ਹੈਰੋਇਨ ਦੀ ਸਮੱਗਲਿੰਗ ਕਰਨ ਵਾਲਾ ਨਾਈਜੀਰੀਅਨ ਗ੍ਰਿਫਤਾਰ
Wednesday, Sep 20, 2017 - 06:47 AM (IST)

ਅੰਮ੍ਰਿਤਸਰ, (ਸੰਜੀਵ)- ਹੈਰੋਇਨ ਦੀ ਸਮੱਗਲਿੰਗ ਕਰਨ ਆਏ ਨਾਈਜੀਰੀਆ ਦੇ ਰਹਿਣ ਵਾਲੇ ਪਾਲ ਕਿਲਚੀ ਊਕਵੈਸਕੀ ਨੂੰ ਜ਼ਿਲਾ ਪੁਲਸ ਨੇ ਗ੍ਰਿਫਤਾਰ ਕੀਤਾ ਹੈ, ਜਿਸ ਦੇ ਕਬਜ਼ੇ 'ਚੋਂ 260 ਗ੍ਰਾਮ ਹੈਰੋਇਨ ਬਰਾਮਦ ਹੋਈ, ਜਿਸ ਦੀ ਅੰਤਰਰਾਸ਼ਟਰੀ ਬਾਜ਼ਾਰ ਵਿਚ ਕੀਮਤ ਕਰੀਬ 1.30 ਕਰੋੜ ਰੁਪਏ ਦੱਸੀ ਜਾਂਦੀ ਹੈ। ਮੂਲ ਰੂਪ 'ਚ ਨਾਈਜੀਰੀਆ ਦਾ ਰਹਿਣ ਵਾਲਾ ਉਕਤ ਮੁਲਜ਼ਮ ਪਿਛਲੇ ਲੰਬੇ ਸਮੇਂ ਤੋਂ ਦਿੱਲੀ ਸਥਿਤ ਤੁਗਲਕਾਬਾਦ ਐਕਸਟੈਂਸ਼ਨ ਦੀ ਗਲੀ ਨੰਬਰ 37 ਵਿਚ ਰਹਿ ਰਿਹਾ ਸੀ ਅਤੇ ਭਾਰਤ ਦੇ ਵੱਖ-ਵੱਖ ਖੇਤਰਾਂ 'ਚ ਹੈਰੋਇਨ ਦੀ ਸਪਲਾਈ ਦਾ ਧੰਦਾ ਚਲਾ ਰਿਹਾ ਸੀ। ਪੁਲਸ ਨੇ ਮੁਲਜ਼ਮ ਵਿਰੁੱਧ ਐੱਨ. ਡੀ. ਪੀ. ਐੱਸ. ਐਕਟ ਅਧੀਨ ਕੇਸ ਦਰਜ ਕਰ ਕੇ ਉਸ ਨੂੰ ਮਾਣਯੋਗ ਅਦਾਲਤ ਦੇ ਨਿਰਦੇਸ਼ਾਂ 'ਤੇ ਜਾਂਚ ਲਈ ਪੁਲਸ ਰਿਮਾਂਡ 'ਤੇ ਲਿਆ ਹੈ।
ਇਹ ਖੁਲਾਸਾ ਡੀ. ਸੀ. ਪੀ. ਇਨਵੈਸਟੀਗੇਸ਼ਨ ਜਗਮੋਹਨ ਸਿੰਘ ਨੇ ਅੱਜ ਇਕ ਪੱਤਰਕਾਰ ਸੰਮੇਲਨ ਦੌਰਾਨ ਕੀਤਾ। ਇਸ ਮੌਕੇ ਉਨ੍ਹਾਂ ਨਾਲ ਏ. ਸੀ. ਪੀ. ਸਰਬਜੀਤ ਸਿੰਘ ਤੇ ਇੰਸਪੈਕਟਰ ਜੋਗਾ ਸਿੰਘ ਵੀ ਸਨ। ਉਨ੍ਹਾਂ ਦੱਸਿਆ ਕਿ ਹਾਲ ਹੀ 'ਚ ਪੁਲਸ ਵੱਲੋਂ ਮਹਿੰਦਰ ਸਿੰਘ ਨਾਂ ਦੇ ਨੌਜਵਾਨ ਨੂੰ 50 ਗ੍ਰਾਮ ਹੈਰੋਇਨ ਨਾਲ ਗ੍ਰਿਫਤਾਰ ਕੀਤਾ ਗਿਆ ਸੀ, ਜਿਸ ਦੀ ਜਾਂਚ ਦੌਰਾਨ ਮਹਿੰਦਰ ਸਿੰਘ ਨੇ ਉਕਤ ਨਾਈਜੀਰੀਅਨ ਦਾ ਖੁਲਾਸਾ ਕੀਤਾ ਅਤੇ ਪੁਲਸ ਨੂੰ ਦੱਸਿਆ ਕਿ ਉਹ ਅੰਮ੍ਰਿਤਸਰ ਵਿਚ ਅਕਸਰ ਹੈਰੋਇਨ ਦੀ ਸਪਲਾਈ ਲਈ ਆਉਂਦਾ ਹੈ, ਜਿਸ 'ਤੇ ਪੁਲਸ ਨੇ ਅੱਜ ਸੂਚਨਾ ਦੇ ਆਧਾਰ 'ਤੇ ਮਜੀਠਾ ਰੋਡ ਸਥਿਤ 88 ਫੁੱਟ ਰੋਡ 'ਤੇ ਨਾਕਾਬੰਦੀ ਕਰ ਕੇ ਇਕ ਥ੍ਰੀ-ਵ੍ਹੀਲਰ ਤੋਂ ਉਤਰ ਰਹੇ ਉਕਤ ਨਾਈਜੀਰੀਅਨ ਨੂੰ ਗ੍ਰਿਫਤਾਰ ਕਰ ਲਿਆ, ਜਿਸ ਦੀ ਤਲਾਸ਼ੀ ਦੌਰਾਨ ਉਸ ਦੇ ਕਬਜ਼ੇ 'ਚੋਂ ਹੈਰੋਇਨ ਬਰਾਮਦ ਹੋਈ। ਪੁਲਸ ਮੁਲਜ਼ਮ ਤੋਂ ਗੰਭੀਰਤਾ ਨਾਲ ਜਾਂਚ ਕਰ ਰਹੀ ਹੈ ਅਤੇ ਬਹੁਤ ਛੇਤੀ ਉਸ ਤੋਂ ਕਈ ਅਹਿਮ ਖੁਲਾਸੇ ਹੋਣ ਦੀ ਵੀ ਸੰਭਾਵਨਾ ਹੈ।