ਬਿਜਲੀ ਮੁੱਦੇ ''ਤੇ ਟਵੀਟਾਂ ਦੀ ਝੜੀ ਲਾਉਣ ਵਾਲੇ ''ਨਵਜੋਤ ਸਿੱਧੂ'' ''ਤੇ ਪਾਵਰਕਾਮ ਦਾ ਖ਼ੁਲਾਸਾ, ਨਹੀਂ ਭਰਿਆ ਲੱਖਾਂ ਦਾ ਬਿੱਲ
Saturday, Jul 03, 2021 - 12:16 PM (IST)
ਚੰਡੀਗੜ੍ਹ : ਪੰਜਾਬ 'ਚ ਬਿਜਲੀ ਸੰਕਟ ਨੂੰ ਲੈ ਕੇ ਬੀਤੇ ਦਿਨ ਟਵੀਟਾਂ ਦੀ ਝੜੀ ਲਾਉਣ ਵਾਲੇ ਸਾਬਕਾ ਮੰਤਰੀ ਨਵਜੋਤ ਸਿੰਘ ਸਿੱਧੂ ਬਾਰੇ ਪਾਵਰਕਾਮ ਨੇ ਵੱਡਾ ਖ਼ੁਲਾਸਾ ਕੀਤਾ ਹੈ। ਨਵਜੋਤ ਸਿੰਘ ਸਿੱਧੂ ’ਤੇ ਇਲਜ਼ਾਮ ਹੈ ਕਿ ਉਨ੍ਹਾਂ ਨੇ ਅੱਠ ਮਹੀਨਿਆਂ ਤੋਂ ਬਿਜਲੀ ਦਾ ਬਿੱਲ ਨਹੀਂ ਭਰਿਆ ਹੈ। ਇਸੇ ਕਾਰਨ ਬਿਜਲੀ ਵਿਭਾਗ ਵੱਲ ਨਵਜੋਤ ਸਿੱਧੂ ਦਾ 8.67 ਲੱਖ ਰੁਪਿਆ ਬਕਾਇਆ ਹੈ। ਪਾਵਰਕਾਮ ਮੁਤਾਬਕ ਉਕਤ ਬਿੱਲ ਦੇ ਭੁਗਤਾਨ ਦੀ ਆਖ਼ਰੀ ਤਾਰੀਖ਼ 2 ਜੁਲਾਈ ਸੀ, ਜਦੋਂ ਕਿ ਬੀਤੀ ਸ਼ਾਮ ਤੱਕ ਬਿੱਲ ਅਦਾ ਨਹੀਂ ਹੋਇਆ ਸੀ।
ਇਹ ਵੀ ਪੜ੍ਹੋ : ਜਲੰਧਰ ਦੀ ਸਿਆਸਤ 'ਚ ਅੱਜ ਵੱਡੀ ਹਲਚਲ ਦੇ ਆਸਾਰ! 'ਸੁਖਬੀਰ' ਕਰ ਸਕਦੇ ਨੇ ਵੱਡਾ ਧਮਾਕਾ
ਵਿਭਾਗ ਮੁਤਾਬਕ ਹਾਲਾਂਕਿ ਸਿੱਧੂ ਨੇ ਮਾਰਚ ਮਹੀਨੇ ਦਾ ਬਿੱਲ ਜਾਰੀ ਹੋਣ ਮਗਰੋਂ 10 ਲੱਖ ਰੁਪਏ ਦਾ ਬਿੱਲ ਜਮ੍ਹਾਂ ਕਰਵਾਇਆ ਹੈ ਪਰ ਅਜੇ ਵੀ ਉਨ੍ਹਾਂ ਦਾ 8.67 ਲੱਖ ਰੁਪਏ ਦਾ ਬਿੱਲ ਖੜ੍ਹਾ ਹੈ। ਇਸ ਕਾਰਨ ਸਿੱਧੂ ਦੇ ਸੋਸ਼ਲ ਮੀਡੀਆ 'ਤੇ ਸਰਕਾਰ ਨੂੰ ਨਸੀਹਤ ਦੇਣ ਤੋਂ ਬਾਅਦ ਉਨ੍ਹਾਂ ਦੇ ਖ਼ੁਦ ਦੇ ਹੀ ਬਕਾਇਆ ਬਿਜਲੀ ਬਿੱਲ ਦਾ ਮਾਮਲਾ ਭਖਿਆ ਰਿਹਾ। ਇਸ ਬਿੱਲ ਨੂੰ ਲੈ ਕੇ ਸ਼ੁੱਕਰਵਾਰ ਨੂੰ ਪੂਰਾ ਦਿਨ ਸਿਆਸਤ ਗਰਮਾਈ ਰਹੀ।
ਵਿਰੋਧੀ ਦਲ ਦੇ ਆਗੂਆਂ ਨੇ ਦੋਸ਼ ਲਾਇਆ ਕਿ ਇਕ ਪਾਸੇ ਸਿੱਧੂ ਬਿਜਲੀ 'ਤੇ ਨਸੀਹਤ ਦੇ ਰਹੇ ਹਨ ਤਾਂ ਦੂਜੇ ਪਾਸੇ ਖ਼ੁਦ ਬਿਜਲੀ ਬਿੱਲ ਦਾ ਭੁਗਤਾਨ ਨਹੀਂ ਕਰਦੇ ਹਨ। ਦੱਸਣਯੋਗ ਹੈ ਕਿ ਪੰਜਾਬ ਵਿਚ ਬਿਜਲੀ ਕੱਟਾਂ ਨੂੰ ਲੈ ਕੇ ਮਚੀ ਹਾਹਾਕਾਰ ਦਰਮਿਆਨ ਨਵਜੋਤ ਸਿੰਘ ਸਿੱਧੂ ਨੇ ਬੀਤੇ ਦਿਨ ਟਵੀਟਾਂ ਦੀ ਝੜੀ ਲਾ ਦਿੱਤੀ ਸੀ। ਉਨ੍ਹਾਂ ਨੇ ਸੂਬੇ ਵਿਚ ਬਿਜਲੀ ਕਟੌਤੀ ’ਤੇ ਸਲਾਹ ਦਿੰਦਿਆਂ ਇਕ ਤੋਂ ਬਾਅਦ ਇਕ ਕਈ ਟਵੀਟ ਕੀਤੇ ਸਨ।
ਸਿੱਧੂ ਨੇ ਕਿਹਾ ਹੈ ਸੀ ਕਿ ਬਿਜਲੀ ਦੀ ਲਾਗਤ, ਕਟੌਤੀ, ਬਿਜਲੀ ਖਰੀਦ ਸਮਝੌਤੇ ਅਤੇ ਮੁਫ਼ਤ ਅਤੇ ਪੰਜਾਬ ਦੇ ਲੋਕਾਂ ਨੂੰ 24 ਘੰਟੇ ਬਿਜਲੀ ਦੀ ਸੱਚਾਈ ਕੀ ਹੈ। ਜੇ ਅਸੀਂ ਇਸ ਨੂੰ ਸਹੀ ਦਿਸ਼ਾ ਵਿਚ ਲਿਜਾਂਦੇ ਹਾਂ ਤਾਂ ਸੂਬੇ ਵਿਚ ਬਿਜਲੀ ਕੱਟ ਦੀ ਕੋਈ ਲੋੜ ਨਹੀਂ ਹੈ ਜਾਂ ਮੁੱਖ ਮੰਤਰੀ ਦਫ਼ਤਰ ਦਾ ਸਮਾਂ ਨਹੀਂ ਬਦਲਣਾ ਪਵੇਗਾ ਅਤੇ ਆਮ ਲੋਕਾਂ ਨੂੰ ਏ. ਸੀ. ਦੀ ਵਰਤੋਂ ਬਾਰੇ ਕੋਈ ਨਿਯਮ ਨਹੀਂ ਲਿਆਉਣੇ ਪੈਣਗੇ।
ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਬਾਕਸ 'ਚ ਦਿਓ ਆਪਣੀ ਰਾਏ