ਸ੍ਰੀ ਹਰਿਮੰਦਰ ਸਾਹਿਬ ਵਿਖੇ ਸੇਵਾਦਾਰ ਹੁਣ ਡਿਊਟੀ ਦੌਰਾਨ ਨਹੀਂ ਕਰਨਗੇ ਮੋਬਾਈਲ ਫ਼ੋਨ ਦੀ ਵਰਤੋਂ
Saturday, Feb 08, 2025 - 03:16 AM (IST)
![ਸ੍ਰੀ ਹਰਿਮੰਦਰ ਸਾਹਿਬ ਵਿਖੇ ਸੇਵਾਦਾਰ ਹੁਣ ਡਿਊਟੀ ਦੌਰਾਨ ਨਹੀਂ ਕਰਨਗੇ ਮੋਬਾਈਲ ਫ਼ੋਨ ਦੀ ਵਰਤੋਂ](https://static.jagbani.com/multimedia/03_14_2199242931.jpg)
ਅੰਮ੍ਰਿਤਸਰ (ਸਰਬਜੀਤ)- ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਡਿਊਟੀ ਨਿਭਾਉਣ ਵਾਲੇ ਮੁਲਾਜ਼ਮਾਂ ਨੂੰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਨਵੇਂ ਆਦੇਸ਼ ਜਾਰੀ ਹੋਏ ਹਨ। ਸ੍ਰੀ ਦਰਬਾਰ ਸਾਹਿਬ ਦੇ ਮੈਨੇਜਰ ਭਗਵੰਤ ਸਿੰਘ ਧੰਗੇੜਾ ਨੇ ਆਖਿਆ ਹੈ ਕਿ ਸ਼੍ਰੋਮਣੀ ਕਮੇਟੀ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਦੇ ਦਿਸ਼ਾ-ਨਿਰਦੇਸ਼ਾਂ ਹੇਠ ਸ੍ਰੀ ਦਰਬਾਰ ਸਾਹਿਬ ਵਿਖੇ ਸੇਵਾ ਕਰਨ ਵਾਲੇ ਮੁਲਾਜ਼ਮ ਡਿਊਟੀ ਸਮੇਂ ਪੂਰੀ ਤਰ੍ਹਾ ਨਾਲ ਮਰਿਆਦਾ ਨੂੰ ਧਿਆਨ ਵਿੱਚ ਰੱਖਦੇ ਹੋਏ ਆਪਣੀਆਂ ਸੇਵਾਵਾਂ ਨਿਭਾਉਣਗੇ।
ਉਨ੍ਹਾਂ ਆਖਿਆ ਕਿ ਜਿਸ ਤਰ੍ਹਾਂ ਪਿਛਲੇ ਸਮੇਂ ਵਿੱਚ ਸ਼੍ਰੋਮਣੀ ਕਮੇਟੀ ਪ੍ਰਧਾਨ ਵੱਲੋਂ ਸੇਵਾਦਾਰਾਂ ਨੂੰ ਉਨ੍ਹਾਂ ਦੀ ਪ੍ਰੋਪਰ ਡ੍ਰੈੱਸ ਅਤੇ ਗਲੇ ਵਿੱਚ ਆਈ ਕਾਰਡ ਪਾਉਣ ਦੇ ਹੁਕਮ ਦਿੱਤੇ ਸਨ, ਉਸੇ ਤਰ੍ਹਾਂ ਹੀ ਉਹ ਹੁਣ ਸੇਵਾਦਾਰ ਡਿਊਟੀ ਦੌਰਾਨ ਆਪਣੇ ਮੋਬਾਈਲ ਦੀ ਵਰਤੋਂ ਨਹੀਂ ਕਰ ਸਕਦੇ ਹਨ। ਮੈਨੇਜਰ ਧੰਘੇੜਾ ਨੇ ਆਖਿਆ ਕਿ ਜੇਕਰ ਕੋਈ ਮੁਲਾਜ਼ਮ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਡਿਊਟੀ ਕਰਨ ਦੌਰਾਨ ਮੋਬਾਈਲ ਦੀ ਵਰਤੋਂ ਕਰਦਾ ਦੇਖਿਆ ਗਿਆ ਤਾਂ ਉਸ ਤੇ ਬਣਦੀ ਕਾਰਵਾਈ ਕੀਤੀ ਜਾਵੇਗੀ।
ਇਹ ਵੀ ਪੜ੍ਹੋ- UK ਦਾ ਸਟੱਡੀ ਵੀਜ਼ਾ ਹੋਣ ਦੇ ਬਾਵਜੂਦ US ਤੋਂ ਇੰਡੀਆ ਡਿਪੋਰਟ ਹੋਈ ਮੁਸਕਾਨ, MLA ਨੇ ਘਰ ਪਹੁੰਚ ਜਾਣਿਆ ਹਾਲ
ਮੈਨੇਜਰ ਭਗਵੰਤ ਸਿੰਘ ਧੰਗੇੜਾ ਨੇ ਅੱਗੇ ਆਖਿਆ ਕਿ ਸੇਵਾਦਾਰ ਡਿਊਟੀ ਦੌਰਾਨ ਸਿਰਫ਼ ਆਪਣੀ ਸੇਵਾ ਸੰਗਤ ਲਈ ਹੀ ਕਰੇਗਾ ਅਤੇ ਜੇਕਰ ਸੰਗਤ ਨੂੰ ਕਿਸੇ ਤਰ੍ਹਾਂ ਦੀ ਕੋਈ ਪਰੇਸ਼ਾਨੀ ਆਉਂਦੀ ਹੈ ਤਾਂ ਉਹ ਸਮੇਂ-ਸਮੇਂ 'ਤੇ ਸੰਗਤਾਂ ਨੂੰ ਗੁਰਦੁਆਰਾ ਸਾਹਿਬ ਦੀ ਮਰਿਆਦਾ ਸਬੰਧੀ ਜਾਣਕਾਰੀ ਦੇਣਗੇ।
ਉਨ੍ਹਾਂ ਕਿਹਾ ਕਿ ਸੇਵਾਦਾਰਾਂ ਨੂੰ ਪਹਿਲਾਂ ਵੀ ਉਨ੍ਹਾਂ ਦੀ ਪੂਰੀ ਡ੍ਰੈੱਸ ਅਤੇ ਗਲੇ ਵਿੱਚ ਆਈ ਕਾਰਡ ਪਾਉਣ ਦੇ ਹੁਕਮ ਜਾਰੀ ਹੋਏ ਸਨ ਪਰ ਕੁਝ ਸਮਾਂ ਬੀਤ ਜਾਣ ਦੇ ਬਾਅਦ ਕੁਝ ਸੇਵਾਦਾਰ ਇਸ ਨੂੰ ਅਣਗੋਲਿਆਂ ਕਰ ਰਹੇ ਹਨ, ਜਿਸ ਲਈ ਇਹ ਆਦੇਸ਼ ਦੁਬਾਰਾ ਜਾਰੀ ਕੀਤੇ ਗਏ ਹਨ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਪ੍ਰਬੰਧਾਂ ਨੂੰ ਹੋਰ ਸੁਚਾਰੂ ਢੰਗ ਨਾਲ ਚਲਾਉਣ ਦੇ ਲਈ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੇ ਮੁਲਾਜ਼ਮਾਂ ਨੂੰ ਹੁਕਮ ਜਾਰੀ ਕਰ ਦਿੱਤੇ ਹਨ।
ਇਹ ਵੀ ਪੜ੍ਹੋ- ਭਿਆਨਕ ਹਾਦਸੇ ਨੇ ਤਬਾਹ ਕਰ'ਤਾ ਪਰਿਵਾਰ, ਸਕੇ ਭਰਾਵਾਂ ਦੀ ਮੌਕੇ 'ਤੇ ਹੀ ਹੋ ਗਈ ਦਰਦਨਾਕ ਮੌਤ
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e