ਸੀਵਰੇਜ ਦੇ ਪਾਣੀ ਦੀ ਨਿਕਾਸੀ ਲਈ ਨਗਰ ਕੌਂਸਲ ਵਲੋਂ ਨਹੀਂ ਕੋਈ ਪ੍ਰਬੰਧ, ਲੋਕ ਪ੍ਰੇਸ਼ਾਨ

11/24/2017 6:25:29 AM

ਸੁਲਤਾਨਪੁਰ ਲੋਧੀ, (ਸੋਢੀ)- ਜਗਤਗੁਰੂ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਦੀ ਪਾਵਨ ਨਗਰੀ ਸੁਲਤਾਨਪੁਰ ਲੋਧੀ ਦੇ ਵਾਰਡ ਨੰ. 1 'ਚ ਪਵਿੱਤਰ ਵੇਈਂ ਨੇੜੇ ਮੁਹੱਲਾ ਗੁਰੂ ਨਾਨਕ ਨਗਰ ਵਿਖੇ ਸੀਵਰੇਜ ਦੇ ਪਾਣੀ ਦੀ ਨਿਕਾਸੀ ਦਾ ਪ੍ਰਬੰਧ ਨਾ ਹੋਣ ਕਾਰਨ ਮੁਹੱਲਾ ਵਾਸੀ ਡਾਢੇ ਪ੍ਰੇਸ਼ਾਨ ਹਨ।
ਸ਼ਹਿਰ ਦੇ ਵਾਰਡ ਨੰ. 1 ਤਹਿਤ ਪੈਂਦੇ ਇਸ ਮੁਹੱਲੇ 'ਚ ਤਕਰੀਬਨ 40 ਦੇ ਕਰੀਬ ਘਰਾਂ ਦੇ ਨਕਸ਼ੇ ਪਾਸ ਹਨ ਤੇ ਨਗਰ ਕੌਂਸਲ ਵਲੋਂ ਬਕਾਇਦਾ ਸੀਵਰੇਜ ਵੀ ਪਾਇਆ ਹੋਇਆ ਹੈ ਪਰ ਸੀਵਰੇਜ ਦੇ ਪਾਣੀ ਦੀ ਨਿਕਾਸੀ ਦਾ ਪ੍ਰਬੰਧ ਨਾ ਹੋਣ ਕਾਰਨ ਮੁਹੱਲੇ ਦੇ ਖਾਲੀ ਪਲਾਟਾਂ 'ਚ ਹੀ ਗੰਦਾ ਪਾਣੀ ਪੈ ਰਿਹਾ ਹੈ, ਜੋ ਕਿ ਕਾਫੀ ਬਦਬੂ ਤੇ ਮੱਛਰ ਮੱਖੀਆਂ ਫੈਲਾ ਰਿਹਾ ਹੈ ਤੇ ਖਤਰਨਾਕ ਬੀਮਾਰੀਆਂ ਨੂੰ ਸੱਦਾ ਦੇ ਰਿਹਾ ਹੈ।
ਪਵਿੱਤਰ ਨਗਰੀ ਦੇ ਵਿਕਾਸ ਸਬੰਧੀ ਵੱਖ-ਵੱਖ ਲੀਡਰਾਂ ਵਲੋਂ ਕਈ ਪ੍ਰਕਾਰ ਦੇ ਫੋਕੇ ਦਾਅਵੇ ਕੀਤੇ ਜਾ ਰਹੇ ਹਨ ਪਰ ਨਾ ਤਾਂ ਪਿਛਲੀ ਅਕਾਲੀ-ਭਾਜਪਾ ਸਰਕਾਰ ਸਮੇਂ ਹੀ ਕਿਸੇ ਲੀਡਰ ਨੇ ਇਸ ਪਾਸੇ ਕੋਈ ਧਿਆਨ ਦਿੱਤਾ ਤੇ ਨਾ ਹੀ ਹੁਣ ਕੋਈ ਧਿਆਨ ਦੇ ਰਿਹਾ ਹੈ। ਇਸ ਸਮੱਸਿਆ ਸਬੰਧੀ ਹਲਕੇ ਦੇ ਵਿਧਾਇਕ ਨਵਤੇਜ ਸਿੰਘ ਚੀਮਾ ਨੂੰ ਵੀ ਮੁਹੱਲਾ ਵਾਸੀਆਂ ਵਲੋਂ ਜਾਣੂ ਕਰਵਾਇਆ ਗਿਆ ਹੈ, ਜਿਨ੍ਹਾਂ ਸੁਲਤਾਨਪੁਰ ਲੋਧੀ ਦੀ ਐੱਸ. ਡੀ. ਐੱਮ. ਡਾ. ਤੇ ਨਗਰ ਕੌਂਸਲ ਨੂੰ ਇਸ ਮੁਹੱਲੇ ਦੇ ਸੀਵਰੇਜ ਦੇ ਪਾਣੀ ਦੀ ਨਿਕਾਸੀ ਲਈ ਪ੍ਰਬੰਧ ਕਰਨ ਦੇ ਹੁਕਮ ਵੀ ਦਿੱਤੇ ਹਨ। 


Related News