ਫੈਸਲਾ ਪੱਖ ''ਚ ਕਰਵਾਉਣ ਲਈ ਅਦਾਲਤ ਦੇ ਬਾਹਰ ਕਰਦਾ ਸੀ ਜਾਦੂ-ਟੂਣਾ, ਕਾਬੂ
Wednesday, Oct 30, 2019 - 06:43 PM (IST)
ਹੁਸ਼ਿਆਰਪੁਰ (ਅਮਰਿੰਦਰ)— ਥਾਣਾ ਸਿਟੀ ਪੁਲਸ ਨੇ ਮੰਗਲਵਾਰ ਨੂੰ ਅਦਾਲਤ 'ਚ ਫੈਸਲਾ ਆਪਣੇ ਪੱਖ 'ਚ ਕਰਵਾਉਣ 'ਤੇ ਜਾਦੂ-ਟੂਣਾ ਕਰਨ ਦੇ ਦੋਸ਼ 'ਚ ਇਕ ਵਿਅਕਤੀ ਨੂੰ ਕਾਬੂ ਕੀਤਾ ਹੈ। ਉਕਤ ਵਿਅਕਤੀ ਦੀ ਪਛਾਣ ਜਤਿੰਦਰ ਸਿੰਘ ਪੁੱਤਰ ਪਰਮਜੀਤ ਸਿੰਘ ਨਿਵਾਸੀ ਕੈਰੋਵਾਲ (ਦਸੂਹਾ) ਦੇ ਤੌਰ 'ਤੇ ਹੋਈ ਹੈ। ਇਸ ਸਬੰਧੀ ਜਾਣਕਾਰੀ ਦਿੰਦੇ ਥਾਣਾ ਸਿਟੀ ਦੇ ਐੱਸ. ਐੱਚ. ਓ. ਇੰਸਪੈਕਟਰ ਗੋਬਿੰਦਰ ਕੁਮਾਰ ਬੰਟੀ ਨੇ ਦੱਸਿਆ ਕਿ ਦੋਸ਼ੀ ਜਤਿੰਦਰ ਸਿੰਘ ਦੇ ਇਕ ਰਿਸ਼ਤੇਦਾਰ ਦੀ ਅਦਾਲਤ 'ਚ ਬੀਤੇ ਦਿਨ ਸੁਣਵਾਈ ਹੋਣੀ ਸੀ।
ਇਸ ਦੌਰਾਨ ਕਿਸੇ ਨੇ ਉਸ ਨੂੰ ਸਲਾਹ ਦਿੱਤੀ ਸੀ ਕਿ ਜੇਕਰ ਉਹ ਅਦਾਲਤ 'ਚ ਮੰਤਰਿਤ ਸੇਤੀ ਸਰ੍ਹੋਂ ਦੇ ਦਾਣੇ ਖਿਲਾਰ ਦੇਵੇਗਾ ਤਾਂ ਅਦਾਲਤੀ ਫੈਸਲਾ ਤੁਹਾਡੇ ਪੱਖ 'ਚ ਆਵੇਗਾ। ਜਦੋਂ ਜਤਿੰਦਰ ਸਿੰਘ ਅਦਾਲਤ 'ਚ ਸੇਤੀ ਸਰ੍ਹੋਂ ਖਿਲਾਰ ਰਿਹਾ ਸੀ ਤਾਂ ਪੁਲਸ ਨੇ ਉਸ ਨੂੰ ਕਾਬੂ ਕਰ ਲਿਆ। ਪੁਲਸ ਨੇ ਉਕਤ ਵਿਅਕਤੀ ਖਿਲਾਫ ਜਾਦੂ-ਟੂਣੇ ਜ਼ਰੀਏ ਅੰਧ-ਵਿਸ਼ਵਾਸ ਫੈਲਾਉਣ ਦੇ ਦੋਸ਼ 'ਚ ਮਾਮਲਾ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ।