ਲੁਧਿਆਣਾ ਵਾਸੀਆਂ ਲਈ ਰਾਹਤ ਭਰੀ ਖਬਰ, ਦੂਜੇ ਦਿਨ ਵੀ ਨਹੀਂ ਆਇਆ ''ਕੋਰੋਨਾ'' ਦਾ ਕੋਈ ਮਾਮਲਾ
Monday, May 25, 2020 - 12:44 PM (IST)
ਲੁਧਿਆਣਾ (ਸਹਿਗਲ) : ਸ਼ਹਿਰ ਵਾਸੀਆਂ ਲਈ ਚੰਗੀ ਖ਼ਬਰ ਹੈ ਕਿ ਐਤਵਾਰ ਨੂੰ ਦੂਜੇ ਦਿਨ ਵੀ ਕੋਰੋਨਾ ਵਾਇਰਸ ਦਾ ਕੋਈ ਮਾਮਲਾ ਸਾਹਮਣੇ ਨਹੀਂ ਆਇਆ। ਸਿਹਤ ਵਿਭਾਗ ਵੱਲੋਂ 108 ਸੈਂਪਲਾਂ ਨੂੰ ਜਾਂਚ ਲਈ ਭੇਜਿਆ ਗਿਆ ਸੀ, ਜਿਨ੍ਹਾਂ 'ਚੋਂ 160 ਜੀ. ਐੱਮ. ਸੀ. ਪਟਿਆਲਾ ਅਤੇ ਦੋ ਸੈਂਪਲ ਦਯਾਨੰਦ ਹਸਪਤਾਲ ’ਚ ਭੇਜੇ ਗਏ ਸਨ। ਸਿਵਲ ਸਰਜਨ ਡਾ. ਰਾਜੇਸ਼ ਬੱਗਾ ਮੁਤਾਬਕ ਪਟਿਆਲਾ ਭੇਜੇ 160 ਸੈਂਪਲਾਂ ਦੀ ਰਿਪੋਰਟ ਨੈਗੇਟਿਵ ਆਈ ਹੈ, ਜਦੋਂ ਕਿ ਦਯਾਨੰਦ ਹਸਪਤਾਲ 'ਚ ਭੇਜੇ ਗਏ 2 ਸੈਂਪਲਾਂ ਦੀ ਰਿਪੋਰਟ ਅਜੇ ਆਉਣੀ ਬਾਕੀ ਹੈ।
ਉਨ੍ਹਾਂ ਦੱਸਿਆ ਕਿ ਹੁਣ ਤੱਕ 5986 ਸੈਂਪਲ ਨੈਗੇਟਿਵ ਹਨ। ਹੁਣ ਤੱਕ 179 ਲੋਕਾਂ ਦੀ ਰਿਪੋਰਟ ਪਾਜ਼ੇਟਿਵ ਆਈ ਹੈ ਅਤੇ 7 ਲੋਕਾਂ ਦੀ ਮੌਤ ਹੋਈ ਹੈ। ਡਾ. ਬੱਗਾ ਨੇ ਦੱਸਿਆ ਕਿ 135 ਲੋਕ ਠੀਕ ਹੋ ਕੇ ਘਰ ਜਾ ਚੁੱਕੇ ਹਨ। ਉਪਰੋਕਤ ਤੋਂ ਇਲਾਵਾ ਦੂਜੇ ਜ਼ਿਲਿਆਂ ਅਤੇ ਦੂਜੇ ਸੂਬਿਆਂ ਤੋਂ 86 ਲੋਕ ਲੁਧਿਆਣਾ ਦੇ ਹਸਪਤਾਲਾਂ 'ਚ ਪਾਜ਼ੇਟਿਵ ਆਏ। ਇਨ੍ਹਾਂ 'ਚ 5 ਦੀ ਮੌਤ ਹੋ ਗਈ ਸੀ। ਲੋਕਾਂ ਦੀ ਜਾਂਚ ਅਤੇ ਸਕਰੀਨਿੰਗ ਦਾ ਕੰਮ ਜਾਰੀ ਹੈ। ਸਿਹਤ ਵਿਭਾਗ ਦੀ ਟੀਮ ਨੇ ਸਕਰੀਨਿੰਗ ਦੌਰਾਨ 113 ਲੋਕਾਂ ਨੂੰ ਹੋਮ ਕੁਅਰੰਟਾਈਨ ’ਚ ਭੇਜਿਆ, ਹੁਣ 2343 ਲੋਕ ਹੋਮ ਕੁਅਰੰਟਾਈਨ ’ਚ ਹਨ।