ਲੁਟੇਰਿਆਂ ਦਾ ਕਹਿਰ ਜਾਰੀ, ਹੁਣ ਐੱਸ. ਐੱਸ. ਪੀ. ਦਫਤਰ ਸਾਹਮਣੇ ਹੀ ਦਿੱਤਾ ਲੁੱਟ ਦੀ ਵਾਰਦਾਤ ਨੂੰ ਅੰਜਾਮ
Friday, Sep 20, 2019 - 12:44 AM (IST)
ਖੰਨਾ (ਜ. ਬ. ਸੁਖਵਿੰਦਰ ਕੌਰ)-ਇਲਾਕੇ ਵਿਚ ਲੁਟੇਰਿਆਂ ਦਾ ਸੰਤਾਪ ਜਾਰੀ ਹੈ। ਆਏ ਦਿਨ ਕਿਤੇ ਨਾ ਕਿਤੇ ਲੁੱਟ ਦੀ ਵਾਰਦਾਤ ਨੂੰ ਅੰਜਾਮ ਦਿੱਤਾ ਜਾ ਰਿਹਾ ਹੈ। ਦੋ ਦਿਨ ਪਹਿਲਾਂ ਹਾਲੇ ਭਾਦਲਾ ਵਿਚ ਸਕਰੈਪ ਦੀ ਫੈਕਟਰੀ ਵਿਚ ਡਾਕਾ ਮਾਰਿਆ ਗਿਆ ਸੀ। ਇਸ ਘਟਨਾ ਸਬੰਧੀ ਪੁਲਸ ਦੇ ਹੱਥ ਕੋਈ ਸੁਰਾਗ ਨਹੀਂ ਲੱਗਾ ਸੀ ਕਿ ਬੀਤੀ ਰਾਤ ਲੁਟੇਰਿਆਂ ਨੇ ਐੱਸ. ਐੱਸ. ਪੀ. ਦਫਤਰ ਸਾਹਮਣੇ ਹੀ ਲੁੱਟ ਦੀ ਵਾਰਦਾਤ ਨੂੰ ਅੰਜਾਮ ਦੇ ਦਿੱਤਾ। ਝਾੜੀਆਂ ਵਿਚ ਲੁਕ ਕੇ ਬੈਠੇ ਲੁਟੇਰਿਆਂ ਨੇ ਦਿਓਰ-ਭਰਜਾਈ 'ਤੇ ਹਮਲਾ ਕਰ ਕੇ ਮੋਬਾਇਲ ਅਤੇ ਨਕਦੀ ਖੋਹੀ।
ਜਾਣਕਾਰੀ ਅਨੁਸਾਰ ਕਬਜ਼ਾ ਫੈਕਟਰੀ ਰੋਡ ਨਿਵਾਸੀ ਉਮੇਸ਼ ਆਪਣੀ ਪਤਨੀ ਮਰੀਨਾ ਅਤੇ ਭਾਬੀ ਮੀਨਾ ਅਤੇ ਇਕ ਛੋਟੇ ਬੱਚੇ ਨਾਲ ਮੋਟਰਸਾਈਕਲ 'ਤੇ ਸਿਵਲ ਹਸਪਤਾਲ 'ਚ ਕਿਸੇ ਦਾ ਹਾਲ ਪੁੱਛ ਕੇ ਪਰਤ ਰਹੇ ਸਨ। ਰਸਤੇ ਵਿਚ ਝਾੜੀਆਂ ਵਿਚ ਲੁਕ ਕੇ ਬੈਠੇ ਕਰੀਬ 6 ਨਕਾਬਪੋਸ਼ ਨਸ਼ੇੜੀ ਬਾਹਰ ਨਿਕਲੇ ਅਤੇ ਉਨ੍ਹਾਂ ਨਾਲ ਕੁੱਟ-ਮਾਰ ਸ਼ੁਰੂ ਕਰ ਦਿੱਤੀ। ਉਨ੍ਹਾਂ ਨੇ ਉਮੇਸ਼ ਦੇ ਸਿਰ 'ਤੇ ਕਿਸੇ ਹਥਿਆਰ ਨਾਲ ਵਾਰ ਕਰ ਕੇ ਜ਼ਖ਼ਮੀ ਕਰ ਦਿੱਤਾ। ਉਮੇਸ਼ ਨੇ ਦੱਸਿਆ ਕਿ ਉਨ੍ਹਾਂ ਦੀ ਪਤਨੀ ਨੇ ਝਾੜੀਆਂ 'ਚ ਲੁਕ ਕੇ ਆਪਣਾ ਬਚਾਅ ਕੀਤਾ। ਹਮਲਾਵਰਾਂ ਨੇ ਮਰੀਨਾ ਤੋਂ ਮੋਬਾਇਲ ਅਤੇ 3,000 ਰੁਪਏ ਲੁੱਟ ਲਏ। ਉਹ ਕਿਸੇ ਤਰੀਕੇ ਨਾਲ ਬਚ ਕੇ ਉੱਥੇ ਤੋਂ ਭੱਜ ਕੇ ਮੁਹੱਲੇ ਵਿਚ ਗਿਆ ਅਤੇ ਲੋਕਾਂ ਨੂੰ ਨਾਲ ਲੈ ਕੇ ਦੁਸਹਿਰਾ ਗਰਾਊਂਡ ਵਾਰਦਾਤ ਵਾਲੀ ਜਗ੍ਹਾ 'ਤੇ ਪਹੁੰਚਿਆ। ਉੱਥੋਂ ਤਦ ਤੱਕ ਲੁਟੇਰੇ ਫਰਾਰ ਹੋ ਗਏ ਸਨ। ਲੋਕਾਂ ਨੇ ਉਸ ਨੂੰ ਅਤੇ ਭਾਬੀ ਮੀਨਾ ਨੂੰ ਸਿਵਲ ਹਸਪਤਾਲ ਖੰਨਾ ਦਾਖਲ ਕਰਵਾਇਆ। ਉਸ ਦੀ ਹਾਲਤ ਨੂੰ ਵੇਖਦੇ ਹੋਏ ਉਸ ਨੂੰ ਸਿਵਲ ਹਸਪਤਾਲ ਖੰਨਾ ਤੋਂ ਰਾਜਿੰਦਰਾ ਹਸਪਤਾਲ ਪਟਿਆਲਾ ਰੈਫਰ ਕਰ ਦਿੱਤਾ ਗਿਆ।
ਕੀ ਕਹਿਣਾ ਹੈ ਐੱਸ. ਐੱਚ. ਓ. ਦਾ
ਇਸ ਸਬੰਧੀ ਜਦੋਂ ਸਿਟੀ ਥਾਣਾ-2 ਦੇ ਐੱਸ. ਐੱਚ. ਓ. ਵਿਨੋਦ ਕੁਮਾਰ ਨਾਲ ਗੱਲਬਾਤ ਕੀਤੀ ਗਈ ਤਾਂ ਉਨ੍ਹਾਂ ਨੇ ਮਾਮਲੇ ਦੀ ਪੁਸ਼ਟੀ ਕਰਦੇ ਹੋਏ ਕਿਹਾ ਕਿ ਮੋਬਾਇਲ ਖੋਹਣ ਸਬੰਧੀ ਅਣਪਛਾਤੇ ਵਿਅਕਤੀਆਂ ਖਿਲਾਫ ਕੇਸ ਦਰਜ ਕਰ ਲਿਆ ਗਿਆ ਹੈ। ਕਥਿਤ ਦੋਸ਼ੀਆਂ ਦੀ ਤਲਾਸ਼ ਕੀਤੀ ਜਾ ਰਹੀ ਹੈ।