ਅਗਲੀ ਅਕਾਲੀ ਦਲ ਤੇ ਬਸਪਾ ਸਰਕਾਰ ਮਨਰੇਗਾ ਫੰਡਾਂ ਦੇ ਘੁਟਾਲੇ ਦੀ ਕਰਵਾਏਗੀ ਜਾਂਚ : ਸੁਖਬੀਰ ਬਾਦਲ

Sunday, Nov 14, 2021 - 08:30 PM (IST)

ਲੁਧਿਆਣਾ(ਗਿੱਲ)- ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸਰਦਾਰ ਸੁਖਬੀਰ ਸਿੰਘ ਬਾਦਲ ਨੇ ਅੱਜ ਕਿਹਾ ਕਿ ਅਗਲੀ ਅਕਾਲੀ ਦਲ ਤੇ ਬਸਪਾ ਗਠਜੋੜ ਸਰਕਾਰ ਕਾਂਗਰਸ ਦੇ ਆਗੂਆਂ ਵੱਲੋਂ ਮਨਰੇਗਾ ਫੰਡਾਂ ਵਿਚ ਕੀਤੇ ਘੁਟਾਲੇ ਦੀ ਜਾਂਚ ਦੇ ਹੁਕਮ ਦੇਵੇਗੀ ਅਤੇ ਉਨ੍ਹਾਂ ਤੋਂ ਵਸੂਲਿਆ ਪੈਸਾ ਜਨਤਕ ਕੰਮਾਂ ’ਤੇ ਖਰਚ ਕਰੇਗੀ।

ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ, ਜਿਨ੍ਹਾਂ ਨੇ ਇਸ ਹਲਕੇ ਵਿਚ ਵੱਖ ਵੱਖ ਜਨਤਕ ਪ੍ਰੋਗਰਾਮਾਂ ਨੁੰ ਸੰਬੋਧਨ ਕੀਤਾ, ਨੇ ਕਿਹਾ ਕਿ ਕਾਂਗਰਸੀ ਆਗੂਆਂ ਨੇ ਜਾਅਲੀ ਬਿੱਲਾਂ ਦੇ ਨਾਲ-ਨਾਲ ਟਾਈਲਾਂ, ਪੇਵਰ ਤੇ ਹੋਰ ਉਸਾਰੀ ਕੰਮਾਂ ਦੇ ਵਾਧੂ ਪੈਸੇ ਲੈ ਕੇ ਮਨਰੇਗਾ ਫੰਡਾਂ ਵਿਚ ਹਜ਼ਾਰਾਂ ਕਰੋੜਾਂ ਰੁਪਏ ਦਾ ਘੁਟਾਲਾ  ਕੀਤਾ ਹੈ। ਉਨ੍ਹਾਂ ਕਿਹਾ ਕਿ ਕਾਂਗਰਸੀ ਆਗੂਆਂ ਨੇ ਆਪੋ ਆਪਣੀਆਂ ਟਾਈਲ ਫੈਕਟਰੀਆਂ ਲਗਾ ਲਈਆਂ ਅਤੇ ਉਹ ਸਰਕਾਰੀ ਕੰਮਾਂ ਵਾਸਤੇ ਘਟੀਆ ਮਿਆਰ ਦਾ ਸਮਾਨ ਸਪਲਾਈ ਕਰਦੇ ਰਹੇ। ਉਨ੍ਹਾਂ ਕਿਹਾ ਕਿ ਇਨ੍ਹਾਂ ਸਭ ਗਲਤ ਕੰਮਾਂ ਦੀ ਪੜਤਾਲ ਕਰਵਾਈ ਜਾਵੇਗੀ ਤੇ ਦੋਸ਼ੀਆਂ ਦੇ ਖ਼ਿਲਾਫ਼ ਭ੍ਰਿਸ਼ਟਾਚਾਰ ਦੇ ਕੇਸ ਦਰਜ ਕੀਤੇ ਜਾਣਗੇ।

ਇਹ ਵੀ ਪੜ੍ਹੋ- ਡਾ. ਵੇਰਕਾ ਵੱਲੋਂ ਘੁਮਾਣ ਵਿਖੇ ਭਗਤ ਨਾਮਦੇਵ ਭਵਨ ਦੀ ਉਸਾਰੀ ਲਈ 5 ਕਰੋੜ ਰੁਪਏ ਗ੍ਰਾਂਟ ਦੇਣ ਦਾ ਐਲਾਨ
ਸਰਦਾਰ ਸੁਖਬੀਰ ਸਿੰਘ ਬਾਦਲ ਨੇ ਕਿਹਾ ਕਿ ਉਨ੍ਹਾਂ ਨੂੰ ਸ਼ਿਕਾਹਿਤਾਂ ਮਿਲੀਆਂ ਹਨ ਕਿ ਸੁਬੇ ਭਰ ਵਿਚ ਅਨਾਜ ਮੰਡੀਆਂ ਪਹਿਲਾਂ ਹੀ ਬੰਦ ਕਰ ਦਿੱਤੀਆਂ ਗਈਆਂ ਹਨ ਜਦੋਂ ਕਿ ਸੂਬੇ ਵਿਚ ਝੋਨੇ ਦੀ ਵਾਢੀ ਹਾਲੇ ਪੂਰੀ ਤਰ੍ਹਾਂ ਮੁਕੰਮਲ ਨਹੀਂ ਹੋਈ। ਉਨ੍ਹਾਂ ਕਿਹਾ ਕਿ ਅਜਿਹਾ ਕੇਂਦਰ ਦੇ ਦਬਾਅ ਹੇਠ ਕੀਤਾ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਹੁਣ ਕਿਸਾਨ ਸਸਤੇ ਭਾਅ ਆਪਣੀ ਜਿਣਸ ਵੇਚਣ ਲਈ ਮਜਬੂਰ ਹੋਣਗੇ।

ਸਰਦਾਰ ਬਾਦਲ ਨੇ ਇਹ ਵੀ ਕਿਹਾ ਕਿ ਕਿਵੇਂ ਸਰਕਾਰ ਸੂਬੇ ਵਿਚ ਡੇਂਗੂ ਦੇ ਪਸਾਰ ਤੋਂ ਮੂੰਹ ਮੋੜ ਕੇ ਬੈਠੀ ਹੈ। ਉਨ੍ਹਾਂ ਕਿਹਾ ਕਿ ਸੁਬੇ ਵਿਚ ਡੇਂਗੂ ਦੇ ਕੇਸ 20 ਹਜ਼ਾਰ ਦਾ ਅੰਕੜਾ ਪਾਰ ਕਰ ਗਏ ਹਨ ਪਰ ਇਸਦਾ ਪਸਾਰ ਰੋਕਣ ਵਾਸਤੇ ਕੁਝ ਨਹੀਂ ਕੀਤਾ ਗਿਆ। ਉਨ੍ਹਾਂ ਕਿਹਾ ਕਿ ਸਰਕਾਰ ਉਸੇ ਤਰੀਕੇ ਪੇਸ਼ ਆ ਰਹੀ ਹੈ ਜਿਵੇਂ ਕੋਰੋਨਾ ਵੇਲੇ ਆਈ ਸੀ ਤੇ 17 ਹਜ਼ਾਰ ਪੰਜਾਬੀਆਂ ਨੇ ਆਪਣੀਆਂ ਜਾਨਾਂ ਗੁਆਈਆਂ ਸਨ।

ਆਮ ਆਦਮੀ ਪਾਰਟੀ ਦੀ ਗੱਲ ਕਰਦਿਆਂ ਸਰਦਾਰ ਬਾਦਲ ਨੇ ਕਿਹਾ ਕਿ ਇਸਦੇ ਕਨਵੀਨਰ ਅਰਵਿੰਦ ਕੇਜਰੀਵਾਲ ਉਸੇ ਤਰੀਕੇ ਪੰਜਾਬੀਆਂ ਨੁੰ ਮੂਰਖ ਬਣਾਉਣ ਦਾ ਯਤਨ ਕਰ ਰਹੇ ਹਨ ਜਿਵੇਂ ਪਹਿਲਾਂ ਕੈਪਟਨ ਅਮਰਿੰਦਰ ਸਿੰਘ ਨੇ ਕੀਤਾ ਸੀ। ਉਨ੍ਹਾਂ ਕਿਹਾ ਕਿ ਕੇਜਰੀਵਾਲ ਹਰ ਪੰਦਰਾਂ ਦਿਨ ਬਾਅਦ ਪੰਜਾਬ ਆ ਟਪਕਦੇ ਹਨ ਤੇ ਆਪਣੀ ਇਕ ਗਰੰਟੀ ਦੀ ਗੱਲ ਕਰਨ ਲੱਗ ਪੈਂਦੇ ਹਨ। ਉਨ੍ਹਾਂ ਕਿਹਾ ਕਿ ਅਜਿਹਾ ਜਾਪਦਾ ਹੈ ਕਿ ਉਨ੍ਹਾਂ ਨੂੰ ਸੂਬੇ ਦੀ ਇਕਾਈ ਵਿਚੋਂ ਕਿਸੇ ’ਤੇ ਵੀ ਗਰੰਟੀ ਦੇਣ ਲਈ ਭਰੋਸਾ ਨਹੀਂ ਹਨ ਹਾਲਾਂਕਿ ਉਹ ਆਪਣ ਦਿੱਲੀ ਦੇ ਲੋਕਾਂ ਨਾਲ ਕੀਤੇ ਵਾਅਦੇ ਪੂਰੇ ਕਰਨ ਵਿਚ ਨਾਕਾਮ ਰਹੇ ਹਨ।
ਬਾਅਦ ਵਿਚ ਜਦੋਂ ਉਨ੍ਹਾਂ ਤੋਂ ਮੀਡੀਆ ਵਿਚ ਜਾਰੀ ਕੀਤੇ ਸਰਵੇਖਣ ਰਿਪੋਰਟਾਂ ਬਾਰੇ ਪੁੱਛਿਆ ਗਿਆ ਤਾਂ ਸਰਦਾਰ ਬਾਦਲ ਨੇ ਕਿਹਾ ਕਿ ਇਹ ਸਿਰਫ ਇਕ ਕਮਰਸੀਅਲ ਕਾਰਵਾਈ ਹੇ। ਉਨ੍ਹਾਂ ਕਿਹਾ ਕਿ ਜੋ ਵੀ ਸਭ ਤੋਂ ਵੱਧ ਪੈਸਾ ਦਿੰਦਾ ਹੈ, ਉਹ ਲਿਸਟ ਵਿਚ ਸਭ ਤੋਂ ਉਪਰ ਪਹੁੰਚ ਜਾਂਦਾ ਹੈ। ਉਨ੍ਹਾਂ ਕਿਹਾ ਕਿ ਅਕਾਲੀ ਦਲ ਅਜਿਹੀਆਂ ਬੋਗਸ ਕਾਰਵਾਈਆਂ ਵਿਚ ਵਿਸ਼ਵਾਸ ਨਹੀਂ ਰੱਖਦਾ। ਉਨ੍ਹਾਂ ਕਿਹਾ ਕਿ ਮੈਂ ਸੂਬੇ ਦਾ ਦੌਰਾ ਕਰ ਰਿਹਾ ਹਾਂ ਤੇ ਮੈਨੂੰ ਮਹਿਸੂਸ ਹੁੰਦਾ ਹੈ ਕਿ ਲੋਕਾਂ ਦਾ ਝੁਕਾਅ ਅਕਾਲੀ ਦਲ ਦੇ ਪੱਖ ਵਿਚ ਹੈ। ਉਨ੍ਹਾਂ ਕਿਹਾ ਕਿ ਲੋਕ ਭ੍ਰਿਸ਼ਟ ਤੇ ਘੁਟਾਲਿਆਂ ਭਰੀ ਕਾਂਗਰਸ ਸਰਕਾਰ ਨੂੰ ਸਬਕ ਸਿਖਾਉਣਾ ਚਾਹੁੰਦੇ ਹਨ ਤੇ ਮਹਿਸੂਸ ਕਰਦੇ ਹਨ ਕਿ ਆਪ ਸਿਰਫ ਵਿਘਨ ਪਾਊ ਰਾਜਨੀਤੀ ਵਿਚ ਵਿਸ਼ਵਾਰ ਰੱਖਦੀ ਹੈ। ਉਨ੍ਹਾਂ ਕਿਹਾ ਕਿ ਲੋਕ ਸਰਵ ਪੱਖੀ ਵਿਕਾਸ ਵਾਸਤੇ ਅਕਾਲੀ ਦਲ ਨੂੰ ਵੋਟਾਂ ਪਾਉਣਗੇ।

ਇਹ ਵੀ ਪੜ੍ਹੋ : ਨਵਜੋਤ ਕੌਰ ਸਿੱਧੂ ਦਾ ਕੈਪਟਨ ’ਤੇ ਸ਼ਬਦੀ ਹਮਲਾ, ਕਿਹਾ-ਮੇਰੇ ਪਤੀ ਕਦੀ ਵੀ ਪਿੱਠ ਦਿਖਾ ਕੇ ਪਾਰਟੀ ਨਹੀਂ ਛੱਡਦੇ (ਵੀਡੀਓ)

ਅਕਾਲੀ ਦਲ ਦੇ ਪ੍ਰਧਾਨ ਨੇ ਆਪਣੀ ਦਿਨ ਪਰ ਲੰਬੀ ਮੁਹਿੰਮ ਗਿੱਲ ਹਲਕੇ ਤੋਂ ਅਕਾਲੀ ਦਲ ਤੇ ਬਸਪਾ ਗਠਜੋੜ ਦੇ ਉਮੀਦਵਾਰ ਦਰਸ਼ਨ ਸਿੰਘ ਸ਼ਿਵਾਲਿਕ ਨਾਲ ਮਾਲੇਰੋਕੋਟਲਾ ਰੋਡ ਤੋਂ 5 ਕਿਲੋਮੀਟਰ ਲੰਬੇ ਰੋਡ ਸ਼ੋਅ ਤੋਂ ਕੀਤੀ। ਕੇਸਰੀ ਝੰਡੇ ਲਾਈਂ ਸੈਂਕੜੇ ਊਰਜਾ ਨਾਲ ਭਰਪੂਰ ਨੌਜਵਾਨ ਉਨ੍ਹਾਂ ਦੇ ਨਾਲ ਅੱਗੇ ਚਲ ਰਹੇ ਸਨ।

ਪਿੰਡ ਝੰਡੇ  ਵਿਖੇ ਗੁਰੂ ਨਾਨਕ ਦਰਬਾਰ ਵਿਖੇ ਸੰਸਥਾ ਦੇ ਮੁਖੀ ਸੰਤ ਰਾਮਪਾਲ ਸਿੰਘ ਜੀ ਨੇ ਸੰਗਤ ਦੀ ਅਕਾਲੀ ਦਲ ਨੁੰ ਪੂਰਨ ਹਮਾਇਤ ਦਾ ਐਲਾਨ ਕੀਤਾ। ਅਕਾਲੀ ਦਲ ਦੇ ਪ੍ਰਧਾਨ ਨੇ ਉਨ੍ਹਾਂ ਦਾ ਧੰਨਵਾਦ ਕੀਤਾ ਤੇ ਉਨ੍ਹਾਂ ਨੂੰ ਪਾਰਟੀ ਦਾ ਸੀਨੀਅਰ ਮੀਤ ਪ੍ਰਧਾਨ ਨਿਯੁਕਤ ਕੀਤਾ ਸੀ।

ਦਿਨ ਦੌਰਾਨ ਸਰਦਾਰ ਸੁਖਬੀਰ ਸਿੰਘ ਬਾਦਲ ਨੇ ਵੱਖ ਵੱਖ ਪ੍ਰੋਗਰਾਮਾਂ ਵਿਚ ਵਿਸ਼ਾਲ ਇਕੱਠਾਂ ਨੁੰ ਸੰਬੋਧਨ ਕੀਤਾ। ਲੋਕਾਂ ਨੇ ਉਨ੍ਹਾਂ ਦੀ ਲੀਡਰਸ਼ਿਪ ਵਿਚ ਪੂਰਨ ਭਰੋਸਾ ਪ੍ਰਗਟਾਇਆ ਤੇ ਅਕਾਲੀ ਦਲ ਨੂੰ ਵੋਟਾਂ ਪਾਉਣ ਦਾ ਭਰੋਸਾ ਦਿੱਤਾ। ਸਰਦਾਰ ਬਾਦਲ ਨੇ ਬੱਚਿਆਂ ਨਾਲ ਵੀ ਸਮਾਂ ਬਿਤਾਇਆ ਤੇ ਉਨ੍ਹਾਂ ਦੀ ਡਰਾਇੰਗ ਤੇ ਪੇਂਟਿੰਗ ਵੀ ਵੇਖੀ। ਉਨ੍ਹਾਂ ਨੇ ਨੌਜਵਾਨਾਂ ਨਾਲ ਆਪਣੀ ਜਵਾਨੀ ਵੇਲੇ ਦੇ ਤਜ਼ਰਬੇ ਸਾਂਝੇ ਕੀਤੇ।


Bharat Thapa

Content Editor

Related News