ਵੱਡੀ ਖਬਰ : ਮੋਹਾਲੀ ''ਚ ਕੋਰੋਨਾ ਦਾ ਨਵਾਂ ਕੇਸ, ਪੰਜਾਬ ''ਚ ਕੁੱਲ 39 ਮਾਮਲੇ ਆਏ ਸਾਹਮਣੇ
Monday, Mar 30, 2020 - 06:25 PM (IST)
ਮੋਹਾਲੀ (ਰਾਣਾ) : ਮੋਹਾਲੀ 'ਚ ਸੋਮਵਾਰ ਨੂੰ ਕੋਰੋਨਾ ਵਾਇਰਸ ਦਾ ਇਕ ਨਵਾਂ ਮਰੀਜ਼ ਸਾਹਮਣੇ ਆਇਆ ਹੈ। ਇੱਥੇ 65 ਸਾਲਾ ਬਜ਼ੁਰਗ 'ਚ ਕੋਰੋਨਾ ਵਾਇਰਸ ਦੀ ਪੁਸ਼ਟੀ ਕੀਤੀ ਗਈ ਹੈ, ਜਿਸ ਤੋਂ ਬਾਅਦ ਮੋਹਾਲੀ 'ਚ ਕੋਰੋਨਾ ਦੇ ਕੁੱਲ 7 ਮਰੀਜ਼ ਹੋ ਗਏ ਹਨ। ਮੋਹਾਲੀ ਦੇ ਡਿਪਟੀ ਕਮਿਸ਼ਨਰ ਗਿਰੀਸ਼ ਦਿਆਲਨ ਨੇ ਦੱਸਿਆ ਕਿ ਉਕਤ ਬਜ਼ੁਰਗ ਨੂੰ 6 ਦਿਨ ਪਹਿਲਾਂ ਸੀਨੇ 'ਚ ਦਰਦ ਅਤੇ ਸਾਹ ਲੈਣ ਦੀ ਤਕਲੀਫ ਕਾਰਨ ਪੀ. ਜੀ. ਆਈ. 'ਚ ਭਰਤੀ ਕਰਾਇਆ ਗਿਆ ਸੀ ਅਤੇ ਹੁਣ ਉਸ ਦੀ ਕੋਰੋਨਾ ਵਾਇਰਸ ਸਬੰਧੀ ਰਿਪੋਰਟ ਪਾਜ਼ੇਟਿਵ ਪਾਈ ਗਈ ਹੈ। ਗਿਰੀਸ਼ ਦਿਆਲਨ ਨੇ ਕਿਹਾ ਕਿ ਅਸੀਂ ਉਕਤ ਬਜ਼ੁਰਗ ਦੇ ਸੰਪਰਕ 'ਚ ਆਏ ਸਾਰੇ ਲੋਕਾਂ ਦਾ ਪਤਾ ਲਾ ਰਹੇ ਹਾਂ, ਜਿਸ ਤੋਂ ਬਾਅਦ ਉਨ੍ਹਾਂ ਸਭ ਦੀ ਜਾਂਚ ਕਰਾਈ ਜਾਵੇਗੀ।
ਇਹ ਵੀ ਪੜ੍ਹੋ : ਖੰਨਾ ਦੇ 5 ਵਿਅਕਤੀਆਂ ਦਾ ਮ੍ਰਿਤਕ ਬਲਦੇਵ ਸਿੰਘ ਦੇ ਸੰਪਰਕ 'ਚ ਆਉਣ ਕਰਕੇ ਲੋਕ ਸਹਿਮੇ
ਸੂਬੇ 'ਚ ਕੋਰੋਨਾ ਵਾਇਰਸ ਕਾਰਨ ਦੂਜੀ ਮੌਤ
ਦੱਸ ਦੇਈਏ ਕਿ ਪੰਜਾਬ 'ਚ ਸਭ ਤੋਂ ਪਹਿਲਾਂ ਨਵਾਂਸ਼ਹਿਰ ਦੇ ਰਹਿਣ ਵਾਲੇ ਬਲਦੇਵ ਸਿੰਘ ਦੀ ਮੌਤ ਹਾਰਟ ਅਟੈਕ ਨਾਲ ਹੋਈ ਸੀ, ਜਿਸ ਦੀ ਕੋਰੋਨਾ ਵਾਇਰਸ ਰਿਪੋਰਟ ਪਾਜ਼ੇਟਿਵ ਆਈ। ਬੀਤੀ ਰਾਤ ਵੀ ਪੰਜਾਬ 'ਚ ਕੋਰੋਨਾ ਵਾਇਰਸ ਕਾਰਨ ਦੂਜੀ ਮੌਤ ਹੁਸ਼ਿਆਰਪੁਰ ਦੇ ਰਹਿਣ ਵਾਲੇ ਵਿਅਕਤੀ ਦੀ ਹੋਈ ਹੈ, ਜਿਸ ਦੀ ਉਮਰ 60-65 ਸਾਲ ਦੇ ਕਰੀਬ ਦੀ ਸੀ। ਜੇਕਰ ਪੂਰੇ ਪੰਜਾਬ ਦੀ ਗੱਲ ਕਰੀਏ ਤਾਂ ਹੁਣ ਤੱਕ ਕੋਰੋਨਾ ਵਾਇਰਸ ਦੇ 39 ਮਰੀਜ਼ਾਂ ਦੀ ਪੁਸ਼ਟੀ ਹੋ ਚੁੱਕੀ ਹੈ।
ਇਹ ਵੀ ਪੜ੍ਹੋ : ਕੋਰੋਨਾ ਵਾਇਰਸ ਸੰਕਟ ਦਰਮਿਆਨ ਪੰਜਾਬ ਸਰਕਾਰ ਦਾ ਇਕ ਹੋਰ ਵੱਡਾ ਐਲਾਨ
ਪੰਜਾਬ 'ਚ ਕੋਰੋਨਾ ਪੀੜਤਾਂ ਦੇ ਜਿਹੜੇ ਮਾਮਲੇ ਪਾਏ ਗਏ ਹਨ, ਉਨ੍ਹਾਂ 'ਚ ਨਵਾਂਸ਼ਹਿਰ ਦੇ 19, ਮੋਹਾਲੀ ਦੇ 7, ਹੁਸ਼ਿਆਰਪੁਰ ਦੇ 6, ਜਲੰਧਰ ਦੇ 5 ਅਤੇ ਇਕ-ਇਕ ਮਾਮਲਾ ਅੰਮ੍ਰਿਤਸਰ ਅਤੇ ਲੁਧਿਆਣਾ 'ਚ ਸਾਹਮਣੇ ਆਇਆ ਹੈ। ਇਨ੍ਹਾਂ 'ਚੋਂ 2 ਮਰੀਜ਼ਾਂ ਦੀ ਮੌਤ ਹੋ ਚੁੱਕੀ ਹੈ, ਜਦੋਂ ਕਿ ਇਕ ਨੂੰ ਦੂਜੀ ਜਾਂਚ ਦੀ ਰਿਪੋਰਟ ਠੀਕ ਆਉਣ ਤੋਂ ਬਾਅਦ ਹਸਪਤਾਲ ਤੋਂ ਛੁੱਟੀ ਦੇ ਦਿੱਤੀ ਗਈ ਹੈ।
ਇਹ ਵੀ ਪੜ੍ਹੋ : ਪੰਜਾਬ ਸਰਕਾਰ ਦਾ ਐਲਾਨ, ਕਰਫਿਊ ਦੇ ਚੱਲਦਿਆਂ 30-31 ਮਾਰਚ ਨੂੰ ਖੁੱਲ੍ਹਣਗੇ ਬੈਂਕ