ਸ਼੍ਰੋਮਣੀ ਅਕਾਲੀ ਦਲ ਦੇ ਉਮੀਦਵਾਰ ਬਲਜੀਤ ਸਿੰਘ ਜਲਾਲ ਉਸਮਾਂ ਵੱਲੋਂ ਨਾਮਜ਼ਦਗੀ ਪੱਤਰ ਦਾਖ਼ਲ
Tuesday, Feb 01, 2022 - 03:52 PM (IST)
ਬਾਬਾ ਬਕਾਲਾ ਸਾਹਿਬ (ਅਠੌਲਾ,ਰਾਕੇਸ਼) : ਅੱਜ ਇੱਥੇ ਤਹਿਸੀਲ ਕੰਪਲੈਕਸ ਬਾਬਾ ਬਕਾਲਾ ਸਾਹਿਬ ਵਿਖੇ ਵਿਧਾਨ ਸਭਾ ਹਲਕਾ ਬਾਬਾ ਬਕਾਲਾ ਸਾਹਿਬ-25 ’ਚ ਹੋਣ ਵਾਲੀਆਂ ਨਾਮਜ਼ਦਗੀਆਂ ਲਈ ਅੱਜ ਆਖਰੀ ਦਿਨ ਹੈ। ਇਸੇ ਦੌਰਾਨ ਸ਼੍ਰੋਮਣੀ ਅਕਾਲੀ ਦਲ-ਬਸਪਾ ਦੇ ਸਾਂਝੇ ਉਮੀਦਵਾਰ ਜਥੇਦਾਰ ਬਲਜੀਤ ਸਿੰਘ ਜਲਾਲ ਉਸਮਾਂ ਨੇ ਆਪਣੇ ਨਾਮਜ਼ਦਗੀ ਪੱਤਰ ਸਬ ਡਵੀਜਨਲ ਮੈਜਿਸਟਰੇਟ ਬਾਬਾ ਬਕਾਲਾ ਸਾਹਿਬ ਕਮ ਚੋਣ ਅਧਿਕਾਰੀ ਹਲਕਾ ਬਾਬਾ ਬਕਾਲਾ ਸਾਹਿਬ, ਵਿਰਾਜ ਸ਼ਿਆਮਕਰਨ ਤਿੜਕੇ (ਆਈ. ਏ. ਐੱਸ.) ਕੋਲ ਦਾਖਲ ਕਰਵਾਏ। ਇਸ ਤੋਂ ਇਲਾਵਾ ਉਨ੍ਹਾਂ ਦੀ ਧਰਮਪਤਨੀ ਗੁਰਵਿੰਦਰ ਕੌਰ ਜਲਾਲਉਸਮਾਂ ਵੱਲੋਂ ਵੀ ਕਵਰਿੰਗ ਉਮੀਦਵਾਰ ਵਜੋਂ ਕਾਗਜ਼ ਭਰੇ ਗਏ। ਨਾਮਜ਼ਦਗੀ ਦਾਖਲ ਕਰਵਾਉਣ ਤੋਂ ਬਾਅਦ ਜਥੇ.ਜਲਾਲਉਸਮਾਂ ਨੇ ਕਿਹਾ ਕਿ ਉਹ ਇਹ ਸੀਟ ਪੂਰੀ ਸ਼ਾਨ ਨਾਲ ਜਿੱਤ ਕੇ ਪਾਰਟੀ ਦੀ ਝੋਲੀ ਵਿਚ ਪਾਉਣਗੇ ਅਤੇ ਸੂਬੇ ਵਿਚ ਸ਼੍ਰੋਮਣੀ ਅਕਾਲੀ ਦਲ ਦੀ ਸਰਕਾਰ ਬਣਾਉਣ ਵਿਚ ਸਹਾਈ ਹੋਣਗੇ।
ਇਸ ਮੌਕੇ ਉਨ੍ਹਾਂ ਦੇ ਨਾਲ ਮੈਡਮ ਗੁਰਵਿੰਦਰ ਕੌਰ ਜਥੇਬੰਦਕ ਸਕੱਤਰ ਇਸਤਰੀ ਅਕਾਲੀ ਦਲ, ਗੁਰਵਿੰਦਰਪਾਲ ਸਿੰਘ, ਪਿਆਰਾ ਸਿੰਘ ਸੇਖੋਂ, ਸੁਖਵਿੰਦਰ ਸਿੰਘ ਪੀ. ਏ., ਦਵਿੰਦਰ ਸਿੰਘ ਭੰਗੂ, ਤੇਜਵਿੰਦਰ ਸਿੰਘ ਗਿੱਲ, ਤਰਸੇਮ ਸਿੰਘ ਮੱਟੂ, ਐਡਵੋਕੇਟ ਗੁਰਪਾਲ ਸਿੰਘ, ਨਿਰਮਲ ਸਿੰਘ ਧੂਲਕਾ, ਬਲਵਿੰਦਰ ਸਿੰਘ ਚੀਮਾਂ ਆਦਿ ਮੌਜੂਦ ਸਨ। ਇਸ ਤੋਂ ਇਲਾਵਾ ਅੱਜ ਪੰਜਾਬ ਦੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੇ ਭਦੌੜ ਤੋਂ ਬਾਅਦ ਅੱਜ ਸ੍ਰੀ ਚਮਕੌਰ ਸਾਹਿਬ ਹਲਕੇ ਤੋਂ ਵੀ ਐੱਸ. ਡੀ. ਐੱਮ. ਦਫ਼ਤਰ ’ਚ ਚੋਣਾਂ ਲਈ ਨਾਮਜ਼ਦਗੀ ਪੱਤਰ ਭਰੇ ਹਨ। ਇਥੇ ਆਪਣੇ ਸੰਬੋਧਨ ਦੌਰਾਨ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਭਾਵੁਕ ਹੁੰਦੇ ਨਜ਼ਰ ਆਏ। ਮੁੱਖ ਮੰਤਰੀ ਚੰਨੀ ਨੇ ਕਿਹਾ ਕਿ 50 ਸਾਲਾ ਨਾਲੋਂ ਮੇਰੇ ਤਿੰਨ ਮਹੀਨਿਆਂ ਦਾ ਕੰਮ ਜ਼ਿਆਦਾ ਹੈ, 50 ਸਾਲ ਇਕ ਪਾਸੇ ਹਨ ਅਤੇ ਤਿੰਨ ਮਹੀਨੇ ਇਕ ਪਾਸੇ ਹਨ। ਉਨ੍ਹਾਂ ਕਿਹਾ ਕਿ ਕੋਈ ਪਿੰਡ ਅਜਿਹਾ ਨਹੀਂ, ਜਿੱਥੇ 50 ਲੱਖ ਰੁਪਇਆ ਨਾ ਗਿਆ ਹੋਵੇ, ਕਰੋੜਾਂ ਰੁਪਏ ਪਿੰਡਾਂ ਵਾਲਿਆਂ ਨੂੰ ਚਲੇ ਗਏ ਹਨ। ਉਨ੍ਹਾਂ ਵੋਟਰਾਂ ਨੂੰ ਅਪੀਲ ਕਰਦੇ ਕਿਹਾ ਕਿ ਉਹ ਇਕੱਲੇ ਹੀ ਆਪ-ਆਪਣਾ ਪਿੰਡ ਸਾਂਭ ਲੈਣ।