ਸਰਕਾਰ ਵੱਲੋਂ ਕੀਤੀਆਂ ਬਦਲੀਆਂ ਦੇ ਹੁਕਮਾਂ ਦੀ ਪ੍ਰਵਾਹ ਨਹੀਂ ਕਰ ਰਹੇ ਖੇਤੀਬਾੜੀ ਵਿਭਾਗ ਦੇ ਅਧਿਕਾਰੀ

Thursday, Jul 28, 2022 - 12:17 AM (IST)

ਸਰਕਾਰ ਵੱਲੋਂ ਕੀਤੀਆਂ ਬਦਲੀਆਂ ਦੇ ਹੁਕਮਾਂ ਦੀ ਪ੍ਰਵਾਹ ਨਹੀਂ ਕਰ ਰਹੇ ਖੇਤੀਬਾੜੀ ਵਿਭਾਗ ਦੇ ਅਧਿਕਾਰੀ

ਗੁਰਦਾਸਪੁਰ (ਜੀਤ ਮਠਾਰੂ) : ਕੁਝ ਦਿਨ ਪਹਿਲਾਂ ਖੇਤੀਬਾੜੀ ਅਤੇ ਕਿਸਾਨ ਭਲਾਈ ਵਿਭਾਗ ਵੱਲੋਂ ਖੇਤੀਬਾੜੀ ਵਿਸਥਾਰ ਅਫ਼ਸਰਾਂ ਤੇ ਖੇਤੀ ਵਿਕਾਸ ਅਫ਼ਸਰਾਂ ਦੀਆਂ ਅਸਾਮੀਆਂ ਜਰਨਲਾਈਜ਼ ਕਰਕੇ ਜਾਰੀ ਕੀਤੇ ਬਦਲੀਆਂ ਤੇ ਐਡਜਸਟਮੈਂਟਾਂ ਦੇ ਹੁਕਮਾਂ ਦੀ ਖੇਤੀਬਾੜੀ ਵਿਭਾਗ ਦੇ ਸਬੰਧਿਤ ਉੱਚ ਅਧਿਕਾਰੀਆਂ ਵੱਲੋਂ ਕੋਈ ਪ੍ਰਵਾਹ ਨਹੀਂ ਕੀਤੀ ਜਾ ਰਹੀ। ਇਸ ਦੇ ਚੱਲਦਿਆਂ ਕਈ ਖੇਤੀਬਾੜੀ ਵਿਸਥਾਰ ਅਫ਼ਸਰਾਂ ਨੂੰ ਬਦਲੀਆਂ ਹੋਣ ਦੇ ਬਾਵਜੂਦ ਨਾ ਤਾਂ ਰਿਲੀਵ ਕੀਤਾ ਗਿਆ ਤੇ ਨਾ ਹੀ ਉਨ੍ਹਾਂ ਨੂੰ ਨਵੇਂ ਸਟੇਸ਼ਨਾਂ 'ਤੇ ਜੁਆਇਨ ਕਰਵਾਇਆ ਜਾ ਰਿਹਾ ਹੈ। ਇਸ ਦੇ ਰੋਸ ਵਜੋਂ ਅੱਜ ਖੇਤੀਬਾੜੀ ਵਿਸਥਾਰ ਅਫ਼ਸਰਜ਼ ਐਸੋਸੀਏਸ਼ਨ ਨੇ ਪੰਜਾਬ ਦੇ ਵਧੀਕ ਪ੍ਰਮੁੱਖ ਸਕੱਤਰ (ਖੇਤੀਬਾੜੀ) ਨੂੰ ਪੱਤਰ ਲਿਖ ਕੇ ਮੰਗ ਕੀਤੀ ਹੈ ਕਿ ਸਰਕਾਰ ਦੇ ਹੁਕਮਾਂ ਦੀ ਸ਼ਰੇਆਮ ਉਲੰਘਣਾ ਕਰਨ ਵਾਲੇ ਅਧਿਕਾਰੀਆਂ ਖ਼ਿਲਾਫ਼ ਤੁਰੰਤ ਵਿਭਾਗੀ ਕਾਰਵਾਈ ਸ਼ੁਰੂ ਕੀਤੀ ਜਾਵੇ।

ਖ਼ਬਰ ਇਹ ਵੀ : ਪੰਜਾਬ ਸਰਕਾਰ ਖਤਮ ਕਰੇਗੀ ਇਹ ਪੋਸਟ ਤਾਂ ਉਥੇ ਜਲੰਧਰ ਜ਼ਿਲ੍ਹੇ 'ਚ ਕੋਰੋਨਾ ਦਾ ਧਮਾਕਾ, ਪੜ੍ਹੋ TOP 10

ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਐਸੋਸੀਏਸ਼ਨ ਦੇ ਸੂਬਾ ਪ੍ਰਧਾਨ ਮੋਹਨ ਸਿੰਘ ਵਾਹਲਾ ਨੇ ਖੇਤੀਬਾੜੀ ਮੰਤਰੀ ਕੁਲਦੀਪ ਸਿੰਘ ਧਾਲੀਵਾਲ, ਸਕੱਤਰ (ਖੇਤੀਬਾੜੀ) ਦਿਲਰਾਜ ਸਿੰਘ ਸੰਧਾਵਾਲੀਆ, ਵਧੀਕ ਪ੍ਰਮੁੱਖ ਸਕੱਤਰ ਸਰਵਜੀਤ ਸਿੰਘ ਤੇ ਡਾਇਰੈਕਟਰ ਗੁਰਵਿੰਦਰ ਸਿੰਘ ਖਾਲਸਾ ਨੇ ਵਿਭਾਗ ਦੀਆਂ ਪਸਾਰ ਸੇਵਾਵਾਂ ਨੂੰ ਹੋਰ ਬਿਹਤਰ ਬਣਾਉਣ ਲਈ ਸੂਬੇ ਅੰਦਰ ਫੋਕਲ ਪੁਆਇੰਟਾਂ ਦੀਆਂ ਕਰੀਬ 480 ਅਸਾਮੀਆਂ ਖੇਤੀਬਾੜੀ ਵਿਕਾਸ ਅਫ਼ਸਰਾਂ ਅਤੇ ਖੇਤੀਬਾੜੀ ਵਿਸਥਾਰ ਅਫ਼ਸਰਾਂ ਲਈ ਜਰਨਲਾਈਜ਼ ਕੀਤੀਆਂ ਹਨ ਤਾਂ ਜੋ ਲੰਮੇ ਅਰਸੇ ਤੋਂ ਖਾਲੀ ਪਈਆਂ ਬਹੁ-ਗਿਣਤੀ ਅਸਾਮੀਆਂ 'ਤੇ ਏ.ਈ.ਓ. ਜਾਂ ਏ.ਡੀ.ਓ. ਦੀ ਤਾਇਨਾਤੀ ਕੀਤੀ ਜਾ ਸਕੇ। ਵਾਹਲਾ ਨੇ ਕਿਹਾ ਕਿ ਸਰਕਾਰ ਨੇ ਅਸਾਮੀਆਂ ਜਰਨਲਾਈਜ਼ ਕਰਨ ਮੌਕੇ ਖੇਤੀਬਾੜੀ ਵਿਸਥਾਰ ਅਫ਼ਸਰਾਂ ਅਤੇ ਖੇਤੀਬਾੜੀ ਵਿਕਾਸ ਅਫ਼ਸਰਾਂ ਦੀਆਂ ਅਸਾਮੀਆਂ ਦੀ ਨਿਰਧਾਰਿਤ ਕੁਲ ਗਿਣਤੀ ਵਿੱਚ ਕੋਈ ਬਦਲਾਅ ਨਹੀਂ ਕੀਤਾ ਤੇ ਨਾ ਹੀ ਕਿਸੇ ਖੇਤੀਬਾੜੀ ਵਿਸਥਾਰ ਅਫ਼ਸਰ ਨੂੰ ਕੁਆਲਿਟੀ ਕੰਟਰੋਲ ਨਾਲ ਸਬੰਧਿਤ ਏ.ਡੀ.ਓ. (ਪੀ.ਪੀ.) ਜਾਂ ਏ.ਡੀ.ਓ. (ਡੀ.ਡਬਲਯੂ.) ਵਾਲੀ ਕਿਸੇ ਅਸਾਮੀ 'ਤੇ ਤਾਇਨਾਤ ਕੀਤਾ ਹੈ ਪਰ ਇਸ ਦੇ ਬਾਵਜੂਦ ਸੂਬੇ ਅੰਦਰ ਜ਼ਿਲ੍ਹਿਆਂ ਦੇ ਮੁੱਖ ਖੇਤੀਬਾੜੀ ਅਫ਼ਸਰ, ਬਲਾਕਾਂ ਦੇ ਖੇਤੀਬਾੜੀ ਅਫ਼ਸਰ ਅਤੇ ਖੇਤੀਬਾੜੀ ਵਿਕਾਸ ਅਫ਼ਸਰ ਕਿਸਾਨਾਂ ਅਤੇ ਖੇਤੀਬਾੜੀ ਦੀ ਪੜ੍ਹਾਈ ਕਰ ਰਹੇ ਵਿਦਿਆਰਥੀਆਂ ਨੂੰ ਇਹ ਕਹਿ ਕੇ ਗੁੰਮਰਾਹ ਕਰ ਰਹੇ ਹਨ ਕਿ ਸਰਕਾਰ ਨੇ ਖੇਤੀਬਾੜੀ ਵਿਭਾਗ 'ਚ ਏ.ਡੀ.ਓ. ਦੀ ਨਵੀਂ ਭਰਤੀ ਬੰਦ ਕਰ ਦਿੱਤੀ ਹੈ ਅਤੇ ਖੇਤੀਬਾੜੀ ਵਿਸਥਾਰ ਅਫ਼ਸਰਾਂ ਨੂੰ ਪਦ ਉਨਤ ਕਰਕੇ ਅਸਾਮੀਆਂ ਭਰ ਦਿੱਤੀਆਂ ਹਨ।

ਇਹ ਵੀ ਪੜ੍ਹੋ : ਪੰਜਾਬ ਸਰਕਾਰ ਦੇ ਸਾਰੇ ਯੋਗ ਕੱਚੇ ਕਾਮਿਆਂ ਨੂੰ ਜਲਦ ਮਿਲੇਗੀ ਖੁਸ਼ਖ਼ਬਰੀ : ਹਰਪਾਲ ਚੀਮਾ

ਵਾਹਲਾ ਨੇ ਕਿਹਾ ਕਿ ਕਿਸਾਨਾਂ ਦੇ ਹਿੱਤ 'ਚ ਸਰਕਾਰ ਵੱਲੋਂ ਲਏ ਗਏ ਇਸ ਸ਼ਲਾਘਾਯੋਗ ਫੈਸਲੇ ਨੂੰ ਮੰਨਣ ਤੋਂ ਸਾਫ਼ ਮਨਾ ਕਰਕੇ ਵਿਭਾਗ ਦੇ ਮੁੱਖ ਖੇਤੀਬਾੜੀ ਅਧਿਕਾਰੀ ਸ਼ਰੇਆਮ ਸਰਕਾਰ ਦੇ ਹੁਕਮਾਂ ਦੀ ਉਲੰਘਣਾ ਕਰ ਰਹੇ ਹਨ। ਇਥੋਂ ਤੱਕ ਕਿ ਖੇਤੀਬਾੜੀ ਵਿਭਾਗ ਦੇ ਮੁੱਖ ਦਫ਼ਤਰ ਵਿਖੇ ਤਾਇਨਾਤ 2 ਡਿਪਟੀ ਡਾਇਰੈਕਟਰ ਵੀ ਸਿੱਧੇ ਤੌਰ 'ਤੇ ਸਰਕਾਰ ਦੇ ਹੁਕਮਾਂ ਵਿਰੋਧੀ ਕਾਰਵਾਈਆਂ 'ਚ ਲੱਗੇ ਹੋਏ ਹਨ। ਉਨ੍ਹਾਂ ਮੰਗ ਕੀਤੀ ਕਿ ਸਰਕਾਰ ਦੇ ਹੁਕਮਾਂ ਨੂੰ ਲਾਗੂ ਨਾ ਕਰਨ ਵਾਲੇ ਮੁੱਖ ਖੇਤੀਬਾੜੀ ਅਫ਼ਸਰਾਂ ਤੇ ਹੋਰ ਅਫ਼ਸਰਾਂ ਖ਼ਿਲਾਫ਼ ਤੁਰੰਤ ਵਿਭਾਗੀ ਕਾਰਵਾਈ ਸ਼ੁਰੂ ਕੀਤੀ ਜਾਵੇ ਅਤੇ ਜਿਹੜੇ ਡਿਪਟੀ ਡਾਇਰੈਕਟਰ ਇਨ੍ਹਾਂ ਅਧਿਕਾਰੀਆਂ ਨੂੰ ਹੁਕਮ ਅਤੇ ਸ਼ਹਿ ਦੇ ਰਹੇ ਹਨ, ਉਨ੍ਹਾਂ ਦੀ ਹੋਣ ਵਾਲੀ ਡੀ.ਪੀ.ਸੀ. ਰੋਕੀ ਜਾਵੇ। ਵਾਹਲਾ ਨੇ ਮੰਗ ਵੀ ਕੀਤੀ ਕਿ ਟਰਾਂਸਫਰ ਕੀਤੇ ਗਏ ਖੇਤੀਬਾੜੀ ਵਿਸਥਾਰ ਅਫ਼ਸਰਾਂ ਨੂੰ ਪੁਰਾਣੇ ਸਟੇਸ਼ਨਾਂ ਤੋਂ ਰਿਲੀਵ ਕਰਵਾ ਕੇ ਤੁਰੰਤ ਨਵੇਂ ਸਟੇਸ਼ਨਾਂ 'ਤੇ ਜੁਆਇਨ ਕਰਵਾਉਣ ਲਈ ਸਖਤ ਹਦਾਇਤਾਂ ਜਾਰੀ ਕੀਤੀਆਂ ਜਾਣ। ਉਨ੍ਹਾਂ ਚਿਤਾਵਨੀ ਦਿੱਤੀ ਕਿ ਜੇਕਰ ਅਜਿਹਾ ਨਾ ਹੋਇਆ ਤਾਂ ਖੇਤੀਬਾੜੀ ਵਿਸਥਾਰ ਅਫ਼ਸਰ ਸਰਕਾਰ ਦੇ ਹੁਕਮਾਂ ਨੂੰ ਟਿੱਚ ਸਮਝ ਰਹੇ ਇਨ੍ਹਾਂ ਅਧਿਕਾਰੀਆਂ ਖ਼ਿਲਾਫ਼ ਮੋਰਚਾ ਲਗਾਉਣਗੇ ਅਤੇ ਪੰਜਾਬ ਦੇ ਕਿਸਾਨਾਂ ਸਾਹਮਣੇ ਇਨ੍ਹਾਂ ਦੇ ਕੱਚੇ ਚਿੱਠੇ ਖੋਲ੍ਹਣਗੇ।

ਇਹ ਵੀ ਪੜ੍ਹੋ : ਮੀਡੀਆ 'ਚ ਫੈਲੀ ਸੁਰੱਖਿਆ ਪ੍ਰਾਪਤ ਵਿਅਕਤੀਆਂ ਦੀ ਸੂਚੀ ਅਧਿਕਾਰਤ ਦਸਤਾਵੇਜ਼ ਨਹੀਂ

ਨੋਟ - ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿਚ ਜ਼ਰੂਰ ਸਾਂਝੇ ਕਰੋ।


author

Mukesh

Content Editor

Related News