ਜਲੰਧਰ ਛਾਉਣੀ ਹਲਕੇ ’ਚ ਠੱਪ ਪਈਆਂ ਹਨ ਅਕਾਲੀ, ਭਾਜਪਾ ਤੇ ਕਾਂਗਰਸ ਦੀਆਂ ਸਰਗਰਮੀਆਂ, ਸਿਰਫ਼ ''ਆਪ'' ਐਕਟਿਵ
Monday, Nov 06, 2023 - 12:41 PM (IST)
ਜਲੰਧਰ (ਮਹੇਸ਼ ਖੋਸਲਾ)- ਜਲੰਧਰ ਛਾਉਣੀ ਹਲਕੇ ’ਚ ‘ਆਪ’ ਤੋਂ ਇਲਾਵਾ ਕੋਈ ਵੀ ਸਿਆਸੀ ਪਾਰਟੀ ਸਰਗਰਮ ਨਜ਼ਰ ਨਹੀਂ ਆ ਰਹੀ ਹੈ। ‘ਆਪ’ ਦੇ ਹਲਕਾ ਇੰਚਾਰਜ ਓਲੰਪੀਅਨ ਅਤੇ ਅਰਜੁਨ ਐਵਾਰਡੀ ਸੁਰਿੰਦਰ ਸਿੰਘ ਸੋਢੀ ਸਾਬਕਾ ਆਈ. ਜੀ. ਹੀ ਹਲਕੇ ’ਚ ਆਉਂਦੇ-ਜਾਂਦੇ ਹਨ ਅਤੇ ਉਨ੍ਹਾਂ ਨੇ ਲੋਕਾਂ ਦੇ ਦੁੱਖ-ਸੁੱਖ ’ਚ ਸ਼ਰੀਕ ਹੋ ਕੇ ਉਨ੍ਹਾਂ ਨਾਲ ਸਾਂਝ ਬਣਾਈ ਹੋਈ ਹੈ, ਜਦਕਿ ਸ਼੍ਰੋਮਣੀ ਅਕਾਲੀ ਦਲ, ਭਾਜਪਾ ਅਤੇ ਕਾਂਗਰਸ ਦੀਆਂ ਠੱਪ ਪਈਆਂ ਹੋਈਆਂ ਗਤੀਵਿਧੀਆਂ ਕਾਰਨ ਇਨ੍ਹਾਂ ਤਿੰਨੇ ਪਾਰਟੀਆਂ ਦੇ ਵਰਕਰਾਂ ’ਚ ਵੀ ਨਿਰਾਸ਼ਾ ਪਾਈ ਜਾ ਰਹੀ ਹੈ।
ਉਹ ਘਰ ਬੈਠੇ ਹਨ ਅਤੇ ਬਾਹਰ ਆਉਣ ਲਈ ਤਿਆਰ ਨਹੀਂ ਹਨ। ਅਗਲੇ ਮਹੀਨੇ ਹੋਣ ਜਾ ਰਹੀਆਂ ਨਗਰ ਨਿਗਮ ਚੋਣਾਂ ਅਤੇ ਅਗਲੇ ਸਾਲ ਅਪ੍ਰੈਲ-ਮਈ ਦੇ ਸ਼ੁਰੂ ’ਚ ਹੋਣ ਵਾਲੀਆਂ ਲੋਕ ਸਭਾ ਚੋਣਾਂ ਲਈ ਕੈਂਟ ਇਲਾਕੇ ’ਚ ਕਿਸੇ ਵੀ ਪਾਰਟੀ ਵੱਲੋਂ ਕੋਈ ਤਿਆਰੀ ਵਿਖਾਈ ਨਹੀਂ ਦੇ ਰਹੀ ਹੈ। ਅਜਿਹੇ ’ਚ ਜਾਪਦਾ ਹੈ ਕਿ ਅਕਾਲੀ, ਭਾਜਪਾ ਅਤੇ ਕਾਂਗਰਸ ਕੋਲ ਨਗਰ ਨਿਗਮ ਚੋਣਾਂ ਲੜਨ ਲਈ ਉਮੀਦਵਾਰ ਵੀ ਨਹੀਂ ਹਨ, ਜਦਕਿ ਹਲਕਾ ਇੰਚਾਰਜ ਸੋਢੀ ਨੇ ‘ਆਪ’ ਵੱਲੋਂ ਮੈਦਾਨ ’ਚ ਉਤਾਰੇ ਜਾਣ ਵਾਲੇ ਉਮੀਦਵਾਰਾਂ ਦੀ ਚੋਣ ਕਰਕੇ ਉਨ੍ਹਾਂ ਦੇ ਨਾਂ ਪਾਰਟੀ ਹਾਈਕਮਾਂਡ ਨੂੰ ਵੀ ਭੇਜ ਦਿੱਤੇ ਹਨ।
ਇਹ ਵੀ ਪੜ੍ਹੋ: ਹੋਟਲ 'ਚ ਰੰਗਰਲੀਆਂ ਮਨਾਉਣ ਪੁੱਜਾ ਸੀ ਪ੍ਰੇਮੀ ਜੋੜਾ, ਜ਼ਿਆਦਾ ਸ਼ਰਾਬ ਪੀਣ ਕਾਰਨ ਹੋਇਆ ਉਹ ਜੋ ਸੋਚਿਆ ਨਾ ਸੀ
ਪਰਗਟ ਸਿੰਘ ਹਨ ਛਾਉਣੀ ਦੇ ਮੌਜੂਦਾ ਵਿਧਾਇਕ
ਕਾਂਗਰਸ ਦੇ ਪਰਗਟ ਸਿੰਘ ਜਲੰਧਰ ਛਾਉਣੀ ਹਲਕੇ ਦੇ ਮੌਜੂਦਾ ਵਿਧਾਇਕ ਹਨ। ਉਹ 2012 ਤੋਂ ਲਗਾਤਾਰ ਜਿੱਤਦੇ ਆ ਰਹੇ ਹਨ ਅਤੇ ਤੀਜੀ ਵਾਰ ਹਲਕੇ ਦੀ ਅਗਵਾਈ ਕਰ ਰਹੇ ਹਨ ਪਰ ਪੰਜਾਬ ’ਚ ‘ਆਪ’ ਦੀ ਸਰਕਾਰ ਆਉਣ ਤੋਂ ਬਾਅਦ ਉਨ੍ਹਾਂ ਦੇ ਸਾਰੇ ਨੇੜਲੇ ਸਾਥੀ ਵੀ ਉਨ੍ਹਾਂ ਦਾ ਸਾਥ ਛੱਡ ਗਏ ਸਨ ਅਤੇ ਵੱਡੀ ਗਿਣਤੀ ’ਚ ਕਾਂਗਰਸੀ ਵਰਕਰ ਵੀ ‘ਆਪ’ ’ਚ ਸ਼ਾਮਲ ਹੋ ਗਏ ਸਨ। ਇਸ ਦੇ ਬਾਵਜੂਦ ਅੱਜ ਵੀ ਉਹ ਕਿਸੇ ਦੀ ਪ੍ਰਵਾਹ ਨਹੀਂ ਕਰਦੇ। ਹਾਲਾਂਕਿ, ਪਾਰਟੀ ਵਰਕਰਾਂ ਵੱਲੋਂ ਉਨ੍ਹਾਂ ਦੇ ਹਲਕੇ ਤੋਂ ਉਨ੍ਹਾਂ ਨੂੰ ਛੱਡਣ ਕਾਰਨ ਲੋਕ ਸਭਾ ਉਪ ਚੋਣਾਂ ’ਚ ਉਨ੍ਹਾਂ ਨੂੰ ਭਾਰੀ ਨੁਕਸਾਨ ਦਾ ਸਾਹਮਣਾ ਵੀ ਕਰਨਾ ਪਿਆ ਸੀ। 2022 ਦੀਆਂ ਚੋਣਾਂ ’ਚ ਵੀ ਉਨ੍ਹਾਂ ਨੂੰ 2017 ਦੇ ਮੁਕਾਬਲੇ ਬਹੁਤ ਘੱਟ ਵੋਟਾਂ ਮਿਲੀਆਂ ਸਨ। 30 ਹਜ਼ਾਰ ਵੋਟਾਂ ਦੀ ਲੀਡ ਘੱਟ ਕੇ 5 ਹਜ਼ਾਰ ਰਹਿ ਗਈ। ਵੱਡੀ ਗੱਲ ਇਹ ਸੀ ਕਿ ਪੂਰੇ ਪੰਜਾਬ ’ਚ ਕਾਂਗਰਸ ਦੇ ਸਿਰਫ਼ 15 ਵਿਧਾਇਕ ਬਣੇ ਸਨ ਅਤੇ ਇਸ ਸਥਿਤੀ ’ਚ ਪਰਗਟ ਤੀਜੀ ਵਾਰ ਵੀ ਜਿੱਤਣ ਵਿਚ ਕਾਮਯਾਬ ਰਹੇ।
ਹਰਜਾਪ ਸਿੰਘ ਸੰਘਾ ਹਨ ਸ਼੍ਰੋਮਣੀ ਅਕਾਲੀ ਦਲ ਦੇ ਨਵੇਂ ਹਲਕਾ ਇੰਚਾਰਜ
ਸੀਨੀ. ਮਹਿਲਾ ਅਕਾਲੀ ਆਗੂ ਅਤੇ ਮਹਿਲਾ ਕਮਿਸ਼ਨ ਦੀ ਸਾਬਕਾ ਸੂਬਾ ਚੇਅਰਪਰਸਨ ਗੁਰਦੇਵ ਕੌਰ ਸੰਘਾ ਕਾਦੀਆਂਵਾਲੀ ਦੇ ਪੁੱਤਰ ਹਰਜਾਪ ਸਿੰਘ ਸੰਘਾ ਨੂੰ ਜਲੰਧਰ ਕੈਂਟ ਹਲਕੇ ਤੋਂ ਸ਼੍ਰੋਮਣੀ ਅਕਾਲੀ ਦਲ ਦਾ ਨਵਾਂ ਹਲਕਾ ਇੰਚਾਰਜ ਬਣਾਇਆ ਗਿਆ ਹੈ। ਇਹ ਜ਼ਿੰਮੇਵਾਰੀ ਉਨ੍ਹਾਂ ਨੂੰ ਕੁਝ ਸਮਾਂ ਪਹਿਲਾਂ ਸੁਖਬੀਰ ਸਿੰਘ ਬਾਦਲ ਨੇ ਸੌਂਪੀ ਹੈ। ਹਰਜਾਪ ਸੰਘਾ ਅਕਾਲੀ ਦਲ ਦੇ ਟਕਸਾਲੀ ਪਰਿਵਾਰ ਨਾਲ ਸਬੰਧਤ ਹਨ। ਉਨ੍ਹਾਂ ਨੇ ਵੀ ਹਲਕੇ ’ਚ ਅਜੇ ਤੱਕ ਪੂਰੀ ਸਰਗਰਮੀ ਨਾਲ ਪਾਰਟੀ ਦੀਆਂ ਸਰਗਰਮੀਆਂ ਸ਼ੁਰੂ ਨਹੀਂ ਕੀਤੀਆਂ ਹਨ। ਪਾਰਟੀ ਨੇ ਉਨ੍ਹਾਂ ਨੂੰ ਵੱਡੀ ਜ਼ਿੰਮੇਵਾਰੀ ਸੌਂਪੀ ਹੈ। ਇਹ ਤਾਂ ਆਉਣ ਵਾਲਾ ਸਮਾਂ ਹੀ ਦੱਸੇਗਾ ਕਿ ਉਹ ਇਸ ਅਹਿਮ ਜ਼ਿੰਮੇਵਾਰੀ ਨੂੰ ਕਿਸ ਹੱਦ ਤੱਕ ਨਿਭਾਉਂਦੇ ਹਨ।
ਇਹ ਵੀ ਪੜ੍ਹੋ: ਬਿਜਲੀ ਚੋਰੀ ਕਰਨ ਵਾਲਿਆਂ ਖ਼ਿਲਾਫ਼ ਪਾਵਰਕਾਮ ਨੇ ਕੱਸਿਆ ਸ਼ਿੰਕਜਾ, ਸਖ਼ਤ ਹਦਾਇਤਾਂ ਕੀਤੀਆਂ ਜਾਰੀ
ਸਰਬਜੀਤ ਸਿੰਘ ਮੱਕੜ ਕੋਲ ਹੈ ਭਾਜਪਾ ਦੀ ਅਗਵਾਈ
ਭਾਜਪਾ ਦੀ ਅਗਵਾਈ ਜਲੰਧਰ ਛਾਉਣੀ ਹਲਕੇ ’ਚ ਸਾਬਕਾ ਵਿਧਾਇਕ ਸਰਬਜੀਤ ਸਿੰਘ ਮੱਕੜ ਕੋਲ ਹੈ। ਉਨ੍ਹਾਂ ਇਸ ਹਲਕੇ ਤੋਂ 2017 ’ਚ ਸ਼੍ਰੋਮਣੀ ਅਕਾਲੀ ਦਲ ਵੱਲੋਂ ਤੇ 2022 ’ਚ ਭਾਜਪਾ ਵੱਲੋਂ ਵਿਧਾਨ ਸਭਾ ਚੋਣ ਲੜੀ ਸੀ। ਇਸ ਤੋਂ ਪਹਿਲਾਂ ਉਹ 2012 ’ਚ ਕਪੂਰਥਲਾ ਤੋਂ ਵੀ ਚੋਣ ਲੜ ਚੁੱਕੇ ਹਨ ਤੇ 2007 ’ਚ ਮੱਕੜ ਆਦਮਪੁਰ ਹਲਕੇ ਤੋਂ ਪਹਿਲੀ ਵਾਰ ਅਕਾਲੀ ਦਲ ਦੇ ਵਿਧਾਇਕ ਬਣੇ ਸਨ। ਭਾਜਪਾ ’ਚ ਸ਼ਾਮਲ ਹੋਣ ਤੋਂ ਬਾਅਦ ਉਹ ਕੈਂਟ ਹਲਕੇ ’ਚ ਵੀ ਕਾਫੀ ਸਰਗਰਮ ਹੋ ਗਏ ਸਨ ਪਰ ਅੱਜਕੱਲ ਉਨ੍ਹਾਂ ਦੀ ਸਰਗਰਮੀ ਘੱਟ ਨਜ਼ਰ ਆ ਰਹੀ ਹੈ। ਇਸ ਪਿੱਛੇ ਕਾਰਨ ਅਜੇ ਸਪੱਸ਼ਟ ਨਹੀਂ ਹੋ ਸਕਿਆ ਹੈ। ਇਹ ਵੀ ਚਰਚਾ ਹੈ ਕਿ ਉਹ ਅਕਾਲੀ ਦਲ ’ਚ ਵਾਪਸ ਆ ਸਕਦੇ ਹਨ ਤੇ ਅਕਾਲੀ ਦਲ ਜਲੰਧਰ ਕੈਂਟ ਹਲਕੇ ਦੀ ਕਮਾਨ ਮੁੜ ਉਨ੍ਹਾਂ ਨੂੰ ਸੌਂਪ ਸਕਦਾ ਹੈ। 2022 ’ਚ ਵੀ ਉਨ੍ਹਾਂ ਨਾਲ ਧੋਖਾ ਹੋਇਆ ਸੀ, ਜਿਸ ਕਾਰਨ ਉਹ ਭਾਜਪਾ ’ਚ ਸ਼ਾਮਲ ਹੋ ਗਏ ਸਨ।
ਇਹ ਵੀ ਪੜ੍ਹੋ: ਜਲੰਧਰ ਦੇ ਮਸ਼ਹੂਰ 'ਕੁੱਲੜ੍ਹ ਪਿੱਜ਼ਾ ਕੱਪਲ' ਦੀ ਨਵੀਂ ਵੀਡੀਓ, ਕੈਮਰੇ ਸਾਹਮਣੇ ਆਈ ਪਤਨੀ
‘ਆਪ’ ਦੇ ਹੀ ਆਗੂ ਸੁਰਿੰਦਰ ਸਿੰਘ ਸੋਢੀ ਨੂੰ ਨਹੀਂ ਹੋਣ ਦੇਣਾ ਚਾਹੁੰਦੇ ਮਜ਼ਬੂਤ
ਜਲੰਧਰ ਛਾਉਣੀ ਹਲਕੇ ’ਚ ‘ਆਪ’ ਦੇ ਹੀ ਕਈ ਅਜਿਹੇ ਆਗੂ ਹਨ, ਜੋ ਹਲਕੇ ਦੇ ਮੌਜੂਦਾ ਇੰਚਾਰਜ ਸੁਰਿੰਦਰ ਸਿੰਘ ਸੋਢੀ ਨੂੰ ਮਜ਼ਬੂਤ ਨਹੀਂ ਹੋਣ ਦੇਣਾ ਚਾਹੁੰਦੇ। ਉਨ੍ਹਾਂ ਦੀ ਕੋਸ਼ਿਸ਼ ਹੈ ਕਿ ਸੋਢੀ ਨੂੰ ਹਲਕਾ ਇੰਚਾਰਜ ਦੇ ਅਹੁਦੇ ਤੋਂ ਵੀ ਹਟਵਾਇਆ ਜਾਵੇ। ‘ਆਪ’ ਆਗੂਆਂ ਦੀਆਂ ਇਹ ਕੋਸ਼ਿਸ਼ਾਂ ਲੰਮੇ ਸਮੇਂ ਤੋਂ ਚੱਲ ਰਹੀਆਂ ਹਨ ਪਰ ‘ਆਪ’ ਦੀ ਸਰਕਾਰ ਬਣੀ ਨੂੰ ਪੌਣੇ 2 ਸਾਲ ਹੋ ਗਏ ਹਨ ਪਰ ਪਾਰਟੀ ਹਾਈਕਮਾਂਡ ਨੇ ਸੋਢੀ ਨੂੰ ਨਹੀਂ ਬਦਲਿਆ ਹੈ, ਜਿਸ ਤੋਂ ਸਾਫ਼ ਜ਼ਾਹਿਰ ਹੁੰਦਾ ਹੈ ਕਿ ਪਾਰਟੀ ਹਾਈਕਮਾਂਡ ਸੋਢੀ ਵੱਲੋਂ ਪਾਰਟੀ ਲਈ ਕੀਤੇ ਜਾ ਰਹੇ ਕੰਮਾਂ ਤੋਂ ਸੰਤੁਸ਼ਟ ਹੈ। ਸੁਰਿੰਦਰ ਸਿੰਘ ਸੋਢੀ ਵੀ ਕਿਸੇ ਦੀ ਪ੍ਰਵਾਹ ਨਹੀਂ ਕਰਦੇ ਅਤੇ ਆਪਣੇ ਕੰਮਾਂ ਦਾ ਰਿਪੋਰਟ ਕਾਰਡ ਨਾਲ ਦੀ ਨਾਲ ਮੁੱਖ ਮੰਤਰੀ ਪੰਜਾਬ ਅਤੇ ਪਾਰਟੀ ਹਾਈਕਮਾਨ ਦੇ ਧਿਆਨ ’ਚ ਲਿਆ ਰਹੇ ਹਨ।
ਇਹ ਵੀ ਪੜ੍ਹੋ: ਹੋਟਲ 'ਚ ਬਰਥਡੇ ਪਾਰਟੀ ਦੌਰਾਨ ਪੈ ਗਿਆ ਭੜਥੂ, ਮਾਮੂਲੀ ਗੱਲ ਨੂੰ ਲੈ ਕੇ ਪਿਆ ਖਿਲਾਰਾ
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:-
https://play.google.com/store/apps/details?id=com.jagbani&hl=en&pli=1
For IOS:-
https://apps.apple.com/in/app/id538323711
ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦਿਓ ਜਵਾਬ