ਲਸ਼ਕਰੀ ਖਾਨ ਸਰਾਏ ਕੀਤੀ ਜਾਵੇਗੀ ਵਿਸ਼ਵ ਪੱਧਰੀ ਵਿਆਹ ਸਥਾਨ ਵਜੋਂ ਵਿਕਸਿਤ : ਸਿੱਧੂ
Saturday, Jun 16, 2018 - 04:39 AM (IST)

ਖੰਨਾ(ਸੁਖਵਿੰਦਰ ਕੌਰ, ਬਿਪਨ)-ਪੰਜਾਬ ਸਰਕਾਰ ਦੇ ਸੈਰ-ਸਪਾਟਾ ਤੇ ਸੱਭਿਆਚਾਰਕ ਮਾਮਲਿਆਂ ਬਾਰੇ ਵਿਭਾਗ ਦੇ ਕੈਬਨਿਟ ਮੰਤਰੀ ਨਵਜੋਤ ਸਿੰਘ ਸਿੱਧੂ ਨੇ ਐਲਾਨ ਕੀਤਾ ਹੈ ਕਿ ਸੂਬੇ ਵਿੱਚ ਸੈਰ-ਸਪਾਟੇ ਨੂੰ ਉਤਸ਼ਾਹਿਤ ਕਰਨ ਲਈ ਮੁਗਲ ਕਾਲ ਨਾਲ ਸਬੰਧਿਤ ਇਤਿਹਾਸਕ ਲਸ਼ਕਰੀ ਖਾਨ ਸਰਾਏ (ਗੁਰਦੁਆਰਾ ਮੰਜੀ ਸਾਹਿਬ ਕੋਟਾਂ ਦੇ ਪਿੱਛੇ) ਨੂੰ ਵਿਸ਼ਵ ਪੱਧਰੀ ਵਿਆਹ ਸਥਾਨ ਵਜੋਂ ਵਿਕਸਿਤ ਕੀਤਾ ਜਾਵੇਗਾ। ਇਸ ਸਰਾਏ ਦੀ ਮੁਕੰਮਲ ਕਾਇਆ ਕਲਪ ਕਰਨ ਲਈ ਪੰਜਾਬ ਸਰਕਾਰ ਵੱਲੋਂ ਇੱਥੇ 20 ਕਰੋੜ ਰੁਪਏ ਖਰਚੇ ਜਾਣਗੇ। ਅੱਜ ਸੈਰ-ਸਪਾਟਾ ਅਤੇ ਸੱਭਿਆਚਾਰ ਵਿਭਾਗ ਦੇ ਉੱਚ ਅਧਿਕਾਰੀਆਂ ਨੂੰ ਨਾਲ ਲੈ ਕੇ ਇਸ ਸਥਾਨ ਦਾ ਜਾਇਜ਼ਾ ਲੈਣ ਪੁੱਜੇ ਨਵਜੋਤ ਸਿੱਧੂ ਨੇ ਹੈਰਾਨੀ ਪ੍ਰਗਟ ਕੀਤੀ ਕਿ ਪੰਜਾਬ ਦੇ ਬੇਸ਼ਕੀਮਤੀ ਇਤਿਹਾਸ ਦੀ ਜਿਉਂਦੀ ਜਾਗਦੀ ਉਦਾਹਰਣ ਨੂੰ ਪਿਛਲੀ ਅਕਾਲੀ-ਭਾਜਪਾ ਗਠਜੋੜ ਸਰਕਾਰ ਨੇ ਕਿਵੇਂ ਅੱਖੋਂ-ਪਰੋਖੇ ਕਰੀ ਰੱਖਿਆ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਇਸ ਸਥਾਨ ਦੀ ਇਤਿਹਾਸਕਤਾ ਨੂੰ ਮੁੜ ਸੁਰਜੀਤ ਕਰਨ ਲਈ ਵਿਸ਼ਵ ਪੱਧਰੀ ਸਲਾਹਕਾਰ ਫਰਮਾਂ ਨਾਈਟ ਫਰੈਂਕ ਅਤੇ ਆਭਾ ਨਰਾਇਣ ਲਾਂਬਾ ਐਸੋਸੀਏਟਸ ਨੂੰ ਜਿੰਮਾ ਸੌਂਪਿਆ ਗਿਆ ਹੈ। ਉਨ੍ਹਾਂ ਕਿਹਾ ਕਿ ਅਗਲੇ ਡੇਢ ਸਾਲ 'ਚ ਇਸ ਸਥਾਨ ਦੀ ਮੁਕੰਮਲ ਮੁਰੰਮਤ ਕਰਨ ਦੇ ਨਾਲ ਇਥੇ ਹਰ ਤਰ੍ਹਾਂ ਦੀ ਸਹੂਲਤ ਮੁਹੱਈਆ ਕਰਾਈ ਜਾਵੇਗੀ, ਜਿੱਥੇ ਕਿ ਲੋਕ ਆਪਣੇ ਜਾਂ ਆਪਣੇ ਪਰਿਵਾਰ ਵਾਲਿਆਂ ਦੇ ਵਿਆਹ ਕਰਨ ਲਈ ਜਾਂ ਹੋਰ ਸਮਾਗਮ ਕਰਨ ਲਈ ਪਹੁੰਚਿਆ ਕਰਨਗੇ। ਇਸ ਸਥਾਨ 'ਤੇ ਮੁਗਲਈ ਭਵਨ ਨਿਰਮਾਣ ਕਲਾ ਤਹਿਤ ਸ਼ਾਨਦਾਰ ਰੇਸਤਰਾਂ, ਰੰਗ-ਬਿਰੰਗੀਆਂ ਲਾਈਟਾਂ, ਲੈਂਡ ਸਕੇਪਿੰਗ, ਟੈਂਟ ਨੁਮਾ ਛੋਟੀਆਂ ਰਿਹਾਇਸ਼ਾਂ ਅਤੇ ਹੋਰ ਬੁਨਿਆਦੀ ਸਹੂਲਤਾਂ ਤਿਆਰ ਕੀਤੀਆਂ ਜਾਣਗੀਆਂ। ਉਨ੍ਹਾਂ ਕਿਹਾ ਕਿ ਇਸ ਸਥਾਨ ਨੂੰ ਲੁਧਿਆਣਾ-ਦਿੱਲੀ ਰਾਸ਼ਟਰੀ ਰਾਜ ਮਾਰਗ ਤੋਂ ਆਉਣ ਵਾਲੀ ਪਹੁੰਚ ਸੜਕ ਨੂੰ ਚੌੜਾ ਕਰਨ ਲਈ ਜਗ੍ਹਾ ਅਧਿਗ੍ਰਹਿਣ (ਇਕਵਾਇਰ) ਕਰਨ ਦੀ ਲੋੜ ਪਵੇਗੀ, ਜਿਸ ਲਈ ਜ਼ਿਲਾ ਪ੍ਰਸ਼ਾਸਨ ਨੂੰ ਲਿਖਿਆ ਜਾਵੇਗਾ। ਇਸ ਸੰਬੰਧੀ ਉਨ੍ਹਾਂ ਮੌਕੇ 'ਤੇ ਹਾਜ਼ਰ ਐੱਸ. ਡੀ. ਐੱਮ. ਖੰਨਾ ਸੰਦੀਪ ਸਿੰਘ ਗਾੜ੍ਹਾ ਨੂੰ ਮੁਕੰਮਲ ਰਿਪੋਰਟ ਤਿਆਰ ਕਰਕੇ ਭੇਜਣ ਲਈ ਕਿਹਾ। ਇਸ ਮੌਕੇ ਉਨ੍ਹਾਂ ਨਾਲ ਸੈਰ-ਸਪਾਟਾ ਵਿਭਾਗ ਦੇ ਸਕੱਤਰ ਵਿਕਾਸ ਪ੍ਰਤਾਪ ਸਿੰਘ, ਨਿਰਦੇਸ਼ਕ ਸ਼ਿਵ ਦੁਲਾਰ ਸਿੰਘ ਢਿੱਲੋਂ, ਐੱਸ. ਪੀ. (ਐੱਚ.) ਬਲਵਿੰਦਰ ਸਿੰਘ ਭੀਖੀ, ਡੀ. ਐੱਸ. ਪੀ. ਖੰਨਾ ਜਗਵਿੰਦਰ ਸਿੰਘ ਚੀਮਾ ਅਤੇ ਹੋਰ ਅਧਿਕਾਰੀ ਵੀ ਹਾਜ਼ਰ ਸਨ।