ਮੁੱਖ ਮੰਤਰੀ ਚੰਨੀ ਨਾਲ ਮੁਲਾਕਾਤ ਤੋਂ ਪਹਿਲਾਂ ਸਿੱਧੂ ਦਾ ਧਮਾਕੇਦਾਰ ਟਵੀਟ, DGP ਸਹੋਤਾ 'ਤੇ ਚੁੱਕੇ ਸਵਾਲ
Thursday, Sep 30, 2021 - 04:25 PM (IST)
ਜਲੰਧਰ/ਚੰਡੀਗੜ੍ਹ— ਪੰਜਾਬ ਦੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨਾਲ ਮੁਲਾਕਾਤ ਕਰਨ ਤੋਂ ਪਹਿਲਾਂ ਨਵਜੋਤ ਸਿੰਘ ਨੇ ਬੇਅਦਬੀ ਦੇ ਮਾਮਲੇ ਨੂੰ ਲੈ ਕੇ ਇਕ ਵਾਰ ਫਿਰ ਧਮਾਕੇਦਾਰ ਟਵੀਟ ਕੀਤਾ ਹੈ ਅਤੇ ਡੀ. ਜੀ. ਪੀ. ਇਕਬਾਲਪ੍ਰੀਤ ਸਿੰਘ ਸਹੋਤਾ ’ਤੇ ਸਵਾਲ ਚੁੱਕੇ ਹਨ। ਪੰਜਾਬ ਸਰਕਾਰ ਵੱਲੋਂ ਨਵੇਂ ਲਾਏ ਗਏ ਡੀ. ਜੀ. ਪੀ. ’ਤੇ ਤਿੱਖਾ ਹਮਲਾ ਬੋਲਦੇ ਹੋਏ ਉਨ੍ਹਾਂ ਕਿਹਾ ਕਿ ਡੀ. ਜੀ. ਪੀ. ਸਹੋਤਾ ਬਾਦਲਾਂ ਦੀ ਸਰਕਾਰ ਵੇਲੇ 2015 ’ਚ ਹੋਈ ਬੇਅਦਬੀ ਮਾਮਲੇ ਦੀ ਜਾਂਚ ਕਰ ਰਹੀ ਐੱਸ. ਆਈ. ਟੀ. ਦੇ ਮੁਖੀ ਸਨ।
ਉਨ੍ਹਾਂ ਕਿਹਾ ਕਿ ਸਹੋਤਾ ਨੇ ਗਲਤ ਤਰੀਕੇ ਨਾਲ ਦੋ ਸਿੱਖ ਨੌਜਵਾਨਾਂ ਨੂੰ ਬੇਅਦਬੀ ਲਈ ਦੋਸ਼ੀ ਠਹਿਰਾਇਆ ਅਤੇ ਆਈ. ਪੀ. ਐੱਸ. ਸਹੋਤਾ ਨੇ ਬਾਦਲਾਂ ਨੂੰ ਕਲੀਨ ਚਿੱਟ ਦੇ ਦਿੱਤੀ। 2018 ’ਚ ਉਨ੍ਹਾਂ ਨੇ ਕਾਂਗਰਸ ਦੇ ਮੰਤਰੀਆਂ, ਤਤਕਾਲੀ ਪੀ. ਸੀ. ਸੀ. ਪ੍ਰਧਾਨ ਸੁਨੀਲ ਜਾਖੜ ਅਤੇ ਮੌਜੂਦਾ ਗ੍ਰਹਿ ਮੰਤਰੀ ਰੰਧਾਵਾ ਨੇ ਦੋਹਾਂ ਨੌਜਵਾਨਾਂ ਨੂੰ ਇਨਸਾਫ਼ ਦੀ ਲੜਾਈ ’ਚ ਸਾਥ ਦੇਣ ਦਾ ਭਰੋਸਾ ਦਿੱਤਾ ਸੀ। ਸਿੱਧੂ ਵੱਲੋਂ ਕੀਤੇ ਗਏ ਟਵੀਟ ਨੂੰ ਵੇਖ ਕੇ ਲੱਗਦਾ ਹੈ ਕਿ ਨਵਜੋਤ ਸਿੰਘ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨਾਲ ਮੁਲਾਕਾਤ ਕਰਨ ਜ਼ਰੂਰ ਜਾ ਰਹੇ ਹਨ ਪਰ ਅਜੇ ਤੱਕ ਉਨ੍ਹਾਂ ਨੇ ਆਪਣਾ ਰੁਖ ਨਰਮ ਨਹੀਂ ਕੀਤਾ ਹੈ।
ਇਹ ਵੀ ਪੜ੍ਹੋ : ਕੀ ਮੰਨ ਗਏ ਨਵਜੋਤ ਸਿੰਘ ਸਿੱਧੂ? ਮੁੱਖ ਮੰਤਰੀ ਚੰਨੀ ਨਾਲ ਅੱਜ ਕਰਨਗੇ ਮੁਲਾਕਾਤ
ਜ਼ਿਕਰਯੋਗ ਹੈ ਕਿ ਨਵਜੋਤ ਸਿੰਘ ਸਿੱਧੂ ਨੇ 28 ਸਤੰਬਰ ਨੂੰ ਪੰਜਾਬ ਕਾਂਗਰਸ ਦੀ ਪ੍ਰਧਾਨਗੀ ਦੇ ਅਹੁਦੇ ਤੋਂ ਅਸਤੀਫ਼ਾ ਦੇ ਕੇ ਮੁੜ ਕਾਂਗਰਸ ’ਚ ਭੂਚਾਲ ਲਿਆ ਦਿੱਤਾ ਹੈ। ਸਿੱਧੂ ਨੇ ਆਪਣਾ ਅਸਤੀਫ਼ਾ ਸਿੱਧਾ ਸੋਨੀਆ ਗਾਂਧੀ ਨੂੰ ਭੇਜਿਆ ਹੈ, ਜਿਸ ਨੂੰ ਹਾਈਕਮਾਨ ਵੱਲੋਂ ਨਾ ਮਨਜ਼ੂਰ ਕੀਤਾ ਗਿਆ ਹੈ। ਉਸੇ ਦਿਨ ਤੋਂ ਹੀ ਕੈਬਨਿਟ ਮੰਤਰੀਆਂ ਸਮੇਤ ਕਈ ਸੀਨੀਅਰ ਆਗੂਆਂ ਵੱਲੋਂ ਸਿੱਧੂ ਨੂੰ ਮਨਾਉਣ ਦੀਆਂ ਕੋਸ਼ਿਸ਼ਾਂ ਲਗਾਤਾਰ ਜਾਰੀ ਹਨ। ਬੀਤੇ ਦਿਨ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਵੱਲੋਂ ਵੀ ਸਿੱਧੂ ਨਾਲ ਫੋਨ ’ਤੇ ਗੱਲਬਾਤ ਕੀਤੀ ਗਈ ਸੀ, ਜਿਸ ਤੋਂ ਬਾਅਦ ਚੰਨੀ ਨੇ ਕਿਹਾ ਸੀ ਕਿ ਜਲਦ ਮੁਲਾਕਾਤ ਕਰਕੇ ਮਸਲੇ ਨੂੰ ਸੁਲਝਾ ਲਿਆ ਜਾਵੇਗਾ ਅਤੇ ਸਿੱਧੂ ਨੇ ਵੀ 2 ਦਿਨ ਦਾ ਇੰਤਜ਼ਾਰ ਕਰਨ ਦੀ ਗੱਲ ਕਹੀ ਸੀ।
ਇਹ ਵੀ ਪੜ੍ਹੋ : ਪੰਜਾਬ ਸਰਕਾਰ ਦਾ ਵੱਡਾ ਫ਼ੈਸਲਾ: ਰਵੀਨ ਠੁਕਰਾਲ ਸਣੇ ਕੈਪਟਨ ਦੇ ਇਨ੍ਹਾਂ ਨਜ਼ਦੀਕੀਆਂ ਦੀ ਸਕਿਓਰਿਟੀ ਲਈ ਵਾਪਸ
ਕਿਉਂ ਦਿੱਤਾ ਨਵਜੋਤ ਸਿੱਧੂ ਨੇ ਅਸਤੀਫ਼ਾ
ਚਰਨਜੀਤ ਚੰਨੀ ਦੇ ਮੰਤਰੀ ਮੰਡਲ ’ਚ ਵਿਭਾਗਾਂ ਦੀ ਵੰਡ ਕਾਰਨ ਨਾਰਾਜ਼ਗੀ
ਸਿੱਧੂ ਦੀ ਮੰਗ ਅਨੁਸਾਰ ਅਫ਼ਸਰਾਂ ਦੀ ਨਹੀਂ ਹੋਈ ਤਾਇਨਾਤੀ
ਅਟਾਰਨੀ ਜਨਰਲ ਏ. ਪੀ. ਐੱਸ. ਦਿਓਲ ਦੀ ਤਾਇਨਾਤੀ ਤੋਂ ਨਾਰਾਜ਼
ਅਰੁਣਾ ਚੌਧਰੀ ਨੂੰ ਮੰਤਰੀ ਅਹੁਦਾ ਦੇਣ ਤੋਂ ਨਾਰਾਜ਼ ਸਨ ਸਿੱਧੂ
ਰਾਣਾ ਗੁਰਜੀਤ ਸਿੰਘ ਨੂੰ ਮੰਤਰੀ ਮੰਡਲ ’ਚ ਲੈਣ ਤੋਂ ਸਨ ਨਾਰਾਜ਼
ਸੁਖਜਿੰਦਰ ਰੰਧਾਵਾ ਨੂੰ ਗ੍ਰਹਿ ਮੰਤਰਾਲਾ ਦੇਣ ਦੇ ਪੱਖ ਵਿਚ ਨਹੀਂ ਸਨ ਸਿੱਧੂ
ਡੀ. ਜੀ. ਪੀ. ਅਤੇ ਆਈ. ਜੀ. ਅਹੁਦੇ ’ਤੇ ਆਪਣੇ ਲੋਕਾਂ ਦੀ ਤਾਇਨਾਤੀ ਚਾਹੁੰਦੇ ਸਨ ਸਿੱਧੂ
ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ