NCRB ਦੇ ਅੰਕੜੇ ਬਿਆਨ ਕਰ ਰਹੇ ਮਾਨ ਸਰਕਾਰ ਦੀ ਬਿਹਤਰ ਕਾਰਗੁਜ਼ਾਰੀ, ਪੰਜਾਬ 'ਚ ਘੱਟ ਹੋਇਆ ਅਪਰਾਧ
Wednesday, Feb 15, 2023 - 01:23 AM (IST)
ਜਲੰਧਰ (ਵਿਸ਼ੇਸ਼)- ਪੰਜਾਬ ਦੀ ਸਾਬਕਾ ਸਰਕਾਰ ਦੀ ਕਾਰਗੁਜ਼ਾਰੀ ਦੀ ਤੁਲਨਾ ਵਿਚ ਪਿਛਲੇ ਸਾਲ ਸੱਤਾ ਵਿਚ ਆਈ ਭਗਵੰਤ ਮਾਨ ਦੀ ਅਗਵਾਈ ਵਿਚ ਆਮ ਆਦਮੀ ਪਾਰਟੀ (ਆਪ) ਦੀ ਸਰਕਾਰ ਦੀ ਕਾਰਗੁਜ਼ਾਰੀ ਬਿਹਤਰ ਸਾਬਿਤ ਹੋ ਰਹੀ ਹੈ। ਇਹ ਸੱਚਾਈ ਐੱਨ. ਸੀ. ਆਰ. ਬੀ. ਦੇ ਅੰਕੜਿਆਂ ’ਤੇ ਗੌਰ ਕਰਨ ’ਤੇ ਖੁਦ ਸਾਹਮਣੇ ਆਉਂਦੀ ਹੈ।
ਅੰਕੜਿਆਂ ’ਤੇ ਗੌਰ ਕਰੀਏ ਤਾਂ ਮੁੱਖ ਮੰਤਰੀ ਭਗਵੰਤ ਮਾਨ ਦੇ ਯਤਨਾਂ ਨਾਲ ਪੰਜਾਬ ਵਿਚ 10 ਮਹੀਨਿਆਂ ਅੰਦਰ ਅਪਰਾਧ ਦਰ ਵਿਚ ਕਾਫੀ ਕਮੀ ਆਈ ਹੈ ਅਤੇ ਪਿਛਲੀਆਂ ਸਰਕਾਰਾਂ ਦੀ ਤੁਲਨਾ ਵਿਚ ਪੰਜਾਬ ਦੀ ਸਥਿਤੀ ਗੁਆਂਢੀ ਸੂਬਿਆਂ ਹਰਿਆਣਾ, ਹਿਮਾਚਲ ਪ੍ਰਦੇਸ਼ ਅਤੇ ਰਾਜਸਥਾਨ ਨਾਲੋਂ ਕਾਫੀ ਬਿਹਤਰ ਹੈ। ਇਕ ਸਾਲ ਤੋਂ ਵੀ ਘੱਟ ਸਮੇਂ ਵਿਚ ਗੈਂਗਸਟਰਾਂ, ਅੱਤਵਾਦੀਆਂ, ਡਰੱਗ ਮਾਫੀਆ ਅਤੇ ਟਾਰਗੈੱਟਿਡ ਹੱਤਿਆਵਾਂ ਕਰਨ ਵਾਲਿਆਂ ਖ਼ਿਲਾਫ਼ ਸਖ਼ਤ ਕਾਰਵਾਈ ਦੇ ਨਤੀਜੇ ਮਿਲਣ ਲੱਗੇ ਹਨ।
ਇਹ ਖ਼ਬਰ ਵੀ ਪੜ੍ਹੋ - CM ਮਾਨ ਨੇ ਰਾਜਪਾਲ 'ਤੇ ਫਿਰ ਵਿੰਨ੍ਹਿਆ ਨਿਸ਼ਾਨਾ, ਆਪਣੇ ਅਧਿਕਾਰ ਖੇਤਰ 'ਚ ਰਹਿਣ ਦੀ ਦਿੱਤੀ ਸਲਾਹ
ਅਜਿਹਾ ਮੁੱਖ ਮੰਤਰੀ ਭਗਵੰਤ ਮਾਨ ਵਲੋਂ ਗੈਂਗਸਟਰਾਂ ਖਿਲਾਫ ਅਪਣਾਈ ਗਈ ਜ਼ੀਰੋ ਟਾਲਰੈਂਸ ਨੀਤੀ ਅਪਣਾਉਣ ਨਾਲ ਸੰਭਵ ਹੋ ਸਕਿਆ ਹੈ। ਮੁੱਖ ਮੰਤਰੀ ਵਲੋਂ ਗਠਿਤ ਐਂਟੀ ਗੈਂਗਸਟਰ ਟਾਸਕ ਫੋਰਸ (ਏ. ਜੀ. ਟੀ. ਐੱਫ.) ਸਮੇਂ ’ਤੇ ਕੀਤੀਆਂ ਗਈਆਂ ਕਾਰਵਾਈਆਂ ਦੇ ਸਾਰਥਕ ਨਤੀਜੇ ਸਾਹਮਣੇ ਆਏ ਹਨ।
ਗੈਂਗਸਟਰਾਂ ਖਿਲਾਫ ਜ਼ੀਰੋ ਟਾਲਰੈਂਸ ਨੀਤੀ ਦਾ ਨਤੀਜਾ
ਏ. ਡੀ. ਜੀ. ਪੀ. ਰੈਂਕ ਦੇ ਇਕ ਅਧਿਕਾਰੀ ਦੀ ਪ੍ਰਧਾਨਗੀ ਹੇਠ 6 ਅਪ੍ਰੈਲ 2022 ਨੂੰ ਗਠਿਤ ਏ. ਜੀ. ਟੀ. ਐੱਫ. ਨੇ ਭਾਰਤ-ਨੇਪਾਲ ਸਰਹੱਦ ਅਤੇ ਰਾਜਸਥਾਨ, ਹਰਿਆਣਾ, ਦਿੱਲੀ ਅਤੇ ਮਹਾਰਾਸ਼ਟਰ ਸੂਬਿਆਂ ’ਚ ਕਈ ਖੁਫੀਆ ਅਗਵਾਈ ਮੁਹਿੰਮਾਂ ਚਲਾਈਆਂ।
ਏ. ਜੀ. ਟੀ. ਐੱਫ. ਨੇ 503 ਕੱਟੜ ਗੈਂਗਸਟਰਾਂ/ਅਪਰਾਧੀਆਂ ਦੀ ਗ੍ਰਿਫਤਾਰੀ ਦੇ ਨਾਲ-ਨਾਲ 138 ਗੈਂਗਸਟਰਾਂ ਦੇ ਮਾਡਿਊਲ ਨੂੰ ਖਤਮ ਕੀਤਾ ਅਤੇ ਗੈਂਗਸਟਰਾਂ ਦੀ ਗ੍ਰਿਫ਼ਤਾਰੀ ਦੇ ਨਾਲ 481 ਹਥਿਆਰ ਅਤੇ 106 ਵਾਹਨ ਵੀ ਬਰਾਮਦ ਕੀਤੇ।
160 ਅੱਤਵਾਦੀ/ਕੱਟੜਪੰਥੀ ਗ੍ਰਿਫ਼ਤਾਰ
ਪੰਜਾਬ ਪੁਲਸ ਨੇ ਕਾਊਂਟਰ ਇੰਟੈਲੀਜੈਂਸ (ਸੀ. ਆਈ.) ਅਤੇ ਅੰਦਰੂਨੀ ਸੁਰੱਖਿਆ (ਆਈ. ਐੱਸ.) ਸਮੇਤ ਪੰਜਾਬ ਪੁਲਸ ਦੇ ਸਪੈਸ਼ਲ ਵਿੰਗ ਦੇ ਨਾਲ ਮਿਲ ਕੇ ਚਲਾਈਆਂ ਮੁਹਿੰਮਾਂ ਵਿਚ 10 ਮਹੀਨਿਆਂ ’ਚ 160 ਅੱਤਵਾਦੀਆਂ/ਕੱਟੜਪੰਥੀਆਂ ਨੂੰ ਗ੍ਰਿਫਤਾਰ ਕਰਦੇ ਹੋਏ 25 ਅੱਤਵਾਦੀ ਮਾਡਿਊਲਾਂ ਦਾ ਖਾਤਮਾ ਕੀਤਾ।
ਇਹ ਖ਼ਬਰ ਵੀ ਪੜ੍ਹੋ - ਮਾਤਾ ਵੈਸ਼ਨੋ ਦੇਵੀ ਧਾਮ ਨੇੜਿਓਂ ਮਿਲਿਆ ਅਰਬਾਂ ਦਾ 'ਖਜ਼ਾਨਾ'! ਬਦਲ ਜਾਵੇਗੀ ਦੇਸ਼ ਦੀ ਕਿਸਮਤ
ਇਸ ਕਾਰਵਾਈ ਦੌਰਾਨ 263 ਰਾਈਫਲਾਂ/ਪਿਸਟਲ/ਰਿਵਾਲਵਰ, 13 ਆਈ. ਈ. ਡੀ., 7 ਡੈਟੋਨੇਟਰ, 37 ਹੈਂਡ ਗ੍ਰਨੇਡ, ਡਿਸਪੋਜ਼ਡ ਰਾਕੇਟ ਲਾਂਚਰ ਦੀਆਂ 2 ਸਲੀਵਜ਼, 1 ਲੋਡਡ ਆਰ. ਪੀ. ਜੀ., 24 ਡਰੋਨ, 1 ਟਾਈਮਰ ਸੈੱਟ, 3 ਟਾਈਮਰ ਸਵਿੱਚ ਅਤੇ 5 ਵਾਹਨ ਬਰਾਮਦ ਕੀਤੇ ਹਨ। ਆਰ. ਡੀ. ਐਕਸ. ਦੀ ਰਿਕਵਰੀ 2021 ’ਚ 3 ਕਿਲੋਗ੍ਰਾਮ ਤੋਂ ਵਧ ਕੇ 2022 ’ਚ 24.46 ਕਿਲੋਗ੍ਰਾਮ ਹੋ ਗਈ ਹੈ।
ਅਪਰਾਧ ਦੇ ਮੋਰਚੇ ’ਤੇ ਆਪ ਸਰਕਾਰ ਦਾ ਪ੍ਰਦਰਸ਼ਨ
10 ਮਹੀਨਿਆਂ ਵਿਚ ਹੱਤਿਆ ਅਤੇ ਅਗਵਾ ਦੇ ਮਾਮਲਿਆਂ ਵਿਚ 7-7 ਫੀਸਦੀ ਦੀ ਗਿਰਵਾਟ ਆਈ ਹੈ।
ਅਸਲਾ ਐਕਟ ਤਹਿਤ ਐੱਫ. ਆਈ. ਆਰਜ਼. ਵਿਚ 20 ਫੀਸਦੀ ਵਾਧਾ ਦੇਖਿਆ ਗਿਆ ਹੈ।
ਐੱਨ. ਸੀ. ਆਰ. ਬੀ. ਅੰਕੜਿਆਂ ਅਨੁਸਾਰ, ਪੰਜਾਬ ਵੱਖ-ਵੱਖ ਮਾਪਦੰਡਾਂ ’ਚ ਬਿਹਤਰ ਪ੍ਰਦਰਸ਼ਨ ਕਰਨ ਵਾਲੇ ਸੂਬਿਆਂ ’ਚੋਂ ਇਕ ਰਿਹਾ ਹੈ। ਜਿਵੇਂ–
ਗੰਭੀਰ ਅਪਰਾਧ ਦਰ (ਆਈ. ਪੀ. ਸੀ. ਅਤੇ ਸਥਾਨਕ ਤੇ ਵਿਸ਼ੇਸ਼ ਕਾਨੂੰਨ) 242.0 (ਹਰਿਆਣਾ ਤੋਂ ਘੱਟ-697, ਹਿਮਾਚਲ ਪ੍ਰਦੇਸ਼-254.3, ਰਾਜਸਥਾਨ-357.6, ਚੰਡੀਗੜ੍ਹ-247.1)
ਪੰਜਾਬ ’ਚ ਹਿੰਸਕ ਅਪਰਾਧਾਂ ਦੀ ਦਰ (ਘਟਨਾਵਾਂ ਅਤੇ ਅਪਰਾਧ ਦਰ) 20.8 ਰਹੀ (ਹਿਮਾਚਲ ਪ੍ਰਦੇਸ਼ ਤੋਂ ਘੱਟ-23.8, ਰਾਜਸਥਾਨ -29.0, ਹਰਿਆਣਾ-43.3, ਚੰਡੀਗੜ੍ਹ-29.9)।
-ਅਨੁਸੂਚਿਤ ਜਾਤੀਆਂ ਖਿਲਾਫ ਅਪਰਾਧ ਦਰ ਪੰਜਾਬ ’ਚ 2.3 (ਹਿਮਾਚਲ ਪ੍ਰਦੇਸ਼-14.1, ਹਰਿਆਣਾ-31.8, ਰਾਜਸਥਾਨ-61.6 ਤੋਂ ਘੱਟ)
ਔਰਤਾਂ ਖਿਲਾਫ ਕੁੱਲ ਅਪਰਾਧ ਦਰ ਪੰਜਾਬ ’ਚ 39.2 (ਹਿਮਾਚਲ ਪ੍ਰਦੇਸ਼-43.8, ਹਰਿਆਣਾ-119.7, ਰਾਜਸਥਾਨ -105.4 ਤੋਂ ਘੱਟ)।
ਪੰਜਾਬ ’ਚ ਆਈ. ਪੀ. ਸੀ ਅਤੇ ਵਿਸ਼ੇਸ਼ ਕਾਨੂੰਨਾਂ ਤਹਿਤ ਦਰਜ ਹੋਣ ਵਾਲੇ ਕੁੱਲ ਅਪਰਾਧਾਂ ਦੀ ਦਰ (242) ਰਾਸ਼ਟਰੀ ਔਸਤ (432.7) ਨਾਲੋਂ ਬਹੁਤ ਘੱਟ ਰਹੀ।
ਇਹ ਖ਼ਬਰ ਵੀ ਪੜ੍ਹੋ - ਦਿੱਲੀ ਵਿਚ ਫਿਰ ਸ਼ਰਧਾ ਵਰਗਾ ਕਤਲਕਾਂਡ, ਬੇਰਹਿਮੀ ਨਾਲ ਕਤਲ ਕਰ ਢਾਬੇ ਦੇ ਫਰਿੱਜ 'ਚ ਲੁਕੋਈ ਪ੍ਰੇਮਿਕਾ ਦੀ ਲਾਸ਼
ਨਸ਼ਿਆਂ ਦੀ ਵਧੀ ਬਰਾਮਦਗੀ
ਮੁੱਖ ਮੰਤਰੀ ਮਾਨ ਵਲੋਂ ਪੰਜਾਬ ਨੂੰ ਨਸ਼ਾ ਮੁਕਤ ਸੂਬਾ ਬਣਾਉਣ ਦੇ ਹੁਕਮ ’ਤੇ ਪੁਲਸ ਨੇ ਸਖਤੀ ਨਾਲ ਕੰਮ ਕੀਤਾ। ਐੱਨ. ਡੀ. ਪੀ. ਐੱਸ. ਐਕਟ ਤਹਿਤ ਐੱਫ. ਆਈ. ਆਰ. ’ਚ 25 ਫੀਸਦੀ ਦਾ ਵਾਧਾ ਦੇਖਿਆ ਗਿਆ ਹੈ ਅਤੇ 2021 ਦੇ ਮੁਕਾਬਲੇ 2022 ’ਚ ਡਰੱਗ ਪੈਡਲਰਸ/ਸਮੱਗਲਰਾਂ ਦੀਆਂ ਗ੍ਰਿਫਤਾਰੀਆਂ ’ਚ 30 ਫੀਸਦੀ ਵਾਧਾ ਹੋਇਆ ਹੈ। ਹੈਰੋਇਨ ਦੀ ਰਿਕਵਰੀ ਵੀ 568 ਕਿਲੋਗ੍ਰਾਮ ਤੋਂ 647 ਕਿਲੋਗ੍ਰਾਮ ਤੱਕ 14 ਫੀਸਦੀ ਵਧ ਗਈ ਹੈ, ਜਦਕਿ ਅਫੀਮ ਦੀ ਰਿਕਵਰੀ ’ਚ 17 ਫੀਸਦੀ ਦਾ ਵਾਧਾ ਹੋਇਆ ਹੈ ਅਤੇ ਪਾਪੀ ਹਸਕ ’ਚ 29 ਫੀਸਦੀ ਦੇ ਵਾਧੇ ਨਾਲ ਰਿਕਾਰਡ ਰਿਕਵਰੀ ਹੋਈ ਹੈ।
ਰਿਕਾਰਡ ਸਮੇਂ ’ਚ ਸੁਲਝਾਏ ਵੱਡੇ ਅਪਰਾਧ
9 ਮਈ 2022 ਨੂੰ ਹਰਵਿੰਦਰ ਉਰਫ ਰਿੰਦਾ ਅਤੇ ਲਖਬੀਰ ਉਰਫ ਲੰਡਾ ਨੇ 2 ਹਮਲਾਵਰਾਂ (ਦੀਪਕ ਅਤੇ ਦਿਵਯਾਂਸ਼ੂ) ਤੋਂ ਮੋਹਾਲੀ ਸਥਿਤ ਇੰਟੈਲੀਜੈਂਸ ਹੈੱਡਕੁਆਰਟਰ ’ਤੇ ਆਰ. ਪੀ. ਜੀ. ਹਮਲਾ ਕਰਵਾਇਆ। ਇਸ ਕੇਸ ਨੂੰ 48 ਘੰਟਿਆਂ ’ਚ ਸੁਲਝਾਇਅਾ ਗਿਅਾ।
9 ਦਸੰਬਰ 2022 ਨੂੰ ਤਰਨਤਾਰਨ ਦੇ ਪੁਲਸ ਥਾਣਾ ਸਰਹਾਲੀ ’ਤੇ ਆਰ. ਪੀ. ਜੀ. ਹਮਲਾ ਹੋਇਆ। ਇਹ ਹਮਲਾ ਲਖਬੀਰ ਉਰਫ ਲੰਡਾ ਅਤੇ 10 ਹੋਰ ਸਾਥੀਆਂ ਰਾਹੀਂ ਕੀਤਾ ਸੀ। ਇਸ ਮਾਮਲੇ ਨੂੰ ਵੀ 48 ਘੰਟਿਆਂ ਦੇ ਅੰਦਰ ਟਰੇਸ ਕਰ ਲਿਆ ਗਿਆ।
ਟਾਰਗੈੱਟਿਡ ਹੱਤਿਆਵਾਂ
-ਸਾਲ 2016 ਤੋਂ 2017 ਤੱਕ 8 ਟਾਰਗੈੱਟ ਕਤਲ ਹੋਏ ਸਨ ਅਤੇ ਇਨ੍ਹਾਂ ਨੂੰ ਸੁਲਝਾਉਣ ’ਚ ਲਗਭਗ 2 ਸਾਲ ਲੱਗ ਗਏ ਸਨ। ਪੰਜਾਬ ’ਚ ਹਾਲ ਹੀ ’ਚ 4 ਟਾਰਗੈੱਟ ਕਿਲਿੰਗ ਹੋਈਆਂ, ਜਿਨ੍ਹਾਂ ਨੂੰ 24 ਤੋਂ 48 ਘੰਟਿਆਂ ਦੇ ਰਿਕਾਰਡ ਸਮੇਂ ’ਚ ਟਰੇਸ ਕੀਤਾ ਗਿਆ ਹੈ। ਜਿਵੇਂ-
-ਪੰਜਾਬੀ ਗਾਇਕ ਸ਼ੁਭਦੀਪ ਸਿੰਘ ਉਰਫ਼ ਸਿੱਧੂ ਮੂਸੇਵਾਲਾ ਦਾ 29 ਮਈ, 2022 ਨੂੰ ਕਤਲ ਦੀ ਵਾਰਦਾਤ ਨੂੰ 48 ਘੰਟਿਆਂ ’ਚ ਸੁਲਝਾਇਆ ਗਿਆ।
-ਸੁਧੀਰ ਸੂਰੀ , ਦੋਸ਼ੀ ਤੁਰੰਤ ਗ੍ਰਿਫਤਾਰ।
-ਬਰਗਾੜੀ ਬੇਅਦਬੀ ਦੇ ਦੋਸ਼ੀ ਅਤੇ ਡੇਰਾ ਸੱਚਾ ਸੌਦਾ ਦੇ ਪੈਰੋਕਾਰ ਪ੍ਰਦੀਪ ਕੁਮਾਰ ਦੀ ਹੱਤਿਆ ਦਾ ਮਾਮਲਾ 24 ਘੰਟਿਆਂ ਦੇ ਅੰਦਰ ਟ੍ਰੇਸ।
-ਭੁਪਿੰਦਰ ਸਿੰਘ ਚਾਵਲਾ ਉਰਫ ਟਿੰਮੀ ਚਾਵਲਾ ਦੀ ਹੱਤਿਆ, ਇਕ ਹਫਤੇ ’ਚ ਹੀ ਸਾਰੇ ਦੋਸ਼ੀ ਗ੍ਰਿਫ਼ਤਾਰ।
ਇਹ ਖ਼ਬਰ ਵੀ ਪੜ੍ਹੋ - ਨਹੀਂ ਰਹੇ ਜਾਵੇਦ ਖ਼ਾਨ ਅਮਰੋਹੀ, 'ਲਗਾਨ' ਤੇ 'ਚੱਕ ਦੇ ਇੰਡੀਆ' ਵਰਗੀਆਂ ਫ਼ਿਲਮਾਂ ਤੋਂ ਬਣਾਈ ਸੀ ਪਛਾਣ
ਐੱਨ. ਸੀ. ਆਰ. ਬੀ. ਅੰਕੜਿਆਂ ਦੀ ਜ਼ੁਬਾਨੀ
ਐੱਨ. ਸੀ. ਆਰ. ਬੀ. ਦੇ ਅੰਕੜਿਆਂ ’ਤੇ ਗੌਰ ਕਰੀਏ ਤਾਂ 2021 ਦੀ ਤੁਲਨਾ ਵਿਚ 2022 ਵਿਚ ਅਪਰਾਧ ਦਰ ਵਿਚ ਵੱਡਾ ਫਰਕ ਨਜ਼ਰ ਆਇਆ ਹੈ। 2021 ਵਿਚ 723 ਹੱਤਿਆਂਵਾਂ ਹੋਈਆਂ ਅਤੇ 2022 ਵਿਚ 669, ਜੋ ਕਿ 7 ਫੀਸਦੀ ਘੱਟ ਹਨ। ਗੈਰ-ਇਰਾਦਤਨ ਹੱਤਿਆਵਾਂ ਵਿਚ 177 ਦੇ ਮੁਕਾਬਲੇ 263 ਕੇਸ ਦਰਜ ਹੋਏ। ਅੰਤਰ 49 ਫੀਸਦੀ।
ਇਸੇ ਤਰ੍ਹਾਂ ਹੱਤਿਆ ਦੇ ਯਤਨ ਵਿਚ ਫਰਕ 926 ਦੇ ਮੁਕਾਬਲੇ 914 ਕੇਸਾਂ ਦੇ ਹਿਸਾਬ ਨਾਲ 1 ਫੀਸਦੀ ਕਮੀ ਆਈ, ਅਗਵਾ ਦੇ ਕੇਸਾਂ ਵਿਚ ਫਰਕ 7 ਫੀਸਦੀ ਕਮੀ ਆਈ, ਜਬਰ ਜ਼ਿਨਾਹ ਦੇ ਕੇਸਾਂ ਵਿਚ ਫਰਕ 8 ਫੀਸਦੀ, ਲੁੱਟਮਾਰ ਵਿਚ ਫਰਕ 7 ਫੀਸਦੀ, ਡਕੈਤੀ ਦੇ ਕੇਸਾਂ ਵਿਚ 40 ਫੀਸਦੀ, ਸੰਨ੍ਹਮਾਰੀ ਵਿਚ 25 ਫੀਸਦੀ, ਚੋਰੀ ਵਿਚ 2 ਫੀਸਦੀ, ਧੋਖਾਦੇਹੀ ਵਿਚ 1 ਫੀਸਦੀ, ਹੋਰ ਆਈ. ਪੀ. ਸੀ. ਅਪਰਾਧਾਂ ਵਿਚ 13 ਫੀਸਦੀ ਕਮੀ ਆਈ। ਇਸ ਹਿਸਾਬ ਨਾਲ ਕੁਲ ਆਈ. ਪੀ. ਸੀ. ਵਿਚ 5 ਫੀਸਦੀ ਕਮੀ ਦਰਜ ਹੋਈ।
ਇਸੇ ਤਰ੍ਹਾਂ ਐੱਨ. ਡੀ. ਪੀ. ਐੱਸ. ਐਕਟ ਤਹਿਤ 25 ਫੀਸਦੀ ਜ਼ਿਆਦਾ ਮਾਮਲੇ ਦਰਜ ਕੀਤੇ ਗਏ। ਆਰਮਜ਼ ਐਕਟ ਤਹਿਤ 20 ਜ਼ਿਅਾਦਾ ਰਿਕਵਰੀ, ਐਕਸਾਈਜ਼ ਐਕਟ ਤਹਿਤ 14 ਫੀਸਦੀ ਮਾਮਲੇ ਘੱਟ ਆਏ, ਪੀ. ਸੀ. ਐਕਟ ਤਹਿਤ 72 ਫੀਸਦੀ ਫਰਕ ਦਰਜ ਹੋਇਆ।
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।