ਨਵਜੋਤ ਸਿੱਧੂ ਦਾ ਕੈਪਟਨ ’ਤੇ ਵੱਡਾ ਹਮਲਾ, ਕਿਹਾ-3 ਕਾਲੇ ਖੇਤੀ ਕਾਨੂੰਨਾਂ ਦੇ ਨਿਰਮਾਤਾ ਨੇ ਅਮਰਿੰਦਰ ਸਿੰਘ
Thursday, Oct 21, 2021 - 06:07 PM (IST)
ਜਲੰਧਰ (ਵੈੱਬ ਡੈਸਕ)— ਪੰਜਾਬ ਦੇ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੱਲੋਂ ਨਵੀਂ ਪਾਰਟੀ ਬਣਾਉਣ ਦਾ ਐਲਾਨ ਕਰਨ ਤੋਂ ਬਾਅਦ ਨਵਜੋਤ ਸਿੰਘ ਸਿੱਧੂ ਦੀ ਪਹਿਲੀ ਪ੍ਰਤੀਕਿਰਿਆ ਸਾਹਮਣੇ ਆਈ ਹੈ। ਕੈਪਟਨ ਅਮਰਿੰਦਰ ਸਿੰਘ ’ਤੇ ਨਵਜੋਤ ਸਿੰਘ ਸਿੱਧੂ ਨੇ ਟਵਿੱਟਰ ਜ਼ਰੀਏ ਵੱਡਾ ਹਮਲਾ ਬੋਲਿਆ ਹੈ। ਵੱਡਾ ਹਮਲਾ ਬੋਲਦੇ ਹੋਏ ਸਿੱਧੂ ਨੇ ਕੈਪਟਨ ਅਮਰਿੰਦਰ ਸਿੰਘ ਨੂੰ 3 ਕਾਲੇ ਖੇਤੀ ਕਾਨੂੰਨਾਂ ਦਾ ਨਿਰਮਾਤਾ ਤੱਕ ਕਹਿ ਦਿੱਤਾ।
ਟਵਿੱਟਰ ਜ਼ਰੀਏ ਭੜਾਸ ਕੱਢਦੇ ਨਵਜੋਤ ਸਿੰਘ ਸਿੱਧੂ ਨੇ ਕਿਹਾ ਕਿ ਤਿੰਨ ਕਾਲੇ ਕਾਨੂੰਨਾਂ ਦੇ ਨਿਰਮਾਤਾ ਅਮਰਿੰਦਰ ਸਿੰਘ ਹਨ, ਜੋ ਪੰਜਾਬ ਦੀ ਕਿਸਾਨੀ ’ਚ ਅੰਬਾਨੀ ਨੂੰ ਲੈ ਕੇ ਆਏ। ਕੈਪਟਨ ਨੇ ਇਕ-ਦੋ ਘਰਾਣਿਆਂ ਨੂੰ ਫਾਇਦਾ ਪਹੁੰਚਾਉਣ ਲਈ ਪੰਜਾਬ ਦੇ ਕਿਸਾਨਾਂ, ਛੋਟੇ ਵਪਾਰੀਆਂ ਅਤੇ ਮਜ਼ਦੂਰਾਂ ਨੂੰ ਬਰਬਾਦ ਕਰ ਦਿੱਤਾ ਹੈ। ਇਸ ਦੇ ਨਾਲ ਹੀ ਉਨ੍ਹਾਂ ਨੇ ਕੈਪਟਨ ਅਮਰਿੰਦਰ ਸਿੰਘ ਦੀ ਇਕ ਪੁਰਾਣੀ ਵੀਡੀਓ ਵੀ ਸ਼ੇਅਰ ਕੀਤੀ ਹੈ, ਜਿਸ ’ਚ ਕੈਪਟਨ ਅਮਰਿੰਦਰ ਸਿੰਘ ਖੇਤੀ ’ਚ ਪ੍ਰਾਈਵੇਟ ਹਿੱਸੇਦਾਰੀ ਦੀ ਵਕਾਲਤ ਕਰਦੇ ਹੋਏ ਦਿੱਸ ਰਹੇ ਹਨ।
ਇਹ ਵੀ ਪੜ੍ਹੋ: ਉੱਪ ਮੁੱਖ ਮੰਤਰੀ ਰੰਧਾਵਾ ਨੇ ਸ਼ਹੀਦ ਪੁਲਸ ਮੁਲਾਜ਼ਮਾਂ ਦੇ ਪਰਿਵਾਰਾਂ ਲਈ ਕੀਤੇ ਅਹਿਮ ਐਲਾਨ
ਨਵਜੋਤ ਸਿੰਘ ਸਿੱਧੂ ਨੇ ਵੀਡੀਓ ਦੇ ਅਖ਼ੀਰ ’ਚ ਉਦਯੋਗਪਤੀ ਮੁਕੇਸ਼ ਅੰਬਾਨੀ ਅਤੇ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਦੇ ਨਾਲ ਕੈਪਟਨ ਅਮਰਿੰਦਰ ਸਿੰਘ ਦੀਆਂ ਤਸਵੀਰਾਂ ਵੀ ਸ਼ੇਅਰ ਕੀਤੀਆਂ ਹਨ। ਇਸ ਦੇ ਜ਼ਰੀਏ ਸਿੱਧੂ ਨੇ ਕੈਪਟਨ ਦੀ ਕਾਰਪੋਰੇਟਸ ਘਰਾਣਿਆਂ ਅਤੇ ਭਾਜਪਾ ਨਾਲ ਮਿਲੀਭੁਗਤ ਦੀ ਗੱਲ ਕਹਿਣ ਦੀ ਕੋਸ਼ਿਸ਼ ਕੀਤੀ ਹੈ।
ਇਹ ਵੀ ਪੜ੍ਹੋ: ਪੰਜਾਬ ਪੁਲਸ ਸੂਬੇ ਦੀ ਸੁਰੱਖਿਆ ਕਰਨ ’ਚ ਪੂਰੀ ਤਰ੍ਹਾਂ ਸਮਰੱਥ: ਸੁਖਜਿੰਦਰ ਸਿੰਘ ਰੰਧਾਵਾ
ਸਿੱਧੂ ਵੱਲੋਂ ਸ਼ੇਅਰ ਕੀਤੀ ਗਈ ਵੀਡੀਓ ’ਚ ਕੈਪਟਨ ਅਮਰਿੰਦਰ ਸਿੰਘ ਇਹ ਕਹਿ ਰਹੇ ਹਨ ਕਿ ਮੈਂ ਇਹ ਗੱਲ ਕਈ ਸਾਲਾਂ ਤੋਂ ਕਹਿ ਰਿਹਾ ਹਾਂ, ਮੈਂ 1985-86 ’ਚ ਸੂਬੇ ਦਾ ਖੇਤੀ ਮੰਤਰੀ ਸੀ, ਉਦੋਂ ਤੋਂ ਮੈਂ ਵੇਖ ਰਿਹਾ ਸੀ ਕਿ ਪੰਜਾਬ ’ਚ ਕੀ ਹੋਣਾ ਹੈ। ਸਰਕਾਰ ਆਉਣ ’ਤੇ ਮੈਂ ਟ੍ਰੋਪੀਕਾਨਾ ਅਤੇ ਅੰਬਾਨੀ ਇਥੇ ਲੈ ਕੇ ਆਇਆ। ਇਸ ਲਈ ਮੈਂ ਮੁਕੇਸ਼ ਅੰਬਾਨੀ ਨਾਲ ਗੱਲ ਕੀਤੀ। ਉਨ੍ਹਾਂ ਕਿਹਾ ਕਿ ਭਾਰਤ ’ਚ ਤੁਹਾਡੇ 98 ਹਜ਼ਾਰ ਆਊਟਲੈੱਟਸ ਹਨ, ਜਿੱਥੇ ਤੁਸੀਂ ਸਬਜ਼ੀ ਅਤੇ ਫਲ ਵੇਚ ਸਕਦੇ ਹੋ। ਪੰਜਾਬ ’ਚ 12,700 ਪਿੰਡਾਂ ’ਚ ਅਸੀਂ ਤੁਹਾਡਾ ਸਾਥ ਦੇਵਾਂਗੇ। ਤੁਸੀਂ ਬੀਜ ਦਿਓਗੇ, ਦੇਖਭਾਲ ਕਰਕੇ ਖ਼ਰੀਦ ਵੀ ਕਰੋਗੇ ਅਤੇ ਉਸ ਨੂੰ ਫਿਰ ਹਿੰਦੋਸਤਾਨ ’ਚ ਕਿਤੇ ਵੀ ਲਿਜਾ ਸਕਦੇ ਹੋ।
ਇਸ ਦੇ ਪਹਿਲਾਂ ਬਾਦਲਾਂ ’ਤੇ ਸਾਧਿਆ ਸੀ ਨਿਸ਼ਾਨਾ
ਇਥੇ ਦੱਸਣਯੋਗ ਹੈ ਕਿ ਨਵਜੋਤ ਸਿੰਘ ਸਿੱਧੂ ਨੇ ਇਸ ਤੋਂ ਪਹਿਲਾਂ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਨੂੰ ਤਿੰਨ ਖੇਤੀ ਕਾਨੂੰਨਾਂ ਦੇ ਨਿਰਮਾਤਾ ਦੱਸਿਆ ਸੀ। ਸਿੱਧੂ ਨੇ ਅਕਾਲੀ-ਭਾਜਪਾ ਸਰਕਾਰ ਦੇ ਸਮੇਂ ਪਾਸ ਕੀਤੇ ਗਏ ਕਾਂਟਰੈਕਟ ਫਾਰਮਿੰਗ ਐਕਟ ਦੀ ਕਾਪੀ ਵੀ ਵਿਖਾਈ ਸੀ। ਉਸ ਸਮੇਂ ਦਾਅਵਾ ਕੀਤਾ ਸੀ ਕਿ ਪੰਜਾਬ ਅਤੇ ਕੇਂਦਰ ਦਾ ਐਕਟ ਬਿਲਕੁਲ ਇਕੋ ਜਿਹਾ ਹੀ ਹੈ। ਬਾਦਲਾਂ ਦੇ ਕਹਿਣ ’ਤੇ ਹੀ ਮੋਦੀ ਸਰਕਾਰ ਨੇ ਇਸ ਨੂੰ ਪੂਰੇ ਦੇਸ਼ ’ਚ ਲਾਗੂ ਕੀਤਾ।
ਇਹ ਵੀ ਪੜ੍ਹੋ: ਮਾਛੀਵਾੜਾ ਸਾਹਿਬ ਵਿਖੇ ਗੈਂਗਰੇਪ ਦੀ ਸ਼ਿਕਾਰ ਹੋਈ ਕੁੜੀ ਨੇ ਹਸਪਤਾਲ ’ਚ ਤੋੜਿਆ ਦਮ
ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ