ਪੁਰਾਣੀ ਦੀ ਸੰਭਾਲ ਨਹੀਂ, ਨਵੀਂ ਗਰੀਨ ਬੈਲਟ ਦਾ ਰੱਖਿਆ ਨੀਂਹ ਪੱਥਰ
Monday, Jun 18, 2018 - 05:03 AM (IST)

ਚੰਡੀਗੜ੍ਹ, (ਸੰਦੀਪ)- ਸੈਕਟਰ-26 ਸਥਿਤ ਬਾਪੂਧਾਮ ਕਾਲੋਨੀ 'ਚ 19 ਸਾਲ ਪਹਿਲਾਂ ਬਣਾਈ ਗਈ ਗਰੀਨ ਬੈਲਟ ਅੱਜ ਤਕ ਗਰੀਨਰੀ ਨੂੰ ਤਰਸ ਰਹੀ ਹੈ ਕਿਉਂਕਿ ਇਸ ਵਾਰਡ 'ਚ ਉਦੋਂ ਤੋਂ ਲੈ ਕੇ ਹੁਣ ਤਕ ਕਈ ਕੌਂਸਲਰ ਆਏ ਤੇ ਆਪਣਾ ਕਾਰਜਕਾਲ ਖ਼ਤਮ ਹੋਣ ਤੋਂ ਬਾਅਦ ਚਲੇ ਗਏ ਪਰ ਇਸ ਦੌਰਾਨ ਕਿਸੇ ਵੀ ਕੌਂਸਲਰ ਦੇ ਕਾਰਜਕਾਲ ਵਿਚ ਇਸ ਗਰੀਨ ਬੈਲਟ ਦੀ ਸਾਂਭ-ਸੰਭਾਲ 'ਤੇ ਧਿਆਨ ਨਹੀਂ ਦਿੱਤਾ ਗਿਆ, ਜਿਸ 'ਤੇ ਪਿਛਲੇ 19 ਸਾਲਾਂ ਤੋਂ ਇਕ ਗਰੀਨ ਬੈਲਟ ਕਦੇ ਗਰੀਨ ਨਹੀਂ ਹੋ ਸਕੀ ਹੈ। ਮੌਜੂਦਾ ਸਮੇਂ 'ਚ ਇਸ ਗਰੀਨ ਬੈਲਟ ਦਾ ਆਲਮ ਇਹ ਹੈ ਕਿ ਇਹ ਕਾਲੋਨੀ ਦੇ ਐਂਟਰੈਂਸ 'ਤੇ ਬਣੇ ਕਿਸੇ ਗੰਦੇ ਮੈਦਾਨ ਤੋਂ ਘੱਟ ਨਹੀਂ ਲਗਦੀ ਹੈ।
ਅਜਿਹੇ 'ਚ ਸ਼ਨੀਵਾਰ ਨੂੰ ਸ਼ਹਿਰ ਦੀ ਸੰਸਦ ਮੈਂਬਰ ਕਿਰਨ ਖੇਰ ਇਥੇ ਇਕ ਨਵੀਂ ਗਰੀਨ ਬੈਲਟ ਬਣਾਏ ਜਾਣ ਦਾ ਨੀਂਹ ਪੱਥਰ ਰੱਖਿਆ ਗਿਆ ਹੈ, ਜਿਸਦਾ ਨਿਰਮਾਣ ਐੱਮ. ਪੀ. ਕੋਟੇ 'ਚੋਂ ਕੀਤਾ ਜਾਣਾ ਹੈ। ਅਜਿਹੇ 'ਚ ਨਵੀਂ ਗਰੀਨ ਬੈਲਟ ਦੇ ਨੀਂਹ ਪੱਥਰ ਦੇ ਰੱਖੇ ਜਾਣ ਦੇ ਪ੍ਰੋਗਰਾਮ 'ਚ ਸ਼ਾਮਲ ਹੋਣ ਵਾਲੇ ਸਥਾਨਕ ਕੌਂਸਲਰ ਦਿਲੀਪ ਸ਼ਰਮਾ ਤੇ ਹੋਰ ਪ੍ਰਧਾਨ ਪਹੁੰਚੇ ਸਨ ਪਰ ਪ੍ਰੋਗਰਾਮ ਦੇ ਪੰਡਾਲ ਨਾਲ ਲਗਦੀ ਪੁਰਾਣੀ ਗਰੀਨ ਬੈਲਟ ਦੀ ਹਾਲਤ 'ਤੇ ਅੱਜ ਤਕ ਉਨ੍ਹਾਂ ਨੇ ਵੀ ਕੋਈ ਧਿਆਨ ਨਹੀਂ ਦਿੱਤਾ ਹੈ। ਇਹੀ ਕਾਰਨ ਹੈ ਪਿਛਲੇ 19 ਸਾਲਾਂ ਤੋਂ ਇਸ ਗਰੀਨ ਬੈਲਟ ਦੀ ਹਾਲਤ ਤਰਸਯੋਗ ਹੀ ਬਣੀ ਹੋਈ ਹੈ।
ਪੁਰਾਣੀ ਗਰੀਨ ਬੈਲਟ ਨੂੰ ਠੀਕ ਕਰਨ ਦਾ ਕੰਮ ਛੇਤੀ ਦੀ ਸ਼ੁਰੂ ਕਰਵਾਇਆ ਜਾਵੇਗਾ ਤੇ ਬਾਪੂਧਾਮ ਚੌਕੀ ਨੇੜੇ ਇਕ ਨਵੀਂ ਗਰੀਨ ਬੈਲਟ ਦਾ ਵੀ ਛੇਤੀ ਹੀ ਨੀਂਹ ਪੱਥਰ ਰੱਖਿਆ ਜਾਵੇਗਾ। ਕਾਲੋਨੀ 'ਚ ਇਸ ਤਰ੍ਹਾਂ ਨਾਲ ਕੁਲ 3 ਗਰੀਨ ਬੈਲਟਾਂ ਹੋ ਜਾਣਗੀਆਂ, ਜਿਨ੍ਹਾਂ ਦੀ ਦੇਖ-ਰੇਖ ਤੇ ਸਾਂਭ-ਸੰਭਾਲ ਲਈ ਕਰਮਚਾਰੀ ਲਾਏ ਜਾਣਗੇ।
-ਦਿਲੀਪ ਸ਼ਰਮਾ, ਇਲਾਕਾ ਕੌਂਸਲਰ।
ਸਾਫ਼-ਸਫਾਈ ਤੇ ਸਾਂਭ-ਸੰਭਾਲ ਦਾ ਨਹੀਂ ਹੈ ਪ੍ਰਬੰਧ
ਕਾਲੋਨੀ ਵਿਚ ਐਂਟਰੈਂਸ 'ਤੇ ਬਣੀ ਇਸ ਗਰੀਨ ਬੈਲਟ 'ਚ ਥਾਂ-ਥਾਂ 'ਤੇ ਗੰਦਗੀ ਦਾ ਆਲਮ ਬਣਿਆ ਹੋਇਆ ਹੈ। ਇਸਦੀ ਸਫਾਈ ਲਈ ਵੀ ਕੋਈ ਪ੍ਰਬੰਧ ਨਹੀਂ ਹੈ। ਪਾਰਕ 'ਚ ਦਰੱਖਤ-ਬੂਟੇ ਤੇ ਘਾਹ ਹੋਣਾ ਤਾਂ ਦੂਰ ਦੀ ਗੱਲ, ਇਥੇ ਕਦੇ ਇਨ੍ਹਾਂ ਨੂੰ ਲਾਏ ਜਾਣ ਦੀ ਕੋਸ਼ਿਸ਼ ਵੀ ਨਹੀਂ ਕੀਤੀ ਗਈ। ਗਰੀਨ ਬੈਲਟ 'ਚ ਗੰਦਗੀ ਹੋਣ ਕਾਰਨ ਸਥਾਨਕ ਲੋਕ ਵੀ ਇਥੇ ਸੈਰ ਕਰਨ ਜਾਂ ਬੈਠਣ ਲਈ ਨਹੀਂ ਆਉਂਦੇ। ਅਜਿਹੇ 'ਚ ਲੋਕਾਂ ਨੂੰ ਇਥੇ ਇਸ ਗਰੀਨ ਬੈਲਟ ਹੋਣ ਦਾ ਕੋਈ ਫਾਇਦਾ ਨਹੀਂ ਮਿਲਿਆ ਹੈ। ਸ਼ਹਿਰ ਦੀਆਂ ਜ਼ਿਆਦਾਤਰ ਕਾਲੋਨੀਆਂ ਦੇ ਐਂਟਰੀ ਪੁਆਇੰਟਾਂ 'ਤੇ ਬਣਾਈਆਂ ਗਈਆਂ ਗਰੀਨ ਬੈਲਟਾਂ ਨੂੰ ਬਿਹਤਰ ਤਰੀਕੇ ਨਾਲ ਸਾਂਭ-ਸੰਭਾਲ ਕਰਕੇ ਦਰੁਸਤ ਰੱਖਿਆ ਗਿਆ ਹੈ ਪਰ ਬਾਪੂਧਾਮ ਕਾਲੋਨੀ ਦੀ ਇਸ ਗਰੀਨ ਬੈਲਟ ਦੀ ਹਾਲਤ ਕਦੇ ਸੁਧਰ ਨਹੀਂ ਸਕੀ ਹੈ।
ਸਥਾਨਕ ਨਿਵਾਸੀਆਂ ਅਨੁਸਾਰ ਕਾਲੋਨੀ 'ਚ ਪਹਿਲਾਂ ਬਣੀ ਗਰੀਨ ਬੈਲਟ ਨੂੰ ਠੀਕ ਕਰਕੇ ਬਿਹਤਰ ਬਣਾਇਆ ਜਾਣਾ ਚਾਹੀਦਾ ਹੈ। ਇਹੀ ਕਾਲੋਨੀ 'ਚ ਪਹਿਲਾਂ ਤੋਂ ਬਣਾਈ ਗਈ ਗਰੀਨ ਬੈਲਟ ਨੂੰ 19 ਸਾਲਾਂ 'ਚ ਠੀਕ ਨਹੀਂ ਕੀਤਾ ਜਾ ਸਕਿਆ ਹੈ ਤਾਂ ਇਸ ਗੱਲ ਦੀ ਕੀ ਗਾਰੰਟੀ ਹੈ ਕਿ ਨਵੀਂ ਗਰੀਨ ਬੈਲਟ ਦੇ ਨਿਰਮਾਣ ਤੋਂ ਬਾਅਦ ਉਹ ਵੀ ਠੀਕ ਰਹਿ ਸਕੇਗੀ।