ਪੰਜਾਬ ਦੀ ਸਿਆਸਤ ''ਚ ਨਵੀਂ ਪਾਰਟੀ ਦਾ ਹੋ ਸਕਦੈ ਆਗਾਜ਼! ਬੀਬੀ ਜਗੀਰ ਕੌਰ 3 ਜੂਨ ਨੂੰ ਖੋਲ੍ਹੇਗੀ ਪੱਤਰੇ
Saturday, May 27, 2023 - 07:05 PM (IST)
ਲੁਧਿਆਣਾ, (ਮੁੱਲਾਂਪੁਰੀ)- ਪੰਜਾਬ ਵਿਚ ਅਕਾਲੀ ਹਲਕਿਆਂ ਵਿਚ ਹੁਣ ਇਸ ਗੱਲ ਦੀ ਚਰਚਾ ਸ਼ੁਰੂ ਹੋ ਗਈ ਹੈ ਕਿ ਜਲੰਧਰ ਜ਼ਿਮਨੀ ਚੋਣ ਦੀ ਹਾਰ ਤੋਂ ਬਾਅਦ ਸ਼੍ਰੋਮਣੀ ਅਕਾਲੀ ਦਲ ਵਿਚ ਆਈ ਗਿਰਾਵਟ ਦੇ ਚਲਦੇ ਪਿਛਲੇ ਸਮੇਂ ਤੋਂ ਚਾਰ ਦਰਜਨ ਵੱਡੇ ਕੱਦ ਦੇ ਨੇਤਾ ਅਕਾਲੀ ਦਲ ਤੋਂ ਬਾਹਰ ਚਲੇ ਗਏ ਹਨ ਤੇ ਹੁਣ ਹਾਰ ਦਰ ਹਾਰ ਹੁੰਦੀ ਦੇਖ ਕੇ ਅੰਦਰ ਬੈਠੇ ਅਕਾਲੀ ਨੇਤਾ ਵੀ ਘੁਟਨ ਮਹਿਸੂਸ ਕਰਦੇ ਦੱਸੇ ਜਾ ਰਹੇ ਹਨ।
ਅੱਤ ਭਰੋਸੇਯੋਗ ਸੂਤਰਾਂ ਨੇ ਇਸ਼ਾਰਾ ਕੀਤਾ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਸਾਬਕਾ ਪ੍ਰਧਾਨ ਬੀਬੀ ਜਗੀਰ ਕੌਰ ਨੇ ਅੱਜ ਤੋਂ ਦੋ ਮਹੀਨੇ ਪਹਿਲਾਂ ਬਿਆਨ ਦਿੱਤਾ ਸੀ ਕਿ 3 ਜੂਨ ਨੂੰ ਉਹ ਵੱਡਾ ਐਲਾਨ ਕਰੇਗੀ ਜਿਸ ਨੂੰ ਲੈ ਕੇ ਉਸ ਵੇਲੇ ਤਾਂ ਅਕਾਲੀ ਆਗੂਆਂ ਨੇ ਕੰਨ ਨਹੀਂ ਚੁੱਕੇ ਪਰ ਹੁਣ ਜਿਓਂ-ਜਿਓਂ 3 ਜੂਨ ਨੇੜੇ ਆ ਰਹੀ ਹੈ ਤੇ ਅਕਾਲੀਆਂ ਵਿਚ ਇਹ ਚਰਚਾ ਦਾ ਆਲਮ ਹੈ ਕਿ ਝੂੰਦਾ ਕਮੇਟੀ ਜਿਸ ਵਿਚ ਮੌਜੂਦਾ ਸ਼੍ਰੋਮਣੀ ਅਕਾਲੀ ਦਲ ਦੀ ਲੀਡਰਸ਼ਿਪ ਲਾਂਭੇ ਕਰਕੇ ਨਵੇਂ ਚਿਹਰੇ ਅੱਗੇ ਲਿਆਉਣ ਦੀ ਗੱਲ ਦੱਸੀ ਜਾ ਰਹੀ ਹੈ। ਲਗਦਾ ਹੈ ਹੋਰ ਨਾ ਕਿਧਰੇ ਬੀਬੀ ਜਗੀਰ ਕੌਰ ਨਵੇਂ ਅਕਾਲੀ ਦਲ ਦਾ ਐਲਾਨ ਕਰ ਦੇਣਗੇ ਤੇ ਪੰਜਾਬ ਵਿਚ ਜਿੰਨੇ ਸੀਨੀਅਰ ਅਕਾਲੀ ਨੇਤਾ ਜੋ ਬਾਦਲਾਂ ਤੋਂ ਬਾਗੀ ਹੋ ਕੇ ਬਾਹਰ ਬੈਠੇ ਹਨ, ਉਹ ਬੀਬੀ ਜਗੀਰ ਕੌਰ ਦੀ ਹਮਾਇਤ ’ਤੇ ਆ ਜਾਣ।
ਜੇਕਰ ਨਵਾਂ ਅਕਾਲੀ ਦਲ ਹੋਂਦ ਵਿਚ ਆ ਗਿਆ ਤਾਂ ਉਹ ਪ੍ਰਧਾਨ ਮੰਤਰੀ ਮੋਦੀ ਦੇ ਦਰਵਾਜ਼ੇ ਦਾ ਕੁੰਡਾ ਵੀ ਖੜਕਾ ਕੇ ਸਿੱਖਾਂ ਦੇ ਪੰਜਾਬੀਆਂ ਦੇ ਲਟਕਦੇ ਮਸਲੇ ਹੱਲ ਕਰਵਾਉਣ ਲਈ ਦਿੱਲੀ ਵੱਲ ਕੂਚ ਕਰ ਸਕਦਾ ਹੈ ਕਿਉਂਕਿ ਹਾਲ ਹੀ ਵਿਚ ਜਲੰਧਰ ਜ਼ਿਮਨੀ ਚੋਣ ਵਿਚ ਬੀਬੀ ਜਗੀਰ ਕੌਰ ਸਾਬਕਾ ਪ੍ਰਧਾਨ, ਸ. ਸੁਖਦੇਵ ਸਿੰਘ ਢੀਂਡਸਾ, ਸਾਬਕਾ ਕੇਂਦਰੀ ਮੰਤਰੀ ਸਵਰਨ ਸਿੰਘ ਫਿਲੌਰ, ਚਰਨਜੀਤ ਸਿੰਘ ਅਟਵਾਲ ਆਦਿ ਨੇ ਭਾਜਪਾ ਦੀ ਹਮਾਇਤ ਕੀਤੀ ਸੀ ਅਤੇ ਮਸਲੇ ਹੱਲ ਕਰਨ ਦੀ ਗੁਹਾਰ ਲਗਾਈ ਸੀ।