ਵੱਡੀਆਂ ਵਾਰਦਾਤਾਂ ਨੂੰ ਅੰਜਾਮ ਦੇਣ ਵਾਲਾ ਨਿਹੰਗ ਭਾਰੀ ਅਸਲੇ ਸਣੇ ਗ੍ਰਿਫ਼ਤਾਰ
Tuesday, Nov 17, 2020 - 07:47 PM (IST)
ਜਲੰਧਰ (ਸ਼ੋਰੀ) : ਕਮਿਸ਼ਨਰੇਟ ਪੁਲਸ ਨੂੰ ਉਸ ਸਮੇਂ ਭਾਰੀ ਸਫਲਤਾ ਮਿਲੀ ਜਦੋਂ ਏ. ਸੀ. ਪੀ. ਵੈਸਟ ਪਲਵਿੰਦਰ ਸਿੰਘ ਦੀ ਅਗਵਾਈ ਵਿਚ ਥਾਣਾ ਨੰਬਰ 5 ਦੀ ਪੁਲਸ ਨੇ ਬਸਤੀਆਂ ਇਲਾਕੇ ਦੇ ਬਦਮਾਸ਼ ਅਜੈਪਾਲ ਸਿੰਘ ਉਰਫ ਨਿਹੰਗ ਪੁੱਤਰ ਇੰਦਰਜੀਤ ਸਿੰਘ ਨਿਵਾਸੀ ਉੱਤਮ ਨਗਰ ਬਸਤੀ ਸ਼ੇਖ ਨੂੰ ਕਾਬੂ ਕਰ ਲਿਆ। ਮੁਲਜ਼ਮ ਕੋਲੋਂ ਪੁਲਸ ਨੇ 7 ਨਾਜਾਇਜ਼ ਹਥਿਆਰ ਅਤੇ 117 ਜ਼ਿੰਦਾ ਕਾਰਤੂਸ ਬਰਾਮਦ ਕੀਤੇ। ਪੱਤਰਕਾਰਾਂ ਨਾਲ ਗੱਲਬਾਤ ਦੌਰਾਨ ਪੁਲਸ ਕਮਿਸ਼ਨਰ ਗੁਰਪ੍ਰੀਤ ਸਿੰਘ ਭੁੱਲਰ ਨੇ ਦੱਸਿਆ ਕਿ ਥਾਣਾ ਨੰਬਰ 5 ਦੇ ਐੱਸ. ਐੱਚ. ਓ. ਰਵਿੰਦਰ ਕੁਮਾਰ ਨੇ ਕਾਲਾ ਸੰਘਿਆਂ ਰੋਡ ਨੇੜੇ ਚੈਕਿੰਗ ਦੌਰਾਨ ਨਿਹੰਗ ਨੂੰ ਗ੍ਰਿਫ਼ਤਾਰ ਕੀਤਾ ਅਤੇ ਉਸ ਕੋਲੋਂ ਇਕ ਦੇਸੀ ਪਿਸਤੌਲ 32 ਬੋਰ ਸਮੇਤ 5 ਜ਼ਿੰਦਾ ਕਾਰਤੂਸ ਬਰਾਮਦ ਕੀਤੇ। ਨਿਹੰਗ ਖ਼ਿਲਾਫ਼ ਥਾਣਾ ਨੰਬਰ 5 ਵਿਚ ਮਾਮਲੇ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ।
ਇਹ ਵੀ ਪੜ੍ਹੋ : ਮਾਮੇ ਨੇ ਖੋਲ੍ਹੀ ਸਕੀ ਭਾਣਜੀ ਦੀ ਕਰਤੂਤ, ਪਤੀ ਨਾਲ ਮਿਲ ਕੇ ਉਹ ਕੀਤਾ ਜੋ ਸੋਚਿਆ ਨਾ ਸੀ
ਭੁੱਲਰ ਨੇ ਦੱਸਿਆ ਕਿ ਮੌਕੇ 'ਤੇ ਨਿਹੰਗ ਕੋਲੋਂ ਇਕ ਦੇਸੀ ਪਿਸਤੌਲ 32 ਬੋਰ ਸਮੇਤ 5 ਜ਼ਿੰਦਾ ਕਾਰਤੂਸ ਬਰਾਮਦ ਹੋਣ ਦੇ ਨਾਲ ਹੀ ਉਸ ਦੀ ਨਿਸ਼ਾਨਦੇਹੀ 'ਤੇ ਉਸ ਦੇ ਘਰ ਵਿਚੋਂ 4 ਨਾਜਾਇਜ਼ ਪਿਸਤੌਲ 315 ਬੋਰ ਸਮੇਤ 16 ਜ਼ਿੰਦਾ ਕਾਰਤੂਸ, 16 ਜ਼ਿੰਦਾ ਕਾਰਤੂਸ 12 ਬੋਰ ਬਰਾਮਦ ਕੀਤੇ ਗਏ। ਇਸ ਤੋਂ ਇਲਾਵਾ ਮੁਲਜ਼ਮ ਨਿਹੰਗ ਵੱਲੋਂ ਗਰੀਨ ਐਵੇਨਿਊ ਸਥਿਤ ਆਪਣੇ ਸਹੁਰੇ ਘਰ ਵਿਚ ਲੁਕੋਈ ਇਕ ਪਿਸਤੌਲ 32 ਬੋਰ ਸਮੇਤ 2 ਮੈਗਜ਼ੀਨ ਅਤੇ 80 ਜ਼ਿੰਦਾ ਕਾਰਤੂਸ 32 ਬੋਰ ਅਤੇ ਇਕ ਪਿਸਤੌਲ 315 ਬੋਰ ਬਰਾਮਦ ਕੀਤੇ ਹਨ।
ਇਹ ਵੀ ਪੜ੍ਹੋ : ਫਿਰ ਵਾਪਰੀ ਪਟਿਆਲਾ ਵਾਲੀ ਘਟਨਾ, ਵੱਢ ਕੇ ਜ਼ਮੀਨ 'ਤੇ ਸੁੱਟਿਆ ਨੌਜਵਾਨ ਦਾ ਹੱਥ, ਖੁਦ ਚੁੱਕ ਕੇ ਪੁੱਜਾ ਹਸਪਤਾਲ
ਪੁਲਸ ਕਮਿਸ਼ਨਰ ਨੇ ਦੱਸਿਆ ਕਿ 21 ਅਕਤੂਬਰ 2020 ਨੂੰ ਨਿਹੰਗ ਨੇ ਆਪਣੇ ਸਾਥੀ ਪਵਨ ਉਰਫ ਟਿੱਕਾ ਅਤੇ ਰੂਪ ਨਾਲ ਮਿਲ ਕੇ ਰਜਤ ਭਾਟੀਆ ਦੇ ਮੂੰਹ ਵਿਚ ਪਿਸਤੌਲ ਪਾ ਕੇ ਉਸ ਕੋਲੋਂ 2 ਲੱਖ ਰੁਪਏ ਦੀ ਫਿਰੌਤੀ ਮੰਗੀ ਸੀ ਅਤੇ ਉਸ ਨੂੰ ਜਾਨੋਂ ਮਾਰਨ ਦੀਆਂ ਧਮਕੀਆਂ ਦਿੱਤੀਆਂ ਸਨ। ਥਾਣਾ ਨੰਬਰ 5 ਵਿਚ ਇਸ ਸਬੰਧੀ ਕੇਸ ਵੀ ਦਰਜ ਹੈ। ਨਿਹੰਗ ਦੀ ਉਮਰ 30 ਸਾਲ ਦੇ ਲਗਭਗ ਹੈ ਅਤੇ ਉਸ ਨੇ ਦਸਵੀਂ ਤੱਕ ਪੜ੍ਹਾਈ ਕੀਤੀ ਹੈ। ਗਲਤ ਸੰਗਤ ਵਿਚ ਪੈਣ ਕਾਰਣ ਉਹ ਜ਼ੁਰਮ ਦੀ ਦੁਨੀਆ ਵਿਚ ਜਾ ਵੜਿਆ। ਨਿਹੰਗ ਖ਼ਿਲਾਫ਼ ਕਤਲ ਕੇਸ, ਕਤਲ ਦੀ ਕੋਸ਼ਿਸ਼ ਅਤੇ ਐੱਨ. ਡੀ. ਪੀ. ਐੱਸ. ਐਕਟ ਸਮੇਤ 7 ਕੇਸ ਦਰਜ ਹਨ। ਨਿਹੰਗ ਇਨ੍ਹਾਂ ਕੇਸਾਂ ਵਿਚ ਕਪੂਰਥਲਾ ਤੇ ਪਟਿਆਲਾ ਜੇਲਾਂ ਵਿਚ ਵੀ ਬੰਦ ਰਹਿ ਚੁੱਕਾ ਹੈ।
ਇਹ ਵੀ ਪੜ੍ਹੋ : ਦਿਲ ਵਲੂੰਧਰਣ ਵਾਲੀ ਘਟਨਾ, ਪਿਤਾ ਨਾਲ ਪੱਠੇ ਕੁਤਰ ਰਹੀ ਧੀ ਆਈ ਇੰਜਣ ਦੀ ਲਪੇਟ 'ਚ
ਭੁੱਲਰ ਨੇ ਦੱਸਿਆ ਕਿ ਮੁਲਜ਼ਮ ਨਿਹੰਗ ਨੂੰ ਅਦਾਲਤ ਵਿਚ ਪੇਸ਼ ਕਰ ਕੇ ਉਸ ਦਾ ਦੋ ਦਿਨਾਂ ਦਾ ਪੁਲਸ ਰਿਮਾਂਡ ਹਾਸਲ ਕੀਤਾ ਗਿਆ ਹੈ ਤੇ ਜਾਂਚ ਕੀਤੀ ਜਾ ਰਹੀ ਹੈ ਕਿ ਉਸ ਨੇ ਉਕਤ ਅਸਲਾ ਕਿਥੋਂ ਖਰੀਦਿਆ ਸੀ ਅਤੇ ਉਸ ਨੇ ਕਿਹੜੀਆਂ-ਕਿਹੜੀਆਂ ਵਾਰਦਾਤਾਂ ਨੂੰ ਅੰਜਾਮ ਦੇਣਾ ਸੀ। ਭੁੱਲਰ ਨੇ ਏ. ਸੀ. ਪੀ. ਵੈਸਟ ਅਤੇ ਥਾਣਾ ਨੰਬਰ 5 ਦੇ ਐੱਸ. ਐੱਚ. ਓ. ਨੂੰ ਵਧਾਈ ਦਿੰਦਿਆਂ ਕਿਹਾ ਕਿ ਨਿਹੰਗ ਨੂੰ ਫੜਨ ਵਾਲੀ ਟੀਮ ਨੂੰ ਇਨਾਮ ਦੇਣ ਤੋਂ ਇਲਾਵਾ ਸਨਮਾਨਿਤ ਵੀ ਕੀਤਾ ਜਾਵੇਗਾ।
ਇਹ ਵੀ ਪੜ੍ਹੋ : ਸ਼ਰੇਆਮ ਵਾਲਾਂ ਤੋਂ ਫੜ ਕੇ ਧੂਹ-ਧੂਹ ਕੁੱਟੀ ਜਨਾਨੀ, ਹੈਰਾਨ ਕਰਨ ਵਾਲਾ ਹੈ ਪੂਰਾ ਮਾਮਲਾ