ਇਕ ਕਰੋੜ ਦੀ ਵਿਦੇਸ਼ੀ ਤੇ ਇੰਡੀਅਨ ਕਰੰਸੀ ਬਰਾਮਦ
Friday, Jun 23, 2017 - 07:50 AM (IST)
ਚੰਡੀਗੜ੍ਹ (ਸੁਸ਼ੀਲ) - ਵਿਦੇਸ਼ੀ ਕਰੰਸੀ ਨੂੰ ਨਾਜਾਇਜ਼ ਰੂਪ ਨਾਲ ਬਦਲਣ 'ਤੇ ਈ. ਡੀ. (ਇਨਫੋਰਸਮੈਂਟ ਡਾਇਰੈਕਟੋਰੇਟ) ਨੇ ਸੈਕਟਰ-22 ਸਥਿਤ ਛਾਬੜਾ ਫੋਰੈਕਸ ਪ੍ਰਾਈਵੇਟ ਲਿਮਟਿਡ ਦੇ ਦਫਤਰ 'ਚ ਵੀਰਵਾਰ ਨੂੰ ਛਾਪਾ ਮਾਰਿਆ। ਛਾਪੇ ਦੌਰਾਨ ਕਰੀਬ ਇਕ ਕਰੋੜ ਰੁਪਏ ਬਰਾਮਦ ਹੋਏ, ਜਿਸ 'ਚ 85 ਲੱਖ ਰੁਪਏ ਵਿਦੇਸ਼ੀ ਕਰੰਸੀ ਤੇ ਕਰੀਬ 12 ਲੱਖ ਰੁਪਏ ਇੰਡੀਅਨ ਕਰੰਸੀ ਹੈ। ਦਫਤਰ ਤੋਂ ਰੁਪਏ ਬਦਲਣ ਸਬੰਧੀ ਰਿਕਾਰਡ ਵੀ ਜ਼ਬਤ ਕਰ ਲਿਆ ਗਿਆ ਹੈ।
ਈ. ਡੀ. ਨੇ ਛਾਬੜਾ ਫੋਰੈਕਸ ਦੇ ਮਾਲਕ ਜਸਬੀਰ ਸਿੰਘ ਛਾਬੜਾ ਤੇ ਉਸਦੇ ਬੇਟੇ ਗੁਰਨੀਤ ਸਿੰਘ ਛਾਬੜਾ ਦੇ ਪੰਚਕੂਲਾ ਸੈਕਟਰ-8 ਸਥਿਤ ਮਕਾਨ 'ਚ ਵੀ ਸਰਚ ਕੀਤੀ, ਜਿਥੇ ਕਰੰਸੀ ਬਦਲਣ ਸਬੰਧੀ ਕਈ ਅਹਿਮ ਸਬੂਤ ਮਿਲੇ ਹਨ। ਈ. ਡੀ. ਨੇ ਬਰਾਮਦ ਨਗਦੀ ਨੂੰ ਜ਼ਬਤ ਕਰਕੇ ਜਸਬੀਰ ਸਿੰਘ ਛਾਬੜਾ ਤੇ ਉਸਦੇ ਬੇਟੇ ਗੁਰਨੀਤ ਸਿੰਘ ਛਾਬੜਾ ਖਿਲਾਫ ਫਾਰੇਨ ਐਕਸਚੇਂਜ ਮੈਨੇਜਮੈਂਟ ਐਕਟ ਤਹਿਤ ਮਾਮਲਾ ਦਰਜ ਕਰ ਲਿਆ।
ਅਲਮਾਰੀ ਤੇ ਦਰਾਜ 'ਚੋਂ ਮਿਲੀ ਕਰੰਸੀ
ਈ. ਡੀ. ਨੂੰ ਸੂਚਨਾ ਮਿਲੀ ਸੀ ਕਿ ਜਸਬੀਰ ਸਿੰਘ ਛਾਬੜਾ ਤੇ ਉਸਦਾ ਬੇਟਾ ਗੁਰਨੀਤ ਸਿੰਘ ਨਾਜਾਇਜ਼ ਰੂਪ ਨਾਲ ਵਿਦੇਸ਼ੀ ਕਰੰਸੀ ਬਦਲ ਰਹੇ ਹਨ। ਈ. ਡੀ. ਦੇ ਅਧਿਕਾਰੀਆਂ ਨੇ ਕਈ ਦਿਨ ਉਸ ਦੇ ਦਫਤਰ 'ਤੇ ਨਜ਼ਰ ਰੱਖ ਕੇ ਸਬੂਤ ਇਕੱਠੇ ਕੀਤੇ। ਸਬੂਤ ਮਿਲਣ ਮਗਰੋਂ ਵੀਰਵਾਰ ਸਵੇਰੇ ਟੀਮ ਨੇ ਦਫਤਰ 'ਚ ਛਾਪਾ ਮਾਰਿਆ। ਛਾਪੇ ਦੌਰਾਨ ਈ. ਡੀ. ਨੂੰ ਅਲਮਾਰੀ ਤੇ ਦਰਾਜ 'ਚੋਂ 85 ਲੱਖ ਦੀ ਵਿਦੇਸ਼ੀ ਕਰੰਸੀ ਬਰਾਮਦ ਹੋਈ। ਇਸ ਦੌਰਾਨ ਜਸਬੀਰ ਸਿੰਘ ਤੇ ਗੁਰਨੀਤ ਸਿੰਘ ਤੋਂ ਈ. ਡੀ. ਅਧਿਕਾਰੀਆਂ ਨੇ ਪੁੱਛਗਿਛ ਕੀਤੀ ਤਾਂ ਉਨ੍ਹਾਂ ਕੁਝ ਵੀ ਦੱਸਣ ਤੋਂ ਇਨਕਾਰ ਕਰ ਦਿੱਤਾ।
ਟੀਮ ਨੇ ਪੂਰੇ ਦਫਤਰ 'ਚ ਸਰਚ ਕੀਤੀ ਤੇ ਫਾਈਲਾਂ 'ਚੋਂ ਕਰੀਬ 12 ਲੱਖ ਰੁਪਏ ਵੀ ਬਰਾਮਦ ਹੋਏ। ਕਰੰਸੀ ਬਦਲਣ ਸਬੰਧੀ ਜਸਬੀਰ ਸਿੰਘ ਤੋਂ ਕਾਗਜ਼ਾਤ ਮੰਗੇ ਤਾਂ ਉਹ ਦਿਖਾ ਨਹੀਂ ਸਕਿਆ। ਇਸ ਦੇ ਬਾਅਦ ਦਫਤਰ 'ਚ ਲੱਗਾ ਕੰਪਿਊਟਰ, ਸੀ. ਸੀ. ਟੀ. ਵੀ. ਕੈਮਰੇ ਸਮੇਤ ਸਾਰਾ ਰਿਕਾਰਡ ਜ਼ਬਤ ਕਰ ਲਿਆ। ਈ. ਡੀ. ਦੇ ਅਧਿਕਾਰੀ ਨੇ ਦੱਸਿਆ ਕਿ ਜਸਬੀਰ ਸਿੰਘ ਤੇ ਗੁਰਨੀਤ ਸਿੰਘ ਨਾਜਾਇਜ਼ ਰੂਪ ਨਾਲ ਕਰੰਸੀ ਬਦਲਦੇ ਸਨ। ਦੋਵਾਂ ਤੋਂ ਪੁੱਛਗਿਛ ਕੀਤੀ ਜਾ ਰਹੀ ਹੈ। ਉਨ੍ਹਾਂ ਤੋਂ ਬਰਾਮਦ ਕਰੰਸੀ ਦਾ ਰਿਕਾਰਡ ਮੰਗਿਆ ਹੈ।