ਸਰਕਾਰ ਆਉਣ 'ਤੇ CM ਚੰਨੀ ਦੀਆਂ ਗ਼ੈਰ-ਕਾਨੂੰਨੀ ਸਰਗਰਮੀਆਂ ਦੀ ਕਰਾਂਗੇ ਜਾਂਚ: ਸੁਖਬੀਰ ਬਾਦਲ
Tuesday, Feb 01, 2022 - 05:54 PM (IST)
ਬਠਿੰਡਾ (ਵਰਮਾ)-ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਅੱਜ ਕਿਹਾ ਕਿ ਅਗਲੀ ਅਕਾਲੀ ਦਲ ਤੇ ਬਸਪਾ ਗਠਜੋੜ ਸਰਕਾਰ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਦੀਆਂ ਸਾਰੀਆਂ ਗੈਰ-ਕਾਨੂੰਨੀ ਸਰਗਰਮੀਆਂ, ਖਾਸ ਤੌਰ ’ਤੇ ਉਨ੍ਹਾਂ ਦੇ ਸੂਬੇ ਵਿਚ ਰੇਤ ਮਾਫੀਆ ਦੇ ਸਰਗਨੇ ਹੋਣ ਦੀ ਭੂਮਿਕਾ ਦੀ ਜਾਂਚ ਕਰੇਗੀ। ਅਕਾਲੀ ਦਲ ਪ੍ਰਧਾਨ ਪਾਰਟੀ ਦੇ ਉਮੀਦਵਾਰ ਸਰੂਪ ਚੰਦ ਸਿੰਗਲਾ ਵੱਲੋਂ ਉਦਯੋਗਪਤੀਆਂ ਤੇ ਵਪਾਰੀਆਂ ਨਾਲ ਆਯੋਜਿਤ ਕੀਤੀ ਗਈ ਮੀਟਿੰਗ ਵਿਚ ਭਾਗ ਲੈਣ ਇੱਥੇ ਆਏ ਸਨ। ਬਾਦਲ ਨੇ ਕਿਹਾ ਕਿ ਮੁੱਖ ਮੰਤਰੀ ਜਿਨ੍ਹਾਂ ਨੇ ਨਾ ਸਿਰਫ ਗੈਰ ਕਾਨੂੰਨੀ ਮਾਈਨਿੰਗ ਨੂੰ ਉਤਸ਼ਾਹਿਤ ਕੀਤਾ, ਬਲਕਿ ਆਪਣੇ ਅਫਸਰਾਂ ਨੂੰ ਟਿੱਬਿਆਂ ਨੂੰ ਪੱਧਰ ਕਰ ਕੇ ਮਾਈਨਿੰਗ ਕਰਨ ਦੀ ਇਜਾਜ਼ਤ ਦੇਣ ਦੀਆਂ ਹਦਾਇਤਾਂ ਦੇਣ ਦੀ ਗੱਲ ਕਬੂਲੀ ਹੈ, ਦੇ ਮਾਮਲੇ ਵਿਚ ਕਾਨੂੰਨ ਆਪਣਾ ਕੰਮ ਕਰੇਗਾ। ਉਨ੍ਹਾਂ ਕਿਹਾ ਕਿ ਅਸੀਂ ਸਾਰੇ ਮਾਮਲੇ ਦੀ ਜਾਂਚ ਦੇ ਹੁਕਮ ਦੇਵਾਂਗੇ ਤੇ ਮੁੱਖ ਮੰਤਰੀ ਸਮੇਤ ਜਿਹੜੇ ਵੀ ਦੋਸ਼ੀ ਹੋਣਗੇ ਉਨ੍ਹਾਂ ਨੂੰ ਇਕੱਠਾ ਕੀਤਾ ਨਾਜਾਇਜ਼ ਪੈਸਾ ਵਾਪਸ ਕਰਨ ਲਈ ਮਜਬੂਰ ਕਰਾਂਗੇ।
ਇਹ ਵੀ ਪੜ੍ਹੋ : ਵੱਡੀ ਖ਼ਬਰ : ਬਿਕਰਮ ਮਜੀਠੀਆ ਨੇ ਕਬੂਲੀ ਸਿੱਧੂ ਦੀ ਚੁਣੌਤੀ, ਸਿਰਫ ਅੰਮ੍ਰਿਤਸਰ ਪੂਰਬੀ ਤੋਂ ਲੜਨਗੇ ਚੋਣ (ਵੀਡੀਓ)
ਇਕ ਸਵਾਲ ਦੇ ਜਵਾਬ ਵਿਚ ਅਕਾਲੀ ਦਲ ਦੇ ਪ੍ਰਧਾਨ ਨੇ ਭਦੌੜ ਹਲਕੇ ਤੋਂ ਮੁੱਖ ਮੰਤਰੀ ਦੀ ਕਰਾਰੀ ਹਾਰ ਦੀ ਭਵਿੱਖਬਾਣੀ ਕੀਤੀ। ਉਨ੍ਹਾਂ ਕਿਹਾ ਕਿ ਚੰਨੀ ਜਾਣਦੇ ਹਨ ਕਿ ਉਹ ਚਮਕੌਰ ਸਾਹਿਬ ਹਲਕੇ ਤੋਂ ਹਾਰ ਰਹੇ ਹਨ, ਇਸੇ ਕਾਰਨ ਉਨ੍ਹਾਂ ਨੇ ਭਦੌੜ ਸੀਟ ਤੋਂ ਚੋਣ ਲੜਨ ਦਾ ਫੈਸਲਾ ਕੀਤਾ ਹੈ।ਉਨ੍ਹਾਂ ਕਿਹਾ ਕਿ 10 ਮਾਰਚ ਨੂੰ ਦੋਵੇਂ ਸੀਟਾਂ ਹਾਰਨ ਤੋਂ ਬਾਅਦ ਉਨ੍ਹਾਂ ਦੀ ਅਹਿਮੀਅਤ ਖਤਮ ਹੋ ਜਾਵੇਗੀ। ਇਕ ਹੋਰ ਸਵਾਲ ਦੇ ਜਵਾਬ ਵਿਚ ਬਾਦਲ ਨੇ ਕਿਹਾ ਕਿ ਬਠਿੰਡਾ ਦੇ ਲੋਕ ਜਾਣਦੇ ਹਨ ਕਿ ਵਿੱਤ ਮੰਤਰੀ ਮਨਪ੍ਰੀਤ ਸਿੰਘ ਬਾਦਲ ਲੋਕਾਂ ਨਾਲ ਕੀਤੇ ਆਪਣੇ ਸਾਰੇ ਵਾਅਦਿਆਂ ਤੋਂ ਭੱਜ ਗਏ ਹਨ। ਭਾਵੇਂ ਉਹ ਥਰਮਲ ਪਲਾਂਟ ਸੁਰਜੀਤ ਕਰਨ ਦਾ ਵਾਅਦਾ ਹੋਵੇ ਜਾਂ ਫਿਰ ਹਲਕੇ ਵਿਚ ਸਨਅਤ ਲਿਆਉਣ ਦਾ ਉਨ੍ਹਾਂ ਨੇ ਆਪਣਾ ਕੋਈ ਵਾਅਦਾ ਪੂਰਾ ਨਹੀਂ ਕੀਤਾ। ਇਕੱਠ ਨੂੰ ਸੰਬੋਧਨ ਕਰਦਿਆਂ ਅਕਾਲੀ ਦਲ ਦੇ ਪ੍ਰਧਾਨ ਨੇ ਆਮ ਆਦਮੀ ਪਾਰਟੀ ਨੂੰ ਇਕ ਸੋਲਿਡ ਵੇਸਟ ਮੈਨੇਜਮੈਂਟ ਕੰਪਨੀ ਕਰਾਰ ਦਿੰਦਿਆਂ ਕਿਹਾ ਕਿ ‘ਆਪ’ ਨੇ ਹੁਣ ਉਹ ਉਮੀਦਵਾਰ ਖੜ੍ਹੇ ਕੀਤੇ ਹਨ, ਜਿਨ੍ਹਾਂ ਨੂੰ ਹੋਰ ਪਾਰਟੀਆਂ ਨੇ ਠੁਕਰਾ ਦਿੱਤਾ ਹੈ, ਜਿਵੇਂ ਕਿ ਉਨ੍ਹਾਂ ਨੇ ਬਠਿੰਡਾ ਦਿਹਾਤੀ ਹਲਕੇ ਤੋਂ ਉਸ ਪਾਰਟੀ ਨੂੰ ਟਿਕਟ ਦਿੱਤੀ ਹੈ, ਜਿਸਨੂੰ ਅਕਾਲੀ ਦਲ ਨੇ ਮਾਸੂਮ ਲੋਕਾਂ ਨੂੰ ਲੁੱਟਣ ਦੇ ਦੋਸ਼ਾਂ ਵਿਚ ਪਾਰਟੀ ਵਿਚੋਂ ਕੱਢਿਆ ਸੀ। ਇਸ ਮੌਕੇ ਮੋਹਿਤ ਗੁਪਤਾ, ਅਮਿਤ ਕਪੂਰ ਤੇ ਬਲਕਾਰ ਬਰਾੜ ਹਾਜ਼ਰ ਸਨ।
ਇਹ ਵੀ ਪੜ੍ਹੋ : ਨਵਜੋਤ ਸਿੱਧੂ ਦੇ ਹਮਲੇ ਦਾ ਬਿਕਰਮ ਮਜੀਠੀਆ ਨੇ ਦਿੱਤਾ ਠੋਕਵਾਂ ਜਵਾਬ (ਵੀਡੀਓ)