ਸੂਬੇ ’ਚ ਰੇਤਾ ਤੇ ਬੱਜਰੀ ਦੀਆਂ ਨਵੀਆਂ ਖੱਡਾਂ ਦੀ ਪਛਾਣ ਕੀਤੀ ਜਾਵੇਗੀ : ਹਰਜੋਤ ਸਿੰਘ ਬੈਂਸ

09/01/2022 8:34:39 PM

ਚੰਡੀਗੜ੍ਹ (ਬਿਊਰੋ) : ਮੁੱਖ ਮੰਤਰੀ ਪੰਜਾਬ ਭਗਵੰਤ ਸਿੰਘ ਮਾਨ ਵੱਲੋਂ ਰਾਜ ਦੇ ਲੋਕਾਂ ਨੂੰ ਸਸਤਾ ਰੇਤ/ਬੱਜਰੀ ਮੁਹੱਈਆ ਕਰਵਾਉਣ ਲਈ ਪੰਜਾਬ ਸਰਕਾਰ ਵੱਲੋਂ ਨਿੱਜੀ ਜ਼ਮੀਨਾਂ ਦੀ ਖੱਡਾਂ ਵਜੋਂ ਪਛਾਣ ਕਰਨ ਅਤੇ ਉਨ੍ਹਾਂ ਨੂੰ ਪ੍ਰਵਾਨਗੀ ਦੇਣ ਦਾ ਫੈਸਲਾ ਲਿਆ ਗਿਆ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਪੰਜਾਬ ਸੂਬੇ ਦੇ ਖਣਨ ਤੇ ਭੂ ਵਿਗਿਆਨ ਮੰਤਰੀ ਹਰਜੋਤ ਸਿੰਘ ਬੈਂਸ ਨੇ ਦੱਸਿਆ ਕਿ ਸੂਬੇ ’ਚ ਰੇਤਾ/ਬੱਜਰੀ ਦੀਆਂ ਨਵੀਆਂ ਖੱਡਾਂ ਨੂੰ ਪ੍ਰਵਾਨਗੀ ਦੇਣ ਲਈ ਜ਼ਮੀਨ ਮਾਲਕ ਖੱਡਾਂ ਦੀ ਸਵੈ ਪਛਾਣ ਕਰਕੇ ਜ਼ਮੀਨ ਦੀ ਮਾਲਕੀ ਇਸ ਕਾਰਜ ਨਾਲ ਸਬੰਧਤ ਹੋਰ ਦਸਤਾਵੇਜ਼ ਸਬੰਧਤ ਇਲਾਕੇ ਦੇ ਕਾਰਜਕਾਰੀ ਇੰਜੀਨੀਅਰ-ਕਮ-ਜ਼ਿਲ੍ਹਾ ਮਾਈਨਿੰਗ ਦੇ ਦਫ਼ਤਰ ’ਚ ਜਮ੍ਹਾ ਕਰਵਾ ਸਕਦੇ ਹਨ।

ਬੈਂਸ ਨੇ ਦੱਸਿਆ ਕਿ ਨਵੀਆਂ ਖੱਡਾਂ ਸਬੰਧੀ ਪ੍ਰਾਪਤ ਬਿਨੈ ਪੱਤਰਾਂ ਦੀ ਘੋਖ/ਮੁਲਾਂਕਣ/ਮੌਕੇ ਦਾ ਨਿਰੀਖਣ ਸਬ-ਡਵੀਜ਼ਨਲ ਕਮੇਟੀ ਵੱਲੋਂ ਕੀਤਾ ਜਾਵੇਗਾ। ਕਮੇਟੀ ਦੀ ਰਿਪੋਰਟ ਦੇ ਆਧਾਰ ’ਤੇ ਨਵੀਆਂ ਖੱਡਾਂ ਨੂੰ ਜ਼ਿਲ੍ਹਾ ਸਰਵੇ ਰਿਪੋਰਟ ’ਚ ਸ਼ਾਮਲ ਕੀਤਾ ਜਾਵੇਗਾ। ਉਨ੍ਹਾਂ ਦੱਸਿਆ ਕਿ ਇਸ ਸਬੰਧੀ ਹੋਰ ਜਾਣਕਾਰੀ ਵਿਭਾਗ ਦੀ ਵੈੱਬਸਾਈਟ ਤੋਂ ਹਾਸਲ ਕੀਤੀ ਜਾ ਸਕਦੀ ਹੈ। ਬੈਂਸ ਨੇ ਕਿਹਾ ਕਿ ਵਿਭਾਗ ਦੇ ਇਸ ਫੈਸਲੇ ਨਾਲ ਲੋਕਾਂ ਨੂੰ ਜਲਦ ਸਸਤੇ ਭਾਅ ’ਤੇ ਰੇਤਾ, ਬੱਜਰੀ ਮਿਲਣਾ ਸ਼ੁਰੂ ਹੋ ਜਾਵੇਗਾ।


Manoj

Content Editor

Related News