵਿਭਾਗ ਦਾ ਕਾਇਆਕਲਪ ਕਰਨ ਲਈ ਕਿਹਾ ਸੀ। ਦੋਹਾਂ ਜਮਾਤਾਂ ਦੇ ਨਤੀਜੇ ਸਾਬਕਾ ਅਕਾਲੀ-ਭਾਜਪਾ ਸਰਕਾਰ ਦੇ ਮੁਕਾਬਲੇ 20 ਤੋਂ 25 ਫੀਸਦੀ ਚੰਗੇ ਆਏ ਹਨ। ਸਾਡੀ ਕੋਸ਼ਿਸ਼ ਹੋਵੇਗੀ ਕਿ ਚਾਲੂ ਵਿੱਤੀ ਸਾਲ ਦੌਰਾਨ ਸਿੱਖਿਆ ਵਿਭਾਗ ਨੂੰ ਇੰਨਾ ਮਜ਼ਬੂਤ ਕਰ ਦਿੱਤਾ ਜਾਵੇ ਕਿ ਅਗਲੇ ਸਾਲ ਐਲਾਨੇ ਜਾਣ ਵਾਲੇ ਨਤੀਜੇ 100 ਫੀਸਦੀ ਆਉਣ। ਫਿਰ ਹੀ ਮੈਂ ਸਿੱਖਿਆ ਮੰਤਰੀ ਵਜੋਂ ਖੁਦ ਨੂੰ ਪੂਰੀ ਤਰ੍ਹਾਂ ਸਫਲ ਮੰਨਾਂਗਾ।
ਸ. ਕੀ ਤੁਸੀਂ ਸਮਝਦੇ ਹੋ ਕਿ ਸਿੱਖਿਆ ਮੰਤਰੀ ਵਜੋਂ ਤੁਹਾਡੀ ਜ਼ਿੰਮੇਵਾਰੀ ਪੂਰੀ ਹੋ ਗਈ ਹੈ?
ਜ.
ਨਹੀਂ। ਅਜੇ ਮੇਰੀ ਜ਼ਿੰਮੇਵਾਰੀ ਪੂਰੀ ਨਹੀਂ ਹੋਈ। ਜਦ ਤਕ ਪੰਜਾਬ ਦੇ ਸਰਕਾਰੀ ਸਕੂਲਾਂ ਦੇ ਨਤੀਜੇ 100 ਫੀਸਦੀ ਨਹੀਂ ਆਉਂਦੇ, ਉਦੋਂ ਤੱਕ ਮੇਰੀ ਜ਼ਿੰਮੇਵਾਰੀ ਪੂਰੀ ਨਹੀਂ ਹੋਵੇਗੀ। ਉਮੀਦ ਹੈ ਕਿ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਸੋਚ ਨੂੰ ਮੈਂ ਇਕ ਸਾਲ ਅੰਦਰ ਪੂਰਾ ਕਰਨ 'ਚ ਸਫਲ ਹੋਵਾਂਗਾ।
ਸ. ਬਾਰਡਰ ਜ਼ਿਲਿਆਂ 'ਚ ਤਾਂ ਅਧਿਆਪਕ ਸਰਕਾਰੀ ਸਕੂਲਾਂ 'ਚ ਜਾਂਦੇ ਹੀ ਨਹੀਂ ਸਨ। ਫਿਰ ਨਤੀਜੇ ਕਿਵੇਂ ਚੰਗੇ ਆਏ?
ਜ.
ਬਾਰਡਰ ਜ਼ਿਲਿਆਂ 'ਚ ਪਹਿਲਾਂ 30 ਫੀਸਦੀ ਅਧਿਆਪਕਾਂ ਦੀ ਸਰਕਾਰੀ ਸਕੂਲਾਂ 'ਚ ਕਮੀ ਸੀ ਜੋ ਇਕ ਗੰਭੀਰ ਚਿੰਤਾ ਦਾ ਵਿਸ਼ਾ ਸੀ। ਸਿੱਖਿਆ ਮੰਤਰੀ ਦੀ ਜ਼ਿੰਮੇਵਾਰੀ ਸੰਭਾਲਦਿਆਂ ਹੀ ਮੈਂ ਸਭ ਤੋਂ ਪਹਿਲਾਂ ਅਧਿਆਪਕਾਂ ਦੀ ਕਮੀ ਨੂੰ ਪੂਰਾ ਕੀਤਾ। ਸਕੂਲੀ ਵਿਦਿਆਰਥੀਆਂ 'ਚ ਸਿੱਖਿਆ ਦਾ ਪੱਧਰ ਉੱਚਾ ਕਰਨ ਲਈ ਵਾਧੂ ਕਲਾਸਾਂ ਲਾਈਆਂ ਗਈਆਂ। ਇਸ ਕਾਰਨ ਸਰਹੱਦੀ ਜ਼ਿਲਿਆਂ ਦੇ ਸਕੂਲਾਂ ਦੇ ਨਤੀਜੇ ਵਧੀਆ ਆਏ ਹਨ।
ਸ. ਸਰਕਾਰੀ ਸਕੂਲਾਂ ਦੇ ਨਤੀਜੇ ਵਧੀਆ ਆਉਣ ਪਿੱਛੇ ਇਕ ਕਾਰਨ ਨਕਲ 'ਤੇ ਰੋਕ ਲਾਉਣਾ ਹੀ ਰਿਹਾ ਹੈ।
ਜ.
ਸਰਕਾਰ ਵੱਲੋਂ ਕੀਤੀ ਗਈ ਸਖਤੀ ਪਿੱਛੋਂ ਇਸ ਵਾਰ ਨਕਲ 'ਤੇ ਪੂਰੀ ਤਰ੍ਹਾਂ ਰੋਕ ਲੱਗੀ। ਫਲਾਇੰਗ ਸਕੁਐਡ ਦਸਤੇ ਲਗਾਤਾਰ ਪ੍ਰੀਖਿਆਵਾਂ ਵਾਲੇ ਦਿਨ ਚੈਕਿੰਗ ਕਰਦੇ ਰਹੇ। ਉਹ ਖੁਦ ਵੀ ਕਈ ਸਰਕਾਰੀ ਸਕੂਲਾਂ ਦੀ ਚੈਕਿੰਗ ਕਰਨ ਗਏ।
ਸ. ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਦੇ ਪਿੰਡ ਬਾਦਲ 'ਚ ਵੀ ਸਰਕਾਰੀ ਸਕੂਲਾਂ ਦੇ ਨਤੀਜਿਆਂ ਨੇ ਕਮਾਲ ਕਰ ਦਿੱਤੀ ਹੈ।
ਜ.
ਪਹਿਲਾਂ ਬਾਦਲ ਪਿੰਡ ਦੇ ਸਰਕਾਰੀ ਸਕੂਲਾਂ ਦੇ ਨਤੀਜੇ 35 ਤੋਂ 40 ਫੀਸਦੀ ਹੀ ਆਉਂਦੇ ਸਨ। ਇਸ ਵਾਰ ਪੰਜਾਬ ਸਰਕਾਰ ਵੱਲੋਂ ਕੀਤੀਆਂ ਗਈਆਂ ਕੋਸ਼ਿਸ਼ਾਂ ਕਾਰਨ ਬਾਦਲ ਪਿੰਡ ਦੇ ਸਕੂਲਾਂ ਦੇ ਨਤੀਜੇ 80 ਫੀਸਦੀ ਤੱਕ ਆਏ ਹਨ। ਇਹ ਪੰਜਾਬ ਸਰਕਾਰ ਲਈ ਮਾਣ ਵਾਲੀ ਗੱਲ ਹੈ ਕਿਉਂਕਿ ਜੋ ਕੰਮ ਸਾਬਕਾ ਬਾਦਲ ਸਰਕਾਰ ਨਹੀਂ ਕਰ ਸਕੀ, ਨੂੰ ਅਮਰਿੰਦਰ ਸਰਕਾਰ ਨੇ ਕਰਕੇ ਦਿਖਾ ਦਿੱਤਾ ਹੈ।
ਸ. ਸਿੱਖਿਆ ਵਿਭਾਗ ਅੰਦਰ ਇਕ ਸਾਲ ਅੰਦਰ ਹੀ ਸੁਧਾਰ ਕਿਵੇਂ ਹੋ ਗਿਆ?
ਜ.
ਅਸਲ 'ਚ ਸਿੱਖਿਆ ਮੰਤਰੀ ਬਣਦਿਆਂ ਹੀ ਮੈਂ ਪੰਜਾਬ ਨੂੰ 4 ਜ਼ੋਨਾਂ 'ਚ ਵੰਡ ਦਿੱਤਾ ਸੀ। ਇਨ੍ਹਾਂ ਜ਼ੋਨਾਂ ਨੂੰ ਸਿੱਖਿਆ ਵਿਭਾਗ ਦੇ ਸਕੱਤਰ, ਡਾਇਰੈਕਟਰ ਜਨਰਲ, ਡੀ. ਪੀ. ਆਈ. ਅਤੇ ਹੋਰ ਸੀਨੀਅਰ ਅਧਿਕਾਰੀਆਂ ਦੇ ਹਵਾਲੇ ਕਰ ਦਿੱਤਾ ਗਿਆ ਸੀ। ਸਮੇਂ-ਸਮੇਂ 'ਤੇ ਸਿੱਖਿਆ ਵਿਭਾਗ ਦੀਆਂ ਟੀਮਾਂ ਸਰਕਾਰੀ ਸਕੂਲਾਂ ਦਾ ਦੌਰਾ ਕਰਦੀਆਂ ਰਹੀਆਂ ਅਤੇ ਉਨ੍ਹਾਂ 'ਚ ਪਾਈਆਂ ਜਾਣ ਵਾਲੀਆਂ ਕਮੀਆਂ ਨੂੰ ਦੂਰ ਕੀਤਾ ਜਾਂਦਾ ਰਿਹਾ। ਸਰਹੱਦੀ ਜ਼ਿਲਿਆਂ 'ਚ 20 ਟੀਮਾਂ ਦੌਰੇ ਕਰਦੀਆਂ ਰਹੀਆਂ। ਇੰਝ ਸਕੂਲੀ ਅਧਿਆਪਕਾਂ ਉੱਪਰ ਵਧੀਆ ਨਤੀਜੇ ਦੇਣ ਲਈ ਦਬਾਅ ਪਿਆ। ਇਸ ਦੇ ਨਾਲ ਹੀ ਸਰਕਾਰੀ ਸਕੂਲਾਂ 'ਚ ਅਧਿਆਪਕਾਂ ਦੀ ਹਾਜ਼ਰੀ ਚੈੱਕ ਕਰਨ ਲਈ ਕੰਮ ਕੀਤਾ ਗਿਆ। ਬਾਇਓਮੈਟ੍ਰਿਕ ਪ੍ਰਣਾਲੀ ਸਰਕਾਰੀ ਸਕੂਲਾਂ 'ਚ ਸਫਲਤਾਪੂਰਵਕ ਲਾਗੂ ਕੀਤੀ ਗਈ। ਜਿਨ੍ਹਾਂ ਸਕੂਲਾਂ 'ਚ ਵਿਦਿਆਰਥੀ ਪੜ੍ਹਾਈ 'ਚ ਕਮਜ਼ੋਰ ਸਨ, ਉਥੇ ਅਧਿਆਪਕਾਂ ਨੇ ਵਾਧੂ ਜਮਾਤਾਂ ਲਾਈਆਂ।
ਸ. ਸਰਕਾਰ ਨੇ ਪਿਛਲੇ ਇਕ ਸਾਲ ਦੌਰਾਨ ਸਕੂਲਾਂ 'ਚ ਸਮਾਰਟ ਕਲਾਸਾਂ ਸ਼ੁਰੂ ਕੀਤੀਆਂ ਹਨ। ਇਸ ਦਾ ਕੀ ਪ੍ਰਭਾਵ ਰਿਹਾ ਹੈ।
ਜ.
ਸਰਕਾਰੀ ਸਕੂਲਾਂ 'ਚ ਸਮਾਰਟ ਕਲਾਸਾਂ ਸ਼ੁਰੂ ਹੋਣ ਨਾਲ ਵਿਦਿਆਰਥੀਆਂ ਨੂੰ ਡਿਜੀਟਲ ਸਿੱਖਿਆ ਮਿਲਣੀ ਸ਼ੁਰੂ ਹੋ ਗਈ ਹੈ। ਇਸ ਨਾਲ ਵਿਦਿਆਰਥੀਆਂ ਦਾ ਦਿਮਾਗੀ ਪੱਧਰ ਉੱਚਾ ਹੋਇਆ ਅਤੇ ਸਰਕਾਰੀ ਸਕੂਲਾਂ ਦੇ ਨਤੀਜੇ ਚੰਗੇ ਆਏ। ਸਕੂਲਾਂ 'ਚ ਪ੍ਰਾਜੈਕਟਰ, ਗ੍ਰੀਨ ਬੋਰਡ ਅਤੇ ਹੋਰ ਸਹੂਲਤਾਂ ਦਿੱਤੀਆਂ ਗਈਆਂ।
ਸ. ਕੀ ਸਰਕਾਰ ਨੇ ਜਲੰਧਰ, ਅੰਮ੍ਰਿਤਸਰ, ਲੁਧਿਆਣਾ 'ਚ ਸਭ ਸਰਕਾਰੀ ਸਕੂਲਾਂ ਨੂੰ ਸਮਰਾਟ ਸਕੂਲ ਬਣਾਉਣ ਦਾ ਐਲਾਨ ਕੀਤਾ ਹੈ ?
ਜ. ਜਲੰਧਰ, ਅੰਮ੍ਰਿਤਸਰ, ਲੁਧਿਆਣਾ 'ਚ ਸਭ ਸਰਕਾਰੀ ਸਕੂਲਾਂ ਨੂੰ ਸਮਾਰਟ ਸਕੂਲ ਬਣਾਉਣ ਲਈ ਸਰਕਾਰ ਨੇ ਪਹਿਲਾਂ ਹੀ 20 ਕਰੋੜ ਰੁਪਏ ਦੀ ਗ੍ਰਾਂਟ ਜਾਰੀ ਕੀਤੀ ਹੈ। ਚੋਣਾਂ ਖਤਮ ਹੁੰਦਿਆਂ ਹੀ ਸਭ ਸਰਕਾਰੀ ਸਕੂਲਾਂ ਨੂੰ ਸਮਾਰਟ ਸਕੂਲਾਂ 'ਚ ਤਬਦੀਲ ਕਰ ਦਿੱਤਾ ਜਾਵੇਗਾ। ਇਸ ਨਾਲ ਸਰਕਾਰੀ ਸਕੂਲਾਂ ਦੇ ਨਤੀਜੇ ਹੋਰ ਵੀ ਵਧੀਆ ਆਉਣਗੇ।
ਸ. ਅੰਗਰੇਜ਼ੀ ਭਾਸ਼ਾ ਨੂੰ ਪਹਿਲੀ ਜਮਾਤ ਤੋਂ ਸ਼ੁਰੂ ਕਰਨ ਦੇ ਕੈਪਟਨ ਅਮਰਿੰਦਰ ਸਰਕਾਰ ਦੇ ਫੈਸਲੇ ਦਾ ਅਕਾਲੀਆਂ ਨੇ ਸਖਤ ਵਿਰੋਧ ਕਿਉਂ ਕੀਤਾ ?
ਜ.
ਇਹ ਠੀਕ ਹੈ ਕਿ ਅਕਾਲੀਆਂ ਨੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਫੈਸਲੇ ਦਾ ਵਿਰੋਧ ਕੀਤਾ ਸੀ। ਹੁਣ ਡੇਢ ਸਾਲ ਅੰਦਰ ਹੀ ਜਿਸ ਤਰ੍ਹਾਂ ਦੇ ਨਤੀਜੇ ਸਰਕਾਰੀ ਸਕੂਲਾਂ ਦੇ ਆਏ ਹਨ, ਕਾਰਨ ਅਕਾਲੀਆਂ ਦੀਆਂ ਅੱਖਾਂ ਖੁੱਲ੍ਹ ਜਾਣੀਆਂ ਚਾਹੀਦੀਆਂ ਹਨ। ਅੰਗਰੇਜ਼ੀ ਭਾਸ਼ਾ ਨੂੰ ਪਹਿਲੀ ਜਮਾਤ ਤੋਂ ਲਾਗੂ ਕਰਨਾ ਜ਼ਰੂਰੀ ਸੀ ਕਿਉਂਕਿ ਪੰਜਾਬ ਦੇ ਵਿਦਿਆਰਥੀ ਕੌਮੀ ਅਤੇ ਕੌਮਾਂਤਰੀ ਮੁਕਾਬਲਿਆਂ 'ਚ ਮੱਲਾਂ ਨਹੀਂ ਮਾਰ ਰਹੇ ਸਨ। ਹੁਣ ਪੰਜਾਬ ਦੇ ਵਿਦਿਆਰਥੀ ਹੋਰ ਸੂਬਿਆਂ ਦੇ ਵਿਦਿਆਰਥੀਆਂ ਦਾ ਭਵਿੱਖ 'ਚ ਵਧੀਆ ਮੁਕਾਬਲਾ ਕਰ ਸਕਣਗੇ।
ਸ. ਪਹਿਲੇ ਸਾਲ ਹੀ ਸਿੱਖਿਆ ਵਿਭਾਗ 'ਚ ਸੁਧਾਰ ਲਿਆਉਣ ਲਈ ਕਿੰਨਾ ਪੈਸਾ ਖਰਚ ਕੀਤਾ ਗਿਆ
ਜ.
ਪਹਿਲੇ ਸਾਲ 'ਚ ਅਸੀਂ ਸਰਕਾਰੀ ਸਕੂਲਾਂ ਦੀ ਹਾਲਤ ਸੁਧਾਰਨ ਲਈ 800 ਕਰੋੜ ਰੁਪਏ ਦੀ ਰਕਮ ਖਰਚ ਕੀਤੀ। ਸਰਕਾਰੀ ਸਕੂਲਾਂ 'ਚ ਬੈਂਚ ਅਤੇ ਹੋਰ ਮੂਲ ਢਾਂਚਾ ਮੁਹੱਈਆ ਕਰਵਾਇਆ ਗਿਆ। ਵਿਦਿਆਰਥੀਆਂ ਨੂੰ ਵਰਦੀ ਦਿੱਤੀ ਗਈ। ਮਿਡ ਡੇ ਮੀਲ ਬੱਚਿਆਂ ਨੂੰ ਮੁਹੱਈਆ ਕਰਵਾਇਆ ਗਿਆ। ਹੁਣ ਸਕੂਲਾਂ ਦੀ ਹਾਲਤ ਸੁਧਰ ਰਹੀ ਹੈ।
ਸ. ਪੰਜਾਬ ਦੇ ਕਈ ਸਰਕਾਰੀ ਸਕੂਲਾਂ ਦੀਆਂ ਇਮਾਰਤਾਂ ਅਸੁਰੱਖਿਅਤ ਕਿਉਂ ਹਨ?
ਜ.
ਅਸੀਂ ਹਰੇਕ ਵਿਧਾਇਕ ਭਾਵੇਂ ਉਹ ਕਾਂਗਰਸ ਦਾ ਹੋਵੇ ਜਾਂ ਕਿਸੇ ਹੋਰ ਪਾਰਟੀ ਦਾ, ਨੂੰ ਆਪਣੇ-ਆਪਣੇ ਵਿਧਾਨ ਸਭਾ ਹਲਕੇ ਦੇ ਉਨ੍ਹਾਂ 20-20 ਸਕੂਲਾਂ ਦੀ ਸੂਚੀ ਦੇਣ ਲਈ ਕਿਹਾ ਹੈ ਜਿਨ੍ਹਾਂ ਦੀਆਂ ਇਮਾਰਤਾਂ ਸੁਰੱਖਿਅਤ ਨਹੀਂ ਹਨ। ਚੋਣਾਂ ਪਿਛੋਂ ਅਜਿਹੇ ਸਕੂਲਾਂ ਦੀਆਂ ਇਮਾਰਤਾਂ ਨੂੰ ਪੱਕਾ ਕਰ ਦਿੱਤਾ ਜਾਵੇਗਾ।
ਸ. ਸਰਕਾਰੀ ਸਕੂਲਾਂ 'ਚ ਸਿੱਖਿਆ ਲੈਣ ਵਾਲੇ ਵਿਦਿਆਰਥੀਆਂ ਦੀ ਗਿਣਤੀ ਵਧ ਰਹੀ ਹੈ ਜਾਂ ਘੱਟ ਰਹੀ ਹੈ?
ਜ.
ਸਰਕਾਰੀ ਸਕੂਲਾਂ 'ਚ ਇਸ ਵਾਰ ਦਾਖਲਾ 20 ਫੀਸਦੀ ਵਧਿਆ ਹੈ। ਸਾਡੀ ਕੋਸ਼ਿਸ਼ ਹੋਵੇਗੀ ਕਿ ਸਰਕਾਰੀ ਸਕੂਲਾਂ 'ਚ ਪੰਜਾਬੀਆਂ ਦੇ ਬੱਚੇ ਸਿੱਖਿਆ ਹਾਸਲ ਕਰਨ। ਉਹ ਪ੍ਰਾਈਵੇਟ ਸਕੂਲਾਂ ਨੂੰ ਛੱਡ ਕੇ ਸਰਕਾਰੀ ਸਕੂਲਾਂ 'ਚ ਆਉਣ। ਇੰਝ ਹੋਣ ਨਾਲ ਹੀ ਸਿੱਖਿਆ ਵਿਭਾਗ ਆਪਣੇ ਨਿਸ਼ਾਨੇ ਨੂੰ ਹਾਸਲ ਕਰ ਸਕੇਗਾ।
ਸ. ਸਿੱਖਿਆ ਵਿਭਾਗ ਦਾ ਚਾਲੂ ਸਾਲ ਦਾ ਬਜਟ ਕਿੰਨਾ ਹੈ?
ਜ.
ਸਿੱਖਿਆ ਵਿਭਾਗ ਦਾ ਚਾਲੂ ਸਾਲ ਦਾ ਬਜਟ 11 ਹਜ਼ਾਰ ਕਰੋੜ ਰੁਪਏ ਦਾ ਹੈ। ਇਸ 'ਚੋਂ 9 ਹਜ਼ਾਰ ਕਰੋੜ ਰੁਪਏ ਤਾਂ ਅਧਿਆਪਕਾਂ ਅਤੇ ਹੋਰਨਾਂ ਮੁਲਾਜ਼ਮਾਂ ਦੀਆਂ ਤਨਖਾਹਾਂ 'ਚ ਹੀ ਨਿਕਲ ਜਾਂਦੇ ਹਨ। ਬਾਕੀ ਰਕਮ ਸਕੂਲਾਂ ਦੀ ਹਾਲਤ ਨੂੰ ਸੁਧਾਰਨ 'ਤੇ ਖਰਚ ਕੀਤੀ ਜਾਵੇਗੀ।
ਸ. ਸਿੱਖਿਆ ਨੂੰ ਲੈ ਕੇ ਸਰਕਾਰ ਦੀ ਨੀਤੀ ਕਿਸ ਤਰ੍ਹਾਂ ਦੀ ਰਹੇਗੀ?
ਜ.
ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਸੋਚ ਹੈ ਕਿ ਸਿੱਖਿਆ ਅਤੇ ਸਿਹਤ ਦੋਹਾਂ ਵਿਭਾਗਾਂ ਦਾ ਕਾਇਆਕਲਪ ਹੋਣਾ ਚਾਹੀਦਾ ਹੈ। ਕੈਪਟਨ ਅਮਰਿੰਦਰ ਸਿੰਘ ਦੀ ਸੋਚ ਹੈ ਕਿ ਜੇ ਪੰਜਾਬ ਨੇ ਅੱਗੇ ਵਧਣਾ ਹੈ ਤਾਂ ਸਭ ਤੋਂ ਪਹਿਲਾਂ ਸਿੱਖਿਆ ਅਤੇ ਸਿਹਤ ਵਿਭਾਗਾਂ 'ਚ ਮੂਲ ਸੁਧਾਰ ਕਰ ਕੇ ਉਨ੍ਹਾਂ ਨੂੰ ਆਪਣੇ ਪੈਰਾਂ 'ਤੇ ਖੜ੍ਹਾ ਕੀਤਾ ਜਾਣਾ ਚਾਹੀਦਾ ਹੈ।
ਸ. ਸਰਕਾਰੀ ਸਕੂਲਾਂ 'ਚ ਅਜੇ ਵੀ ਅਧਿਆਪਕਾਂ ਦੀ ਕਾਫੀ ਕਮੀ ਹੈ। ਉਸ ਨੂੰ ਕਿਵੇਂ ਦੂਰ ਕੀਤਾ ਜਾਵੇਗਾ?
ਜ.
ਸਰਕਾਰੀ ਸਕੂਲਾਂ 'ਚ ਅਧਿਆਪਕਾਂ ਦੀ ਕਮੀ ਨੂੰ ਦੂਰ ਕਰਨ ਲਈ ਚੋਣਾਂ ਪਿਛੋਂ ਮੁਹਿੰਮ ਚਲਾਈ ਜਾਵੇਗੀ। ਸਭ ਤੋਂ ਪਹਿਲਾਂ ਸਕੂਲਾਂ 'ਚ ਲੈਕਚਰਾਰਾਂ ਅਤੇ ਪ੍ਰਿੰਸੀਪਲਾਂ ਦੀਆਂ ਖਾਲੀ ਪਈਆਂ ਅਸਾਮੀਆਂ ਨੂੰ ਭਰਿਆ ਜਾਵੇਗਾ। ਇਹ ਕੰਮ ਪੀ. ਪੀ. ਐੱਸ. ਸੀ. ਨੂੰ ਸੌਂਪਿਆ ਜਾਵੇਗਾ। ਉਸ ਤੋਂ ਬਾਅਦ ਅਧਿਆਪਕਾਂ ਦੀ ਭਰਤੀ ਸ਼ੁਰੂ ਹੋਵੇਗੀ। ਇਹ ਭਰਤੀ ਵੀ ਮੈਰਿਟ ਦੇ ਆਧਾਰ 'ਤੇ ਕੀਤੀ ਜਾਵੇਗੀ। ਕਿਸੇ ਵਧੀਆ ਯੂਨੀਵਰਸਿਟੀ ਨੂੰ ਅਧਿਆਪਕਾਂ ਦੀ ਭਰਤੀ ਕਰਨ ਲਈ ਕਿਹਾ ਜਾਵੇਗਾ ਕਿਉਂਕਿ ਜੇ ਅਧਿਆਪਕ ਚੰਗੇ ਭਰਤੀ ਹੋਣਗੇ ਤਾਂ ਸਕੂਲਾਂ ਦੇ ਨਤੀਜੇ ਵਧੀਆ ਆਉਣਗੇ ਅਤੇ ਵਿਦਿਆਰਥੀਆਂ ਦਾ ਦਿਮਾਗੀ ਪੱਧਰ ਵੀ ਉੱਚਾ ਹੋਵੇਗਾ। ਚੋਣਾਂ ਮੁੱਕਣ ਦੇ ਨਾਲ ਹੀ 2000 ਲੈਕਚਰਾਰ ਅਤੇ ਪ੍ਰਿੰਸੀਪਲ ਭਰਤੀ ਕਰ ਲਏ ਜਾਣਗੇ।


shivani attri

Content Editor

Related News