ਐੱਨ. ਆਰ. ਆਈ. ਦੇ ਘਰ ’ਤੇ ਅੰਨ੍ਹੇਵਾਹ ਫਾਇਰਿੰਗ ਕਰਨ ਵਾਲੇ 2 ਸ਼ੂਟਰ ਅਸਲੇ ਸਮੇਤ ਕਾਬੂ
Friday, Sep 09, 2022 - 06:20 PM (IST)
ਮੋਗਾ (ਆਜ਼ਾਦ) : ਮੋਗਾ ਪੁਲਸ ਵੱਲੋਂ ਬੀਤੀ 4 ਸਤੰਬਰ ਦੀ ਰਾਤ ਨੂੰ ਮੋਗਾ ਨੇੜਲੇ ਪਿੰਡ ਬੁੱਕਣਵਾਲਾ ਨਿਵਾਸੀ ਐੱਨ. ਆਰ. ਆਈ. ਸੁਖਜਿੰਦਰ ਸਿੰਘ ਦੇ ਘਰ ’ਤੇ ਅੰਨ੍ਹੇਵਾਹ ਫਾਇਰਿੰਗ ਕਰਨ ਦੇ ਮਾਮਲੇ ਵਿਚ ਦੋ ਸ਼ੂਟਰਾਂ ਨੂੰ ਅਸਲੇ ਸਮੇਤ ਕਾਬੂ ਕੀਤਾ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਜ਼ਿਲ੍ਹਾ ਪੁਲਸ ਮੁਖੀ ਗੁਲਨੀਤ ਸਿੰਘ ਖੁਰਾਣਾ ਨੇ ਦੱਸਿਆ ਕਿ ਐੱਸ. ਪੀ. ਆਈ. ਅਜੇ ਰਾਜ ਸਿੰਘ ਦੀ ਅਗਵਾਈ ਹੇਠ ਜਦੋਂ ਸੀ. ਆਈ. ਏ. ਸਟਾਫ ਦੀ ਟੀਮ ਇਲਾਕੇ ਵਿਚ ਗਸ਼ਤ ਕਰ ਰਹੀ ਸੀ ਤਾਂ ਉਨ੍ਹਾਂ ਨੂੰ ਜਾਣਕਾਰੀ ਮਿਲੀ ਕਿ ਅਨੋਸ ਨਿਵਾਸੀ ਮਮਦੋਟ ਉਤਾੜ ਫਿਰੋਜ਼ਪੁਰ ਅਤੇ ਸਾਵਨ ਕੁਮਾਰ ਉਰਫ ਸੌਰਵ ਨਿਵਾਸੀ ਮਮਦੋਟ ਜਿਨ੍ਹਾਂ ਕੋਲ ਨਾਜਾਇਜ਼ ਅਸਲਾ ਹੈ ਅਤੇ ਇਨ੍ਹਾਂ ਨੇ ਕੁਝ ਦਿਨ ਪਹਿਲਾਂ ਮਨੀਲਾ ਰਹਿੰਦੇ ਮਨਪ੍ਰੀਤ ਸਿੰਘ ਨਿਵਾਸੀ ਪਿੰਡ ਬੂਈਆਂ ਵਾਲਾ ਦੇ ਕਹਿਣ ’ਤੇ ਬੁੱਕਣਵਾਲਾ ਨਿਵਾਸੀ ਸੁਖਜਿੰਦਰ ਸਿੰਘ ਦੇ ਘਰ ’ਤੇ ਅੰਨ੍ਹੇਵਾਹ ਫਾਇਰਿੰਗ ਕੀਤੀ ਸੀ।
ਅੱਜ ਉਹ ਆਪਣੇ ਮੋਟਰਸਾਈਕਲ ’ਤੇ ਕਿਸੇ ਹੋਰ ਵਾਰਦਾਤ ਨੂੰ ਅੰਜਾਮ ਦੇਣ ਲਈ ਤਲਵੰਡੀ ਭਾਈ ਤੋਂ ਮੋਗਾ ਵੱਲ ਆ ਰਹੇ ਹਨ, ਜਿਸ ’ਤੇ ਪੁਲਸ ਪਾਰਟੀ ਨੇ ਨਾਕਾਬੰਦੀ ਕਰ ਕੇ ਦੋਹਾਂ ਨੂੰ ਡਗਰੂ ਫਾਟਕਾਂ ਕੋਲ ਦਬੋਚ ਲਿਆ ਅਤੇ ਤਲਾਸ਼ੀ ਲੈਣ ’ਤੇ ਉਨ੍ਹਾਂ ਕੋਲੋਂ ਇਕ 9 ਐੱਮ. ਐੱਮ. ਦਾ ਵਿਦੇਸ਼ੀ ਪਿਸਟਲ ਅਤੇ ਦੋ ਮੈਗਜ਼ੀਨ ਸਮੇਤ 10 ਕਾਰਤੂਸ ਬਰਾਮਦ ਕੀਤੇ ਗਏ, ਜਿਨ੍ਹਾਂ ਖਿਲਾਫ ਥਾਣਾ ਸਦਰ ਮੋਗਾ ਵਿਚ ਅਸਲਾ ਐਕਟ ਤਹਿਤ ਮਾਮਲਾ ਦਰਜ ਕੀਤਾ ਗਿਆ ਹੈ। ਜ਼ਿਲ੍ਹਾ ਪੁਲਸ ਮੁਖੀ ਮੋਗਾ ਨੇ ਦੱਸਿਆ ਕਿ ਪੁੱਛਗਿੱਛ ਦੌਰਾਨ ਦੋਹਾਂ ਸ਼ੂਟਰਾਂ ਨੇ ਮੰਨਿਆ ਕਿ 3 ਸਤੰਬਰ ਦੀ ਰਾਤ ਨੂੰ ਪਿੰਡ ਬੁੱਕਣਵਾਲਾ ਦੇ ਐੱਨ. ਆਰ. ਆਈ. ਜੋ ਮਨੀਲਾ ਰਹਿੰਦਾ ਹੈ, ਸੁਖਜਿੰਦਰ ਸਿੰਘ ਦੇ ਘਰ ’ਤੇ ਅੰਨ੍ਹੇਵਾਹ ਫਾਇਰਿੰਗ ਕੀਤੀ ਸੀ ਜੋ ਉਨ੍ਹਾਂ ਮਨਪ੍ਰੀਤ ਸਿੰਘ ਨਿਵਾਸੀ ਪਿੰਡ ਬੂਈਆਂ ਹਾਲ ਮਨੀਲਾ ਦੇ ਕਹਿਣ ’ਤੇ ਕੀਤੀ ਸੀ।
ਉਨ੍ਹਾਂ ਦੱਸਿਆ ਕਿ ਮਨਪ੍ਰੀਤ ਸਿੰਘ ਅਰਸ਼ ਡਾਲਾ ਦੇ ਨਾਂ ’ਤੇ ਵਿਦੇਸ਼ੀ ਨੰਬਰਾਂ ਤੋਂ ਧਮਕੀਆਂ ਦੇ ਕੇ ਫਿਰੌਤੀ ਲੈਂਦਾ ਹੈ। ਉਨ੍ਹਾਂ ਕਿਹਾ ਕਿ ਸੁਖਜਿੰਦਰ ਸਿੰਘ ਦੇ ਘਰ ’ਤੇ ਵੀ 25 ਲੱਖ ਰੁਪਏ ਦੀ ਫਿਰੌਤੀ ਲੈਣ ਲਈ ਫਾਇੰਰਿੰਗ ਕਰਵਾਈ ਸੀ ਅਤੇ ਉਹ ਸਾਨੂੰ ਗੂਗਲ ਪੇਅ ਰਾਹੀਂ ਪੈਸੇ ਭੇਜਦਾ ਸੀ। ਪਿੰਡ ਬੁੱਕਣਵਾਲਾ ਵਿਖੇ ਕੀਤੀ ਫਾਇਰਿੰਗ ਦੇ ਵੀ ਉਸਨੇ ਸਾਨੂੰ ਪੈਸੇ ਦੇਣ ਲਈ ਕਿਹਾ ਸੀ। ਜ਼ਿਲਾ ਪੁਲਸ ਮੁਖੀ ਮੋਗਾ ਨੇ ਦੱਸਿਆ ਕਿ ਥਾਣਾ ਸਦਰ ਵਿਚ ਦਰਜ ਹੋਏ ਮਾਮਲੇ ਵਿਚ ਮਨਪ੍ਰੀਤ ਸਿੰਘ ਨੂੰ ਦੋਸ਼ੀ ਨਾਮਜ਼ਦ ਕੀਤਾ ਗਿਆ ਹੈ। ਪੁੱਛਗਿੱਛ ਦੌਰਾਨ ਇਹ ਵੀ ਪਤਾ ਕਰਨ ਦਾ ਯਤਨ ਕੀਤਾ ਜਾ ਰਿਹਾ ਹੈ ਕਿ ਮਨਪ੍ਰੀਤ ਸਿੰਘ ਦੇ ਅਰਸ਼ ਡਾਲਾ ਨਾਲ ਸਬੰਧ ਹਨ ਕਿ ਨਹੀਂ। ਉਨ੍ਹਾਂ ਕਿਹਾ ਕਿ ਪੁੱਛਗਿੱਛ ਦੇ ਬਾਅਦ ਦੋਸ਼ੀਆਂ ਨੂੰ ਮਾਣਯੋਗ ਅਦਾਲਤ ਵਿਚ ਪੇਸ਼ ਕੀਤਾ ਜਾਵੇਗਾ।