ਸਿੱਧੂ ਦੀ ਗੈਰ-ਹਾਜ਼ਰੀ 'ਚ ਕੈਪਟਨ ਨੇ ਫੜ੍ਹਿਆ 'ਕਰੰਟ'

Wednesday, Jul 10, 2019 - 09:09 PM (IST)

ਸਿੱਧੂ ਦੀ ਗੈਰ-ਹਾਜ਼ਰੀ 'ਚ ਕੈਪਟਨ ਨੇ ਫੜ੍ਹਿਆ 'ਕਰੰਟ'

ਜਲੰਧਰ/ਚੰਡੀਗੜ੍ਹ (ਧਵਨ)-ਪੰਜਾਬ ਦੇ ਬਿਜਲੀ ਮੰਤਰੀ ਨਵਜੋਤ ਸਿੰਘ ਸਿੱਧੂ ਦੀ ਗੈਰ-ਹਾਜ਼ਰੀ ਵਿਚ ਅੱਜ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਪਾਵਰ ਕਾਰਪੋਰੇਸ਼ਨ ਅਤੇ ਬਿਜਲੀ ਬੋਰਡ ਦੇ ਅਧਿਕਾਰੀਆਂ ਨਾਲ ਮੀਟਿੰਗ ਕਰ ਕੇ ਪਾਵਰ ਕਾਰਪੋਰੇਸ਼ਨ ਦੇ ਘਾਟੇ ਨੂੰ ਘੱਟ ਕਰਨ ਲਈ ਬਿਜਲੀ ਅਧਿਕਾਰੀਆਂ ਨੂੰ ਬਿਜਲੀ ਚੋਰੀ ਕਰਨ ਵਾਲਿਆਂ ਖਿਲਾਫ ਛਾਪੇ ਮਾਰਨ ਦੇ ਹੁਕਮ ਜਾਰੀ ਕੀਤੇ। ਜ਼ਿਕਰਯੋਗ ਹੈ ਕਿ ਸਿੱਧੂ ਨੇ ਅਜੇ ਤਕ ਆਪਣੇ ਵਿਭਾਗ ਦਾ ਚਾਰਜ ਨਹੀਂ ਸੰਭਾਲਿਆ, ਇਸ ਲਈ ਮੁੱਖ ਮੰਤਰੀ ਹੀ ਉਨ੍ਹਾਂ ਦੇ ਵਿਭਾਗ ਦੇ ਸਰਕਾਰੀ ਕੰਮਕਾਜ ਨੂੰ ਦੇਖ ਰਹੇ ਹਨ। ਮੁੱਖ ਮੰਤਰੀ ਨੇ ਪਾਕਿਸਤਾਨ ਅਤੇ ਹਰਿਆਣਾ ਨਾਲ ਲੱਗਦੇ ਇਲਾਕਿਆਂ ਵਿਚ ਹੋ ਰਹੀ ਬਿਜਲੀ ਚੋਰੀ 'ਤੇ ਚਿੰਤਾ ਪ੍ਰਗਟ ਕਰਦਿਆਂ ਇਸ ਵੱਲ ਖਾਸ ਧਿਆਨ ਦੇਣ ਲਈ ਕਿਹਾ ਹੈ। ਉਨ੍ਹਾਂ ਮੁੱਖ ਸਕੱਤਰ ਨੂੰ ਨਿਰਦੇਸ਼ ਦਿੱਤੇ ਕਿ ਉਹ ਬਿਜਲੀ ਚੋਰੀ ਰੋਕਣ ਲਈ ਪਾਵਰ ਕਾਰਪੋਰੇਸ਼ਨ ਨੂੰ ਜ਼ਿਲਾ ਪੁਲਸ ਤੇ ਸਿਵਲ ਪ੍ਰਸ਼ਾਸਨ ਦਾ ਸਹਿਯੋਗ ਦਿਵਾਉਣ ਲਈ ਦਿਸ਼ਾ-ਨਿਰਦਸ਼ ਜਾਰੀ ਕਰਵਾਏ।

ਉਨ੍ਹਾਂ ਮੁੱਖ ਸਕੱਤਰ ਨੂੰ ਡੀ. ਜੀ. ਪੀ. ਨਾਲ ਤਾਲਮੇਲ ਕਰਨ ਲਈ ਨਿਰਦੇਸ਼ ਦਿੰਦੇ ਹੋਏ ਕਿਹਾ ਕਿ ਪਾਵਰ ਕਾਰਪੋਰੇਸ਼ਨ ਦੇ ਕਰਮਚਾਰੀਆਂ ਨੂੰ ਪੁਲਸ ਸੁਰੱਖਿਆ ਦਿੱਤੀ ਜਾਣੀ ਚਾਹੀਦੀ ਹੈ ਤਾਂ ਕਿ ਉਹ ਕੁੰਡੀ ਕੁਨੈਕਸ਼ਨ ਲਾ ਕੇ ਬਿਜਲੀ ਚੋਰੀ ਕਰਨ ਵਾਲਿਆਂ ਖਿਲਾਫ ਕਾਰਵਾਈ ਕਰ ਸਕਣ। ਮੁੱਖ ਮੰਤਰੀ ਨੇ ਵਿੱਤ ਮੰਤਰੀ ਨੂੰ ਨਿਰਦੇਸ਼ ਦਿੱਤੇ ਕਿ ਪਾਵਰ ਕਾਰਪੋਰੇਸ਼ਨ ਦੀ ਬਕਾਇਆ ਪਈ ਸਬਸਿਡੀ ਨੂੰ ਕਲੀਅਰ ਕਰਨ। ਸੂਬੇ ਵਿਚ ਥਰਮਲ ਬਿਜਲੀ ਪਲਾਂਟਾਂ ਵਿਚ ਕੋਲੇ ਦੀ ਸਪਲਾਈ ਹੌਲੀ ਰਫਤਾਰ ਨਾਲ ਹੋਣ ਕਰ ਕੇ ਮੁੱਖ ਮੰਤਰੀ ਨੇ ਕਿਹਾ ਕਿ ਉਨ੍ਹਾਂ ਨੇ ਇਹ ਮਾਮਲਾ ਕੋਲ ਇੰਡੀਆ ਲਿਮਟਿਡ ਦੇ ਅਧਿਕਾਰੀਆਂ ਦੇ ਸਾਹਮਣੇ ਪਹਿਲਾਂ ਹੀ ਉਠਾਇਆ ਹੋਇਆ ਹੈ। ਉਨ੍ਹਾਂ ਨੇ ਮੁੱਖ ਡਾਇਰੈਕਟਰ ਜਨਰਲ ਨੂੰ ਸ਼ਾਹਪੁਰ ਕੰਡੀ ਬਿਜਲੀ ਪ੍ਰਾਜੈਕਟ ਨੂੰ ਤੇਜ਼ੀ ਨਾਲ ਪੂਰਾ ਕਰਨ ਦੇ ਨਿਰਦੇਸ਼ ਦਿੱਤੇ। ਮੀਟਿੰਗ ਵਿਚ ਮੁੱਖ ਸਕੱਤਰ ਕਰਨ ਅਤਵਾਰ ਸਿੰਘ ਵਧੀਕ ਮੁਖ ਸਕੱਤਰ (ਉਦਯੋਗ) ਵਿੰਨੀ ਮਹਾਜਨ, ਬਿਜਲੀ ਵਿਭਾਗ ਦੇ ਚੀਫ ਸਕੱਤਰ ਏ. ਵੇਣੂਪ੍ਰਸਾਦ, ਵਿੱਤ ਸਕੱਤਰ ਅਨਿਰੁਧ ਤਿਵਾੜੀ, ਮੁੱਖ ਮੰਤਰੀ ਦੇ ਪ੍ਰਿੰਸੀਪਲ ਸਕੱਤਰ ਤੇਜਵੀਰ ਸਿੰਘ ਵਿਸ਼ੇਸ਼ ਪ੍ਰਧਾਨ ਸਕੱਤਰ ਗੁਰਕੀਰਤ ਕ੍ਰਿਪਾਲ ਸਿੰਘ, ਪਾਵਰ ਕਾਰਪੋਰੇਸ਼ਨ ਦੇ ਸੀ. ਐੱਮ. ਡੀ. ਬੀ. ਐੱਸ. ਸਰਾਂ ਤੇ ਹੋਰ ਮੈਂਬਰ ਐੱਨ. ਕੇ. ਸ਼ਰਮਾ ਨੇ ਵੀ ਹਿੱਸਾ ਲਿਆ।


author

Karan Kumar

Content Editor

Related News