ਕੁਝ ਖਾਲਿਸਤਾਨ ਆਗੂ ਸੂਬੇ ਦੇ ਨੌਜਵਾਨਾਂ ਦੇ ਭਵਿੱਖ ਨਾਲ ਕਰ ਰਹੇ ਨੇ ਖਿਲਵਾੜ : ਚੀਮਾ
Sunday, Jul 05, 2020 - 06:13 PM (IST)
ਸੁਲਤਾਨਪੁਰ ਲੋਧੀ (ਧੀਰ)— ਵਿਦੇਸ਼ਾਂ 'ਚ ਰਹਿ ਰਹੇ ਕੁਝ ਖਾਲਿਸਤਾਨ ਆਗੂ ਐੱਸ. ਐੱਫ. ਜੇ. ਨਾਮਕ ਸੰਸਥਾ ਦੇ ਨਾਂ 'ਤੇ ਜੋ ਪੰਜਾਬ 'ਚ ਘਿਨੌਣਾ ਖੇਡ ਖੇਡਣ ਦੀ ਸਾਜਿਸ਼ ਕਰ ਰਹੇ ਹਨ, ਉਨ੍ਹਾਂ ਨੂੰ ਕੈਪਟਨ ਸਰਕਾਰ ਕਿਸੇ ਵੀ ਮਨਸੂਬੇ 'ਚ ਕਾਮਯਾਬ ਨਹੀਂ ਹੋਣ ਦੇਵੇਗੀ। ਇਹ ਸ਼ਬਦ ਵਿਧਾਇਕ ਨਵਤੇਜ ਸਿੰਘ ਚੀਮਾ ਨੇ ਬੀਤੇ ਦਿਨੀਂ ਪੰਜਾਬ ਪੁਲਸ ਵੱਲੋਂ ਖਾਲਿਸਤਾਨ ਸਮਰਥਕ ਗੁਰਪਤਵੰਤ ਸਿੰਘ ਪੰਨੂ ਦੇ ਸਹਿਯੋਗੀ ਜੋਗਿੰਦਰ ਸਿੰਘ ਗੁੱਜਰ ਦੀ ਗ੍ਰਿਫਤਾਰੀ ਦੇ ਸਬੰਧ 'ਚ ਪ੍ਰੈੱਸ ਨਾਲ ਗੱਲਬਾਤ ਕਰਦਿਆਂ ਕਹੇ।
ਚੀਮਾ ਨੇ ਕਿਹਾ ਕਿ ਅਜਿਹੇ ਆਗੂ ਵਿਦੇਸ਼ 'ਚ ਬੈਠ ਕੇ ਨੌਜਵਾਨਾਂ ਦੇ ਭਵਿੱਖ ਨਾਲ ਖਿਲਵਾੜ ਕਰ ਰਹੇ ਹਨ। ਜੇ ਇਨ੍ਹਾਂ 'ਚ ਇੰਨੀ ਹਿੰਮਤ ਹੈ ਤਾਂ ਪੰਜਾਬ ਕਿਉਂ ਨਹੀਂ ਆਉਂਦੇ। ਉਨ੍ਹਾਂ ਕਿਹਾ ਕਿ ਸਾਡੇ ਸੂਬੇ ਨੇ ਪਹਿਲਾਂ ਹੀ ਕਾਲੇ ਦੌਰ ਦਾ ਸੰਤਾਪ ਭੋਗਿਆ ਹੈ ਤੇ ਹੁਣ ਕੋਈ ਵੀ ਪੰਜਾਬੀ ਅਜਿਹੇ 2020 ਦਾ ਕਿਸੇ ਮੁੱਲ 'ਤੇ ਸਮਰਥਨ ਨਹੀਂ ਕਰੇਗਾ। ਕਾਂਗਰਸ ਪਾਰਟੀ ਵੱਲੋਂ ਹਜ਼ਾਰਾਂ ਆਗੂਆਂ, ਪੰਜਾਬੀਆਂ, ਪੁਲਸ ਜਵਾਨਾਂ ਦੀ ਸ਼ਹਾਦਤ ਦੇ ਕੇ ਸੂਬੇ 'ਚ ਲਿਆਂਦੀ ਅਮਨ ਸ਼ਾਂਤੀ ਨੂੰ ਕੈਪਟਨ ਸਰਕਾਰ ਕਿਸੇ ਵੀ ਕੀਮਤ 'ਤੇ ਖਰਾਬ ਨਹੀਂ ਹੋਣ ਦੇਵੇਗੀ ਤੇ ਅਜਿਹੇ ਦੇਸ਼ ਵਿਰੋਧੀ ਅਨਸਰਾਂ ਨੂੰ ਜੇਲਾਂ ਦੀ ਸਲਾਖਾਂ ਪਿੱਛੇ ਡੱਕ ਕੇ ਇਨ੍ਹਾਂ ਦੇ ਮਨਸੂਬਿਆਂ ਨੂੰ ਕਾਮਯਾਬ ਨਹੀਂ ਹੋਣ ਦੇਵੇਗੀ।
ਇਹ ਵੀ ਪੜ੍ਹੋ: ਜਲੰਧਰ 'ਚ 'ਕੋਰੋਨਾ' ਕਰਨ ਲੱਗਾ ਤਾਂਡਵ, 71 ਨਵੇਂ ਮਾਮਲਿਆਂ ਦੀ ਹੋਈ ਪੁਸ਼ਟੀ
ਕੋਟਕਪੂਰਾ ਬੇਅਦਬੀ ਕਾਂਡ ਤੇ ਸਿਟ ਵੱਲੋਂ ਕੀਤੀ ਗ੍ਰਿਫਤਾਰੀ ਦੇ ਸਵਾਲ ਦਾ ਜਵਾਬ ਦਿੰਦੇ ਵਿਧਾਇਕ ਨਵਤੇਜ ਸਿੰਘ ਚੀਮਾ ਨੇ ਕਿਹਾ ਕਿ ਇਹ ਤਾਂ ਅਜੇ ਸ਼ੁਰੂਆਤ ਹੈ। ਹੌਲੀ-ਹੌਲੀ ਤੁਸੀਂ ਦੇਖੋਗੇ ਕਿ ਸਰਕਾਰ ਇਸ ਬੇਅਦਬੀ ਕਾਂਡ ਦੇ ਮੁੱਖ ਦੋਸ਼ੀਆਂ ਨੂੰ ਗ੍ਰਿਫਤਾਰ ਕਰਕੇ ਸਾਰੀ ਸੱਚਾਈ ਪੰਜਾਬ ਦੀ ਜਨਤਾ ਸਾਹਮਣੇ ਲਿਆਵੇਗੀ। ਉਨ੍ਹਾਂ ਕਿਹਾ ਕਿ ਕੈਪਟਨ ਸਾਹਿਬ ਵੱਲੋਂ 'ਸਿਟ' ਨੂੰ ਸਪੱਸ਼ਟ ਨਿਰਦੇਸ਼ ਦਿੱਤੇ ਹੋਏ ਹਨ ਕਿ ਇਸ ਕਾਂਡ ਚ ਕਿਸੇ ਵੀ ਦੋਸ਼ੀ ਨੂੰ ਕਿਸੇ ਵੀ ਕੀਮਤ 'ਤੇ ਨਹੀਂ ਬਖਸ਼ਿਆ ਜਾਵੇਗਾ ਚਾਹੇ ਉਹ ਕਿਸੇ ਵੀ ਉੱਚ ਅਹੁਦੇ ਵਾਲਾ ਵਿਅਕਤੀ ਕਿਉਂ ਨਾ ਹੋਵੇ। ਉਨ੍ਹਾਂ ਉਮੀਦ ਪ੍ਰਕਟ ਕੀਤੀ ਕਿ ਇਸ ਬੇਅਦਬੀ ਕਾਂਡ ਦੀ ਜਾਂਚ ਇਸ ਸਾਲ ਦੇ ਅੰਤ ਤੱਕ ਪੂਰੀ ਹੋ ਜਾਵੇਗੀ ਅਤੇ ਸਾਰੇ ਦੋਸ਼ੀ ਪੁਲਸ ਦੀ ਹਿਰਾਸਤ 'ਚ ਹੋਣਗੇ।
ਇਸ ਮੌਕੇ ਮਾਰਕਿਟ ਕਮੇਟੀ ਚੇਅਰਮੈਨ ਪਰਵਿੰਦਰ ਸਿੰਘ ਪੱਪਾ, ਵਾਈਸ ਚੇਅਰਮੈਨ ਦੀਪਕ ਧੀਰ ਰਾਜੂ, ਚੇਅਰਮੈਨ ਸੰਮਤੀ ਰਜਿੰਦਰ ਸਿੰਘ ਤਕੀਆ, ਵਾਈਸ ਚੇਅਰਮੈਨ ਜ਼ਿਲਾ ਪ੍ਰੀਸ਼ਦ ਹਰਜਿੰਦਰ ਸਿੰਘ ਜਿੰਦਾ, ਸਰਪੰਚ ਰਾਜੂ ਢਿੱਲੋਂ, ਪਰਮਜੀਤ ਸਿੰਘ ਬਾਊਪੁਰ, ਰਵੀ ਪੀ. ਏ, ਦਰਸ਼ਨ ਸਿੰਘ, ਸਰਪੰਚ ਸਿਕੰਦਰ ਸਿੰਘ ਆਹਲੀ, ਪੀ. ਏ. ਬਲਜਿੰਦਰ ਸਿੰਘ ਆਦਿ ਵੀ ਹਾਜ਼ਰ ਸਨ।
ਇਹ ਵੀ ਪੜ੍ਹੋ: ਜਲੰਧਰ: ਦੇਰ ਰਾਤ ਅਸ਼ੋਕ ਨਗਰ ''ਚ ਪਈਆਂ ਭਾਜੜਾਂ, ਨੌਜਵਾਨ ਨੂੰ ਮਾਰੀ ਗੋਲੀ