ਮੀਂਹ ਤੋਂ ਬਾਅਦ ਉੱਤਰੀ ਭਾਰਤ ''ਚ ਠੰਡ ਨੇ ਮੁੜ ਠੁਰ-ਠੁਰ ਕਰਨ ਲਾਏ ਲੋਕ (ਤਸਵੀਰਾਂ)
Thursday, Jan 09, 2020 - 11:01 AM (IST)
ਤਲਵੰਡੀ ਸਾਬੋ, ਮੋਗਾ (ਮਨੀਸ਼, ਵਿਪਨ) : ਪਹਾੜੀ ਖੇਤਰਾਂ 'ਚ ਬਰਫਬਾਰੀ ਪੈਣ ਕਾਰਨ ਮੈਦਾਨੀ ਇਲਾਕਿਆਂ ਖਾਸ ਤੌਰ 'ਤੇ ਉੱਤਰੀ ਭਾਰਤ 'ਚ ਠੰਡ ਇਕ ਵਾਰ ਫਿਰ ਵੱਧ ਗਈ ਹੈ। ਪੰਜਾਬ 'ਚ ਸੰਘਣੀ ਧੁੰਦ ਨੇ ਇਕ ਵਾਰ ਫਿਰ ਦਸਤਕ ਦੇ ਦਿੱਤੀ ਹੈ। ਅੱਜ ਤਲਵੰਡੀ ਸਾਬੋ ਧੁੰਦ ਦੀ ਚਿੱਟੀ ਚਾਦਰ 'ਚ ਲਿਪਟਿਆ ਦਿਖਾਈ ਦਿੱਤਾ ਅਤੇ ਸੰਘਣੀ ਧੁੰਦ ਕਾਰਨ ਵਿਜ਼ੀਬਿਲਟੀ ਕਾਫੀ ਘੱਟ ਗਈ ਹੈ, ਜਿਸ ਕਾਰਨ ਆਵਾਜਾਈ 'ਤੇ ਕਾਫੀ ਅਸਰ ਦੇਖਣ ਨੂੰ ਮਿਲ ਰਿਹਾ ਹੈ, ਤੇ ਸੜਕਾਂ 'ਤੇ ਗੱਡੀਆਂ ਦੀ ਰਫਤਾਰ ਹੌਲੀ ਹੋ ਗਈ ਹੈ। ਲੋਕਾਂ ਦਾ ਕਹਿਣਾ ਹੈ ਕਿ ਧੁੰਦ ਕਾਰਨ ਉਨ੍ਹਾਂ ਨੂੰ ਕੰਮਾਂ 'ਤੇ ਜਾਣ ਲਈ ਕਾਫੀ ਦਿੱਕਤਾਂ ਪੇਸ਼ ਆ ਰਹੀਆਂ ਹਨ।
ਠੰਡ ਤੇ ਸੰਘਣੀ ਧੁੰਦ ਕਾਰਨ ਬੇਸ਼ੱਕ ਆਮ ਜਨ ਜੀਵਨ ਪ੍ਰਭਾਵਿਤ ਹੋ ਰਿਹਾ ਹੈ ਪਰ ਇਸ ਮੌਸਮ ਨੇ ਕਿਸਾਨਾਂ ਦੇ ਚਿਹਰੇ 'ਤੇ ਰੌਣਕ ਲਿਆ ਦਿੱਤੀ ਹੈ। ਕਿਸਾਨਾਂ ਦਾ ਕਹਿਣਾ ਹੈ ਕਿ ਇਹ ਮੌਸਮ ਕਣਕ ਦੀ ਫਸਲ ਲਈ ਲਾਹੇਵੰਦ ਹੈ, ਜਿਸ ਕਾਰਨ ਚੰਗੀ ਫਸਲ ਹੋਣ ਦੀ ਉਮੀਦ ਹੈ।
ਉਥੇ ਹੀ ਦੂਜੇ ਪਾਸੇ ਮੋਗਾ ਵਿਚ ਵੀ ਤਲਵੰਡੀ ਸਾਬੋ ਵਰਗਾ ਹੀ ਨਜ਼ਾਰਾ ਦੇਖਣ ਨੂੰ ਮਿਲਿਆ। ਸੰਘਣੀ ਧੁੰਦ ਕਾਰਨ ਲੋਕ ਅੱਗ ਦਾ ਸਹਾਰਾ ਲੈਂਦੇ ਦਿਖਾਈ ਦਿੱਤੇ। ਪੂਰਾ ਉੱਤਰੀ ਭਾਰਤ ਠੰਢ ਤੇ ਧੁੰਦ ਦੀ ਚਪੇਟ 'ਚ ਹੈ, ਜਿਸ ਕਾਰਨ ਆਮ ਜਨ ਜੀਵਨ ਕਾਫੀ ਜ਼ਿਆਦਾ ਪ੍ਰਭਾਵਿਤ ਹੋ ਰਿਹਾ ਹੈ ਤੇ ਆਉਣ ਵਾਲੇ ਦਿਨਾਂ 'ਚ ਧੁੰਦ ਤੇ ਠੰਡ ਦਾ ਕਹਿਰ ਇਸੇ ਤਰ੍ਹਾਂ ਜਾਰੀ ਰਹਿਣ ਦੀ ਸੰਭਾਵਨਾ ਹੈ।