ਵਿਧਾਨ ਸਭਾ ਐਨ. ਕੇ. ਸ਼ਰਮਾ ਤੇ ਨਾਗਰਾ ਦੀ ਪ੍ਰਾਪਰਟੀ ਦੀ ਕਰੇਗੀ ਜਾਂਚ
Friday, Feb 15, 2019 - 01:28 PM (IST)
ਚੰਡੀਗੜ੍ਹ (ਭੁੱਲਰ) : ਪੰਜਾਬ ਵਿਧਾਨ ਸਭਾ ਅਕਾਲੀ ਦਲ ਦੇ ਡੇਰਾਬੱਸੀ ਤੋਂ ਵਿਧਾਇਕ ਅਤੇ ਸਾਬਕਾ ਮੁੱਖ ਸੰਸਦੀ ਸਕੱਤਰ ਐਨ. ਕੇ. ਸ਼ਰਮਾ ਸਮੇਤ ਕਾਂਗਰਸ ਦੇ ਫਤਹਿਗੜ੍ਹ ਸਾਹਿਬ ਤੋਂ ਵਿਧਾਇਕ ਕੁਲਜੀਤ ਨਾਗਰਾ ਦੀ ਪ੍ਰਾਪਰਟੀ ਦੀ ਜਾਂਚ ਕਰੇਗੀ। ਇਹ ਐਲਾਨ ਵਿਧਾਨ ਸਭਾ ਦੇ ਸਪੀਕਰ ਰਾਣਾ ਕੇ.ਪੀ. ਸਿੰਘ ਨੇ ਸਦਨ 'ਚ ਕੀਤਾ। ਸ਼ਰਮਾ ਅਤੇ ਨਾਗਰਾ ਵਲੋਂ ਅੰਧ ਵਿਸ਼ਵਾਸ ਦੇ ਵਿਸ਼ੇ 'ਤੇ ਗੈਰ ਸਰਕਾਰੀ ਮਤੇ 'ਤੇ ਬਹਿਸ ਦੌਰਾਨ ਇਨ੍ਹਾਂ ਦੋਵਾਂ ਮੈਬਰਾਂ ਵਲੋਂ ਇਕ ਦੂਜੇ 'ਤੇ ਲਗਾਏ ਦੋਸ਼ਾਂ ਤੇ ਇਸਤੇਮਾਲ ਕੀਤੀਆਂ ਗਈਆਂ ਇਤਰਾਜ਼ਯੋਗ ਟਿੱਪਣੀਆਂ ਤੋਂ ਬਾਅਦ ਸਪੀਕਰ ਰਾਣਾ ਕੇ.ਪੀ. ਸਿੰਘ ਨੇ ਜਾਂਚ ਕਰਵਾਉਣ ਦਾ ਇਹ ਐਲਾਨ ਸੰਸਦੀ ਮਾਮਲਿਆਂ ਦੇ ਮੰਤਰੀ ਬ੍ਰਹਮ ਮਹਿੰਦਰਾ ਵਲੋਂ ਦਖਲ ਦਿੱਤੇ ਜਾਣ ਤੋਂ ਬਾਅਦ ਕੀਤਾ। ਬਹਿਸ ਦੌਰਾਨ ਬੋਲਦਿਆਂ ਕਾਂਗਰਸੀ ਮੈਂਬਰ ਨਾਗਰਾ ਨੇ ਸ਼ਰਮਾ ਦੀ ਜਾਤੀ ਨੂੰ ਲੈ ਕੇ ਟਿੱਪਣੀ ਕਰ ਦਿੱਤੀ, ਜਿਸ 'ਤੇ ਉਹ ਭੜਕ ਗਏ ਤੇ ਉਨ੍ਹਾਂ ਨੇ ਵੀ ਵਿਚ ਹੀ ਉਠ ਕੇ ਆਪਣੀ ਸੀਟ 'ਤੇ ਖੜ੍ਹੇ ਹੋ ਕੇ ਨਾਗਰਾ 'ਤੇ ਵੀ ਕਈ ਗੰਭੀਰ ਦੋਸ਼ ਲਗਾਉਂਦਿਆਂ ਨਾਗਰਾ ਦੇ ਪਰਿਵਾਰ ਦੇ ਹੋਰ ਮੈਬਰਾਂ ਤੋਂ ਇਲਾਵਾ ਉਨ੍ਹਾਂ ਦੀ ਪਤਨੀ ਬਾਰੇ ਵੀ ਟਿੱਪਣੀ ਕਰ ਦਿੱਤੀ।