...ਹੁਣ ਨਿੱਜੀ ਬੱਸਾਂ ’ਚ ਹੋਵੇਗੀ ‘ਇਕ ਨਾਲ ਇਕ ਫ੍ਰੀ ਸਵਾਰੀ’
Thursday, Apr 08, 2021 - 09:49 PM (IST)
ਬਠਿੰਡਾ (ਜ.ਬ.)- ਸੂਬਾ ਸਰਕਾਰ ਵੱਲੋਂ ਸਰਕਾਰੀ ਬੱਸਾਂ ’ਚ ਔਰਤਾਂ ਦਾ ਸਫ਼ਰ ਮੁਫ਼ਤ ਕਰਨ ਤੋਂ ਬਾਅਦ ਘਾਟੇ ਦੀ ਮਾਰ ਸਹਿ ਰਹੇ ਨਿੱਜੀ ਟਰਾਸਪੋਟਰਾਂ ਨੇ ‘ਇਕ ਸਵਾਰੀ ਨਾਲ ਇਕ ਸਵਾਰੀ ਫ੍ਰੀ’ ਦਾ ਅਨੋਖਾ ਐਲਾਨ ਕੀਤਾ ਹੈ | ਵੀਰਵਾਰ ਨੂੰ ਬਠਿੰਡਾ ਦੇ ਬੱਸ ਸਟੈਂਡ ਵਿਖੇ ਨਿੱਜੀ ਟਰਾਂਸਪੋਟਰਾਂ ਦੇ ਡਰਾਇਵਰਾਂ, ਕੰਡਕਟਰਾਂ ਵੱਲੋਂ ਸਵਾਰੀਆਂ ਦੀ ਗਿਣਤੀ ਵਧਾਉਣ ਲਈ ‘ਇਕ ਸਵਾਰੀ ਨਾਲ ਇਕ ਫ੍ਰੀ’ ਦੋ ਵਿਅਕਤੀਆਂ ਨਾਲ ਇਕ ਔਰਤ ਦਾ ਸਫ਼ਰ ਮੁਆਫ਼ ਕਰਨ ਦੀਆਂ ਆਵਾਜ਼ਾਂ ਲਗਾਈਆਂ ਗਈਆਂ |
ਇਹ ਖ਼ਬਰ ਪੜ੍ਹੋ- ਕਈ ਦਿਨਾਂ ਤੋਂ ਸੜਕ ’ਤੇ ਖੜ੍ਹੇ ਕੈਂਟਰ ’ਚੋਂ ਮਿਲੀ ਚਾਲਕ ਦੀ ਲਾਸ਼
ਉਧਰ, ਨਿੱਜੀ ਬੱਸਾਂ ਦੇ ਡਰਾਇਵਰਾਂ ਅਤੇ ਕੰਡਕਟਰਾਂ ਨੇ ਕਿਹਾ ਕਿ ਸਰਕਾਰ ਵੱਲੋਂ ਸਰਕਾਰੀ ਬੱਸਾਂ ਵਿਚ ਔਰਤਾਂ ਦਾ ਸਫ਼ਰ ਮੁਫਤ ਕਰਨ ਤੋਂ ਬਾਅਦ ਉਨ੍ਹਾਂ ਦੀਆਂ ਬੱਸਾਂ ਬਿਲਕੁਲ ਖਾਲੀ ਚੱਲ ਰਹੀਆਂ ਹਨ | ਉਨ੍ਹਾਂ ਵੱਲੋਂ ਰੋਜ਼ਾਨਾ ਦੇ ਡੀਜ਼ਲ ਦਾ ਖਰਚਾ ਵੀ ਕੱਢਣਾ ਮੁਸ਼ਕਿਲ ਹੋ ਚੁੱਕਾ ਹੈ | ਜ਼ਿਆਦਾਤਾਰ ਨਿੱਜੀ ਟਰਾਸਪੋਟਰਾਂ ਵੱਲੋਂ ਆਪਣੇ ਦੋ ਰੂਟਾਂ ’ਤੇ ਇਕ ਬੱਸ ਨੂੰ ਚਲਾਇਆ ਜਾ ਰਿਹਾ ਹੈ, ਜਦਕਿ ਕੁਝ ਟਰਾਸਪੋਟਰਾਂ ਵੱਲੋਂ ਲੰਮੇ ਰੂਟਾਂ ਦੇ ਕਿਰਾਏ ’ਚ ਵੀ ਛੋਟ ਕੀਤੀ ਗਈ ਹੈ ਪਰ ਫਿਰ ਵੀ ਲੋਕ ਸਰਕਾਰੀ ਬੱਸਾਂ ਵਿਚ ਸਫ਼ਰ ਕਰਨ ਨੂੰ ਵੀ ਤਰਜ਼ੀਹ ਦੇ ਰਹੇ ਹਨ | ਉਨ੍ਹਾਂ ਰੋਸ ਜਤਾਇਆ ਕਿ ਸੂਬਾ ਸਰਕਾਰ ਦੇ ਉਕਤ ਫੈਸਲੇ ਕਾਰਨ ਨਿੱਜੀ ਬੱਸਾਂ ’ਤੇ ਕੰਮ ਕਰਦੇ ਅਨੇਕਾਂ ਮੁਲਾਜ਼ਮਾਂ ਦਾ ਰੋਜ਼ਗਾਰ ਵੀ ਖਤਰੇ ਵਿਚ ਹੈ | ਉਧਰ, ਨਿੱਜੀ ਬੱਸਾਂ ਦੇ ਮਾਲਕਾਂ ਨੇ ਕਿਹਾ ਕਿ ਉਹ ਪਹਿਲਾਂ ਹੀ ਟੈਕਸ ਭਰਨ ਵਿਚ ਅਸਮਰਥ ਹਨ ਪਰ ਹੁਣ ਸਰਕਾਰ ਵੱਲੋਂ ਔਰਤਾਂ ਦਾ ਕਿਰਾਇਆ ਮੁਆਫ਼ ਕਰ ਦਿੱਤਾ, ਜਿਸ ਕਾਰਨ ਨਿੱਜੀ ਟਰਾਸਪੋਟਰਾਂ ਨੂੰ ਹੋਰ ਮੁਸ਼ਕਲਾਂ ਦਾ ਸਾਹਮਣਾ ਕਰਨਾ ਪਵੇਗਾ |
ਇਹ ਖ਼ਬਰ ਪੜ੍ਹੋ- ਸਚਿਨ ਤੇਂਦੁਲਕਰ ਨੂੰ ਹਸਪਤਾਲ ਤੋਂ ਮਿਲੀ ਛੁੱਟੀ, ਘਰ 'ਚ ਰਹਿਣਗੇ ਇਕਾਂਤਵਾਸ
ਨੋਟ- ਇਸ ਖ਼ਬਰ ਸਬੰਧੀ ਕਮੈਂਟ ਕਰਕੇ ਦਿਓ ਆਪਣੀ ਰਾਏ।